ਸਰਕਾਰੀ ਸਕੂਲਾਂ ਵਿੱਚ ਵੋਕੇਸ਼ਨਲ ਕੋਰਸਾਂ ਤੋਂ ਵਿਦਿਆਰਥੀਆਂ ਦਾ ਮੋਹ ਭੰਗ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 23 ਜੂਨ
ਕੇਂਦਰ ਨੇ ਨਵੀਂ ਸਿੱਖਿਆ ਨੀਤੀ ਤਹਿਤ ਦੇਸ਼ ਭਰ ਦੇ ਸਕੂਲਾਂ ਵਿਚ ਵੋਕੇਸ਼ਨਲ ਕੋਰਸ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ ਪਰ ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੇ ਸਕਿੱਲ ਕੋਰਸਾਂ ਵਿਚ ਰੁਚੀ ਨਹੀਂ ਦਿਖਾਈ। ਇਥੋਂ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਪ੍ਰਕਿਰਿਆ ਜਾਰੀ ਹੈ ਤੇ ਸਰਕਾਰੀ ਸਕੂਲਾਂ ਵਿਚ ਵੋਕੇਸ਼ਨਲ ਕੋਰਸਾਂ ਦੀਆਂ 1775 ਸੀਟਾਂ ਹਨ ਪਰ ਇਨ੍ਹਾਂ ਸੀਟਾਂ ਲਈ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 1095 ਵਿਦਿਆਰਥੀਆਂ ਜਦੋਂਕਿ ਹੋਰ ਰਾਜਾਂ ਤੇ ਯੂਟੀ ਦੇ ਪ੍ਰਾਈਵੇਟ ਸਕੂਲਾਂ ਦੇ 316 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਸ ਹਿਸਾਬ ਨਾਲ ਇਸ ਸਾਲ ਹੀ ਵੋਕੇਸ਼ਨਲ ਕੋਰਸਾਂ ਦੀਆਂ ਕਈ ਸੀਟਾਂ ਖਾਲੀ ਰਹਿਣਗੀਆਂ ਜਦੋਂਕਿ ਗਿਆਰ੍ਹਵੀਂ ਜਮਾਤ ਦੀਆਂ 42 ਸਰਕਾਰੀ ਸਕੂਲਾਂ ਵਿਚ 13,875 ਸੀਟਾਂ ਹਨ ਤੇ ਇਨ੍ਹਾਂ ਸੀਟਾਂ ਲਈ 20,161 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ।
ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਵੋਕੇਸ਼ਨਲ ਕੋਰਸਾਂ ਦੀਆਂ ਸੀਟਾਂ ਖਾਲੀ ਰਹਿੰਦੀਆਂ ਹਨ ਜਦੋਂਕਿ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਨੂੰ ਸਕਿੱਲ ਕੋਰਸਾਂ ਲਈ ਜਾਗਰੂਕ ਕਰਨ ਲਈ ਕਈ ਪ੍ਰਾਜੈਕਟ ਵੀ ਚਲਾਏ ਹਨ, ਇਸ ਦੇ ਬਾਵਜੂਦ ਵਿਦਿਆਰਥੀਆਂ ਨੇ ਵੋਕੇਸ਼ਨਲ ਕੋਰਸਾਂ ਤੋਂ ਦੂਰੀ ਬਣਾ ਕੇ ਰੱਖੀ ਹੈ। ਦੂਜੇ ਪਾਸੇ, ਸੀਬੀਐੱਸਈ ਵਲੋਂ ਵੀ ਵਿਦਿਆਰਥੀਆਂ ਨੂੰ ਸਕਿੱਲ ਕੋਰਸ ਛੇਵੀਂ ਜਮਾਤ ਤੋਂ ਸ਼ੁਰੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਦੱਸਣਾ ਬਣਦਾ ਹੈ ਕਿ ਇਸ ਵਾਰ ਸਿੱਖਿਆ ਵਿਭਾਗ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਤੋਂ ਦਸਵੀਂ ਕਰਨ ਵਾਲਿਆਂ ਲਈ ਸਰਕਾਰੀ ਸਕੂਲਾਂ ਵਿੱਚ 85 ਫ਼ੀਸਦੀ ਕੋਟਾ ਰੱਖਿਆ ਹੈ ਤੇ 15 ਫ਼ੀਸਦੀ ਸੀਟਾਂ ਦੂਜੇ ਰਾਜਾਂ ਜਾਂ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੋਂ ਪੜ੍ਹੇ ਵਿਦਿਆਰਥੀਆਂ ਦੀਆਂ ਭਰੀਆਂ ਜਾਣਗੀਆਂ।
ਇਹ ਜਾਣਕਾਰੀ ਮਿਲੀ ਹੈ ਕਿ ਇਸ ਵਾਰ ਗਿਆਰ੍ਹਵੀਂ ਜਮਾਤ ਵਿਚ 5138 ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਮਿਲੇਗਾ ਜਿਨ੍ਹਾਂ ਵਿੱਚੋਂ 4232 ਹੋਰ ਰਾਜਾਂ ਤੇ ਯੂਟੀ ਦੇ ਨਿੱਜੀ ਸਕੂਲਾਂ ਵਿਚੋਂ ਪੜ੍ਹੇ ਹਨ ਜਦੋਂਕਿ 1223 ਵਿਦਿਆਰਥੀ ਇੱਥੋਂ ਦੇ ਸਕੂਲਾਂ ਨਾਲ ਹੀ ਸਬੰਧਤ ਹਨ। ਇਸ ਕਾਰਨ ਮੁਹਾਲੀ ਤੇ ਪੰਚਕੂਲਾ ਦੇ ਵਿਦਿਆਰਥੀਆਂ ਦੇ ਇਸ ਸਾਲ ਵੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਦੁਆਰ ਬੰਦ ਹੋ ਗਏ ਹਨ। ਇਨ੍ਹਾਂ ਵਿੱਚੋਂ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਵਿਚੋਂ ਪੜ੍ਹੇ ਵਿਦਿਆਰਥੀਆਂ ਦਾ ਤਰਕ ਹੈ ਕਿ ਉਨ੍ਹਾਂ ਨੂੰ ਹਰ ਹਾਲ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਦਿੱਤੇ ਜਾਣ। ਦੂਜੇ ਪਾਸੇ, ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚੋਂ ਪੜ੍ਹੇ ਵਿਦਿਆਰਥੀਆਂ ਲਈ 85 ਫ਼ੀਸਦੀ ਕੋਟਾ ਰੱਖਿਆ ਗਿਆ ਹੈ ਤੇ ਯੋਗ ਵਿਦਿਆਰਥੀਆਂ ਦੀ ਅੰਤਿਮ ਮੈਰਿਟ ਲਿਸਟ 27 ਜੂਨ ਨੂੰ ਜਾਰੀ ਕੀਤੀ ਜਾਵੇਗੀ।