ਦੀਸ਼ੋ ਦੀ ਭਰਜਾਈ
ਦੀਸ਼ੋ ਦੀ ਭਰਜਾਈ ਪੰਜਾਬ ਤੋਂ ਸਿਡਨੀ ਤਿੰਨ ਮਹੀਨੇ ਦੇ ਸੈਲਾਨੀ ਵੀਜ਼ੇ ’ਤੇ ਆਈ ਸੀ। ਪਰਸੋਂ ਉਸ ਦਾ ਵਾਪਸ ਜਾਣ ਦਾ ਆਖਰੀ ਦਿਨ ਸੀ। ਸਿਡਨੀ ਵਿੱਚ ਰਹਿੰਦੇ ਸਮੇਂ ਉਸ ਨੂੰ ਕਾਫ਼ੀ ਕੁਝ ਚੰਗਾ ਲੱਗਾ ਤੇ ਕੁਝ ਕੁ ਚੀਜ਼ਾਂ ਮਾੜੀਆਂ ਵੀ ਮਹਿਸੂਸ ਹੋਈਆਂ।
ਦੀਸ਼ੋ ਦਾ ਉਹਨੂੰ ਹਰ ਵੀਕਐਂਡ ਗੁਰਦੁਆਰੇ ਲਿਜਾਣਾ, ਇੱਥੋਂ ਦੇ ਵਾਤਾਵਰਨ ਦੀ ਸਫ਼ਾਈ ਅਤੇ ਸਵੱਛਤਾ, ਸਮੁੰਦਰੀ ਕਿਨਾਰਿਆਂ ਅਤੇ ਸਮੁੰਦਰ ਦੀ ਸੈਰ, ਨੀਲੇ ਪਹਾੜ, ਰੇਲਾਂ, ਬੱਸਾਂ, ਕਾਰਾਂ ਅਤੇ ਸਮੁੰਦਰੀ ਜਹਾਜ਼ ਵਿੱਚ ਸੈਰ ਸਪਾਟਾ, ਰੈਸਟੋਰੈਂਟਾਂ ’ਤੇ ਭੋਜਨ, ਸੁੱਕੇ ਮੇਵੇ, ਹਰੇ ਮੇਵੇ, ਸਬਜ਼ੀਆਂ, ਜੂਸ, ਆਈਸ ਕਰੀਮਾਂ, ਸ਼ਾਪਿੰਗ ਸੈਂਟਰ, ਕੰਪਿਊਟਰ ਆਦਿ ਉਸ ਨੂੰ ਬਹੁਤ ਵਧੀਆ ਲੱਗੇ, ਪਰ ਆਪਣੇ ਬੋਝੇ ਵਿੱਚ ਪੈਸਿਆਂ ਦੀ ਘਾਟ, ਅੰਗਰੇਜ਼ੀ ਵਿੱਚ ਗੱਲਬਾਤ ਕਰਨ ਦੀ ਮੁਸ਼ਕਿਲ, ਆਪਣੇ ਜਿਹੀਆਂ ਸਹੇਲੀਆਂ ਦੀ ਘਾਟ, ਬੱਚਿਆਂ ਦਾ ਉਹਦੇ ਵਿੱਚ ਬਹੁਤਾ ਨਾ ਘੁਲਣਾ ਮਿਲਣਾ, ਦੀਸ਼ੋ ਦਾ ਉਸ ਨੂੰ ਸੀਮਿਤ ਥਾਵਾਂ ’ਤੇ ਘੁਮਾਉਣਾ, ਦੀਸ਼ੋ ਦੇ ਇਸ ਡਰ ਦੀ ਉਸ ਨੂੰ ਭਿਣਕ ਕਿ ਉਹ ਕਿਤੇ ਕੁਝ ਅਵਾ ਤਵਾ ਨਾ ਬੋਲ ਦੇਵੇ ਜਿਸ ਨਾਲ ਉਸ ਨੂੰ ਹੀਣਾ ਮਹਿਸੂਸ ਹੋਣਾ ਪਵੇ ਆਦਿ ਗੱਲਾਂ ਨੇ ਉਸ ਦੀ ਭਰਜਾਈ ਦੀ ਹਾਲਤ ਇਵੇਂ ਬਣਾ ਦਿੱਤੀ ਜਿਵੇਂ ਉਹ ਪਿੱਛੇ ਰਹਿ ਗਈਆਂ ਕੂੰਜਾਂ ਵਿੱਚੋਂ ਵਿੱਛੜ ਕੇ ਕੁਝ ਇਕੱਲੀ ਇਕੱਲੀ ਮਹਿਸੂਸ ਕਰ ਰਹੀ ਹੋਵੇ। ਬਾਕੀ ਤੁਹਾਨੂੰ ਪਤਾ ਹੀ ਏ ਕਿ ਨਣਾਨ ਭਰਜਾਈ ਦਾ ਰਿਸ਼ਤਾ ਵੈਸੇ ਵੀ ਬਹੁਤ ਸੁਖਾਵਾਂ ਨਹੀਂ ਹੁੰਦਾ। ਇਸ ਰਿਸ਼ਤੇ ਵਿੱਚ ਵੀ ਇਵੇਂ ਹੀ ਖਿੱਚੋਤਾਣ ਤੇ ਤਣਾਅ ਚੱਲਦਾ ਰਹਿੰਦਾ ਏ ਜਿਵੇਂ ਸੱਸ-ਨੂੰਹ ਤੇ ਦਰਾਣੀ-ਜਠਾਣੀ ਦੇ ਰਿਸ਼ਤੇ ਵਿੱਚ ਚੱਲਦਾ ਹੁੰਦਾ ਏ।
ਪਰਸੋਂ ਦੀਸ਼ੋ ਦੀ ਭਰਜਾਈ ਦੀ ਵਾਪਸੀ ਦੀ ਉਡਾਣ ਸੀ। ਉਸ ਤੋਂ ਇੱਕ ਦਿਨ ਪਹਿਲਾਂ ਉਹ ਸ਼ਾਪਿੰਗ ਸੈਂਟਰਾਂ ’ਤੇ ਖ਼ੂਬ ਘੁੰਮੀਆਂ ਫਿਰੀਆਂ। ਉਨ੍ਹਾਂ ਨੇ ਕਈ ਪ੍ਰਕਾਰ ਦੇ ਕੱਪੜੇ ਖ਼ਰੀਦੇ, ਪਰਸ ਖ਼ਰੀਦੇ, ਜੁੱਤੀਆਂ ਖ਼ਰੀਦੀਆਂ, ਕਾਸਮੈਟਿਕ ਦੀਆਂ ਚੀਜ਼ਾਂ ਖ਼ਰੀਦੀਆਂ, ਇੱਥੋਂ ਤੱਕ ਕਿ ਇੱਕ ਦੋ ਗਹਿਣੇ ਵੀ ਖ਼ਰੀਦੇ। ਉਹ ਇੱਕ ਦੋ ਐਸੇ ਸਟੋਰਾਂ ’ਤੇ ਵੀ ਗਈਆਂ ਜਿਨ੍ਹਾਂ ’ਤੇ ਭਾਰੀ ਸੇਲ ਲੱਗੀ ਹੋਈ ਸੀ। ਇਸ ਆਖਿਰੀ ਸ਼ੌਪਿੰਗ ਵੇਲੇ ਦੀਸ਼ੋ ਨੇ ਇਸ ਗੱਲ ਦੀ ਉੱਕੀ ਪਰਵਾਹ ਨਹੀਂ ਕੀਤੀ ਕਿ ਇਹ ਸਟੋਰ ਘਰ ਤੋਂ ਕੁਝ ਦੂਰ ਸਨ। ਅਸੀਂ ਜਾਣਦੇ ਹਾਂ ਕਿ ਸੇਲ ਦੇ ਨਾਂ ’ਤੇ ਜਨਾਨੀਆਂ ਚਾਮ੍ਹਲ ਜਾਂਦੀਆਂ ਹਨ- ਨਾ ਉਹ ਦੂਰੀ ਦੇਖਦੀਆਂ ਹਨ, ਨਾ ਖ਼ਰਚਾ ਤੇ ਨਾ ਉਨ੍ਹਾਂ ਨੂੰ ਥਕਾਵਟ ਹੁੰਦੀ ਏ। ਕਈ ਵਾਰ ਇੰਜ ਵੀ ਹੁੰਦਾ ਹੈ ਕਿ ਸਟੋਰਾਂ ਦੇ ਬੰਦ ਹੋਣ ਦਾ ਸਮਾਂ ਹੋ ਜਾਂਦਾ ਹੈ, ਪ੍ਰੰਤੂ ਉਨ੍ਹਾਂ ਦੀ ਖ਼ਰੀਦੋ ਫ਼ਰੋਖਤ ਅਜੇ ਖ਼ਤਮ ਨਹੀਂ ਹੋਈ ਹੁੰਦੀ। ਇਸ ਪ੍ਰਕਾਰ ਦੀ ਖ਼ਰੀਦੋ ਫ਼ਰੋਖਤ ਵੇਲੇ ਅਕਸਰ ਟਾਟ ਦੀਆਂ ਜੁਲੀਆਂ ਨੂੰ ਵੀ ਰੇਸ਼ਮ ਦੇ ਬਖੀਏ ਲੱਗ ਜਾਂਦੇ ਹਨ। ਭਾਵੇਂ ਬਹੁਤੀ ਹਿੰਮਤ ਨਾ ਹੋਵੇ ਫਿਰ ਵੀ ਦਿਖਾਵੇ ਦੇ ਤੌਰ ’ਤੇ ਕੁਝ ਨਾ ਕੁਝ ਵਾਧੂ ਖ਼ਰੀਦ ਲਿਆ ਜਾਂਦਾ ਹੈ। ਹਾਂ ਭਾਰੀਆਂ ਚੀਜ਼ਾਂ ਖ਼ਰੀਦਣ ਤੋਂ ਇਸ ਲਈ ਗੁਰੇਜ਼ ਕੀਤਾ ਜਾਂਦਾ ਹੈ ਕਿਉਂਕਿ ਜਹਾਜ਼ ਵਿੱਚ ਅਸੀਂ ਬਹੁਤਾ ਭਾਰ ਲਿਜਾ ਨਹੀਂ ਸਕਦੇ। ਭਰਜਾਈ ਨੂੰ ਪਤਾ ਸੀ ਕਿ ਉਹ 30 ਕਿਲੋ ਤੋਂ ਵੱਧ ਭਾਰ ਨਹੀਂ ਲਿਜਾ ਸਕਦੀ ਸੀ।
ਭਰਜਾਈ ਨੂੰ ਢਾਰਸ ਦਿੰਦੀ ਹੋਈ ਦੀਸ਼ੋ ਕਹਿਣ ਲਗੀ- ‘ਭਰਜਾਈ, ਭਾਰ ਤੁਲਵਾਉਣ ਵੇਲੇ ਦੋ ਤਿੰਨ ਆਈਟਮਾਂ ਬੈਗ ’ਚੋਂ ਬਾਹਰ ਕੱਢ ਕੇ ਆਪਣੇ ਮੋਢੇ ’ਤੇ ਜਾਂ ਬਾਹਾਂ ’ਤੇ ਰੱਖ ਲਈਦੀਆਂ ਹੁੰਦੀਆਂ ਨੇ, ਇੱਕ ਅੱਧ ਜੈਕਟ ਜਾਂ ਜਰਸੀ ਪਹਿਨ ਲਈਦੀ ਹੁੰਦੀ ਏ। ਜਦ ਭਾਰ ਤੋਲ ਹੋ ਗਿਆ ਤਾਂ ਇਹੀ ਕੁਝ ਮੁੜ ਆਪਣੇ ਹਥਲੇ ਬੈਗ ਵਿੱਚ ਤੁੰਨ ਦੇਈਦਾ ਹੁੰਦਾ ਏ।’
ਭਰਜਾਈ ਨੇ ਆਪ ਕੀ ਕੁਝ ਖ਼ਰੀਦਿਆ ਇਸ ਦਾ ਦੀਸ਼ੋ ਨੂੰ ਪੂਰਾ ਪੂਰਾ ਪਤਾ ਨਹੀਂ ਸੀ। ਉਹ ਭਾਵੇਂ ਘੱਟ ਪੜ੍ਹੀ ਲਿਖੀ ਸੀ ਫਿਰ ਵੀ ਉਹ ਖ਼ਰੀਦੋ ਫ਼ਰੋਖਤ ਸਮੇਂ ਵੱਡੇ ਵੱਡੇ ਸਟੋਰਾਂ ਵਿੱਚ ਖ਼ੁਦ ਇਕੱਲੀ ਚੱਕਰ ਮਾਰ ਕੇ ਚੰਗੇ ਤੋਂ ਚੰਗਾ ਸਾਮਾਨ ਲੱਭ ਲੈਂਦੀ ਸੀ ਤੇ ਕਾਊਂਟਰ ’ਤੇ ਖੜ੍ਹੀ ਗੋਰੀ ਕੁੜੀ ਨਾਲ ਗਿਟ ਮਿਟ ਕਰਕੇ ਉਸ ਸਾਮਾਨ ਦੀ ਪੇਮੈਂਟ ਵੀ ਕਰ ਦਿੰਦੀ ਸੀ। ਇੰਜ ਲੱਗਦਾ ਸੀ ਜਿਵੇਂ ਉਹ ਕੁਝ ਚੀਜ਼ਾਂ ਦੀਸ਼ੋ ਦੀ ਹਾਜ਼ਰੀ ਵਿੱਚ ਨਹੀਂ ਸੀ ਖ਼ਰੀਦਣਾ ਚਾਹੁੰਦੀ। ਸ਼ਰੀਕਣੀਆਂ ਵਿੱਚ ਕਈ ਪ੍ਰਕਾਰ ਦੇ ਨਿੱਕੇ ਮੋਟੇ ਓਹਲੇ ਵੀ ਤਾਂ ਹੁੰਦੇ ਹੀ ਨੇ। ਇਸ ਪ੍ਰਕਾਰ ਕੁਝ ਆਈਟਮਾਂ ਦੇ ਪੈਸਿਆਂ ਦਾ ਭੁਗਤਾਨ ਉਹਨੇ ਦੀਸ਼ੋ ਦੀ ਹਾਜ਼ਰੀ ਵਿੱਚ ਕੀਤਾ ਤੇ ਕੁਝ ਦਾ ਭੁਗਤਾਨ ਉਹ ਖ਼ੁਦ ਇਕੱਲੀ ਕਰ ਆਈ। ਆਖਰੀ ਦਿਨ ਇਹ ਬਹੁਤਾ ਸਾਮਾਨ ਪੈਨਰਿਥ ਦੇ ਮਾਇਰ ਅਤੇ ਟਾਰਗੈੱਟ ਸਟੋਰਾਂ ਤੋਂ ਖ਼ਰੀਦਿਆ ਗਿਆ। ਸ਼ਾਪਿੰਗ ਕਰਕੇ ਦੋਵੇਂ ਜਣੀਆਂ ਆਪਣੇ ਘਰ ਸੈਵਨ ਹਿਲਜ਼ ਆ ਗਈਆਂ।
ਭਰਜਾਈ ਦੀ ਇਹ ਸਿਡਨੀ ਵਿੱਚ ਆਖਰੀ ਰਾਤ ਸੀ। ਸਵੇਰੇ ਦਸ ਵਜੇ ਉਸ ਦੀ ਸਿਡਨੀ ਦੇ ਹਵਾਈ ਅੱਡੇ ਤੋਂ ਸਿੰਘਾਪੁਰ ਜਾਣ ਲਈ ਉਡਾਣ ਸੀ। ਇਸ ਆਖਰੀ ਰਾਤ ਨੂੰ ਉਹਨੂੰ ਇੱਥੇ ਬਿਤਾਇਆ ਸਮਾਂ ਯਾਦ ਆ ਰਿਹਾ ਸੀ। ਤਿੰਨ ਮਹੀਨੇ ਸੋਹਣੇ ਗੁਜ਼ਰ ਗਏ, ਕਦੀ ਕਦੀ ਮਨ ਉਦਾਸ ਵੀ ਹੋਇਆ, ਪਰ ਸਮਾਂ ਤਾਂ ਪੂਰਾ ਕਰਨਾ ਹੀ ਸੀ। ਦੀਸ਼ੋ ਬਹੁਤ ਡਾਹਡੀ ਏ, ਨਿਰੀ ਕੁੱਤੇ ਦੀ ਪੂਛ, ਇਹਨੇ ਉਹ ਕੁਝ ਨਹੀਂ ਕੀਤਾ ਜੋ ਇਹਨੂੰ ਕਰਨਾ ਚਾਹੀਦਾ ਸੀ। ਭਲਾ ਬਾਹਰਲਿਆਂ ਨੂੰ ਕੀ ਫ਼ਰਕ ਪੈਂਦੈ? ਕਿਰਾਇਆ ਵੀ ਮਸਾਂ ਹੀ ਪੂਰਾ ਹੋਇਆ ਏ। ਬਾਹਰੋਂ ਤਾਂ ਬੰਦੇ ਨੂੰ ਮਾਲਾ ਮਾਲ ਹੋ ਕੇ ਜਾਣਾ ਚਾਹੀਦਾ ਏ। ਜੇ ਦੀਸ਼ੋ ਥੋੜ੍ਹਾ ਜਿਹਾ ਹੋਰ ਕਰ ਦਿੰਦੀ ਤਾਂ ਉੱਥੇ ਸ਼ਰੀਕਣੀਆਂ ਵਿੱਚ ਇਹਦੀ ਬੱਲੇ ਬੱਲੇ ਹੋ ਜਾਣੀ ਸੀ। ਜਿਹੜੀਆਂ ਚੀਜ਼ਾਂ ਵਸਤਾਂ ਉੱਥੇ ਹਜ਼ਾਰਾਂ ਦੀਆਂ ਆਉਂਦੀਆਂ ਹਨ, ਉਹ ਇੱਥੇ ਟਕਿਆਂ ਧੇਲਿਆਂ ਦੀਆਂ ਹੀ ਆ ਜਾਂਦੀਆਂ ਨੇ। ਫਿਰ ਵੀ ਪਤਾ ਨ੍ਹੀਂ ਇਹ ਫੁੱਟ ਪੈਣੀਆਂ ਕਿਉਂ ਹੱਥ ਘੁੱਟਦੀਆਂ ਰਹਿੰਦੀਆਂ ਨੇ। ਇਹਨੂੰ ਤਾਂ ਇਹਦੇ ਘਰਵਾਲਾ ਵੀ ਕੁਝ ਨਹੀਂ ਕਹਿੰਦਾ, ਫਿਰ ਵੀ ਸ਼ਾਪਿੰਗ ਸਮੇਂ ਹੱਥ ਘੁੱਟੀ ਗਈ। ਇਹਨੂੰ ਤਾਂ ਚਾਹੀਦਾ ਸੀ ਮੈਨੂੰ ਧੇਲਾ ਖ਼ਰਚਣ ਹੀ ਨਾ ਦਿੰਦੀ। ਸਹੁਰੀ ਚੰਦਰੀ ਦੀ ਚੰਦਰੀ ਹੀ ਰਹੀ। ਆਪਣੇ ਭਰਾ ਲਈ ਸੋਹਣੀ ਜੈਕਟ ਲੈ ਦਿੱਤੀ, ਮੈਨੂੰ ਘਟੀਆ ਜਿਹਾ ਸਾਮਾਨ ਲੈ ਦਿੱਤਾ, ਅੰਗੂਠੀ ਦੇਣ ਵਿੱਚ ਵੀ ਕੰਜੂਸੀ ਕਰ ਗਈ। ਅੱਧੇ ਤੋਲੇ ਤੋਂ ਵੀ ਘੱਟ ਦੀ ਹੋਊ। ਪਰਸ 40 ਡਾਲਰ ਦਾ ਹੋਊ, ਆਪਣੀ ਧੀ ਨੂੰ ਬਰੈਂਡਡ ਲੈ ਕੇ ਦਿੰਦੀ ਆ, ਸਾਡੇ ਲਈ ਸੇਲਾਂ, ਆਪਣਿਆਂ ਲਈ ਮਹਿੰਗੇ ਬਰੈਂਡਡ ਕੱਪੜਿਆਂ ਦੇ ਸਟੋਰ।
ਭਰਜਾਈ ਤੜਕੇ ਚਾਰ ਵਜੇ ਉੱਠ ਕੇ ਘਰ ’ਚ ਤੁਰੀ ਫਿਰੇ। ਉਡਾਣ 10:15 ’ਤੇ ਸੀ। ਵਾਪਸ ਜਾਣ ਦਾ ਲੋਹੜੇ ਦਾ ਚਾਅ! ਅਟੈਚੀ ਰਾਤ ਹੀ ਤੁਲਵਾ ਕੇ ਦੇਖ ਲਿਆ ਸੀ। ਇੱਕ ਵਾਰ ਨਹੀਂ, ਕਈ ਵਾਰੀ। ਕਿਤੇ ਵਾਧੂ ਭਾਰ ਨਾ ਹੋਵੇ। ਏਅਰ ਲਾਈਨ ਵਾਲੇ ਤਾਂ ਫੁੱਟ ਪੈਣੇ ਕਿਲੋ ਦੋ ਕਿਲੋ ਵਾਧੂ ਭਾਰ ਦੇ ਕਿੰਨੇ ਸਾਰੇ ਪੈਸੇ ਮੰਗਣ ਲੱਗ ਪੈਂਦੇ ਨੇ। ਬੈਗ ਵਿੱਚ ਦੋ ਛੋਟੇ ਛੋਟੇ ਪਰਸ ਤੁੰਨਣ ਦੀ ਗੁੰਜਾਇਸ਼ ਸੀ। ਉਹ ਵੀ ਤੁੰਨ ਲਏ। ਦੀਸ਼ੋ ਵੱਲੋਂ ਦਿੱਤੀ ਅੰਗੂਠੀ ਉਹਨੇ ਉਂਗਲ ਵਿੱਚ ਪਾ ਲਈ। ਘੜੀ ਵੱਲ ਵਾਰ ਵਾਰ ਦੇਖੀ ਜਾਵੇ। ਕਦੋਂ ਛੇ ਵੱਜਣਗੇ ਤੇ ਘਰੋਂ ਤੁਰਾਂਗੇ। ਦੀਸ਼ੋ ਨੇ ਰਾਤ ਕਿਹਾ ਸੀ ਕਿ 6 ਵਜੇ ਚੱਲਾਂਗੇ। 7 ਵਜੇ ਏਅਰਪੋਰਟ ’ਤੇ ਪਹੁੰਚ ਜਾਵਾਂਗੇ। ਗੱਡੀ ਪਾਰਕ ਕਰਕੇ ਅੰਦਰ ਜਾਵਾਂਗੇ। ਭਾਰ ਤੁਲਾ ਕੇ ਆਵਾਂਗੇ। ਘੱਟ ਪੜ੍ਹੀ ਲਿਖੀ ਭਰਜਾਈ ਨੂੰ ਅੰਦਰ ਉੱਥੋਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਹਵਾਈ ਅੱਡੇ ਦਾ ਸਟਾਫ ਆਗਿਆ ਦੇਵੇ। ਬਾਅਦ ਵਿੱਚ ਸ਼ਾਇਦ ਉਹਨੂੰ ਕੋਈ ਪੰਜਾਬੀ ਮਿਲ ਪਵੇ। ਉਸ ਤੋਂ ਪੁੱਛਦੀ ਗਿੱਛਦੀ ਉਹ ਇਮੀਗ੍ਰੇਸ਼ਨ ਕਲੀਅਰੈਂਸ ਵੀ ਕਰ ਲਊ। ਸਕਿਊਰਿਟੀ ਚੈੱਕ ਵੀ ਪਾਰ ਕਰ ਜਾਊ ਤੇ ਉਸ ਗੇਟ ’ਤੇ ਪਹੁੰਚ ਜਾਊ ਜਿੱਥੋਂ ਹਵਾਈ ਜਹਾਜ਼ ਚੱਲਣਾ ਹੈ।
ਸਿੰਘਾਪੁਰ ਜਾ ਕੇ ਤਾਂ ਪੰਜਾਬੀ ਬੋਲਣ ਵਾਲੇ ਬਥੇਰੇ ਮਿਲ ਪੈਂਦੇ ਨੇ। ਉੱਥੇ ਤਾਂ ਕੈਨੇਡਾ ਤੋਂ ਆਏ ਹੋਏ ਪੰਜਾਬੀਆਂ ਦਾ ਹੜ੍ਹ ਆਇਆ ਹੁੰਦਾ ਏ- ਕਿਤੇ ਕੋਈ ਢਾਡੀ ਜਥਾ ਬੈਠਾ ਹੁੰਦਾ ਏ, ਕਿਤੇ ਨਵ ਵਿਆਹਿਆ ਜੋੜਾ ਬੈਠਾ ਹੁੰਦਾ ਏ, ਕਿਤੇ ਬਾਬੇ ਤੇ ਮਾਈਆਂ ਬੈਠੀਆਂ ਹੁੰਦੀਆਂ ਹਨ ਤੇ ਕਿਤੇ ਕੋਈ ਹੋਰ। ਜਦ ਉਹ ਦਿੱਲੀ ਤੋਂ ਸਿਡਨੀ ਨੂੰ ਆਈ ਸੀ ਤਾਂ ਉਦੋਂ ਵੀ ਉਸ ਨੂੰ ਸਿੰਘਾਪੁਰ ਬਥੇਰੇ ਪੰਜਾਬੀ ਮਿਲ ਗਏ ਸਨ। ਉਸ ਨੇ ਉਨ੍ਹਾਂ ਪਾਸੋਂ ਆਪਣਾ ਫਾਰਮ ਵੀ ਭਰਵਾਇਆ ਸੀ। ਇੱਕ ਤੀਵੀਂ ਤਾਂ ਉਸ ਨੂੰ ਨਿਰੀ ਆਪਣੇ ਜਿਹੀ ਹੀ ਮਿਲ ਗਈ ਸੀ। ਉਮਰ ਵੀ ਓਨੀ ਕੁ ਹੀ, ਪੜ੍ਹੀ ਲਿਖੀ ਵੀ ਥੋੜ੍ਹੀ ਜਿਹੀ, ਜਹਾਜ਼ ਵਿੱਚ ਵੀ ਪਹਿਲੀ ਵਾਰ ਚੜ੍ਹੀ ਸੀ, ਰਹਿਣਾ ਵੀ ਉਹਨੇ ਆਸਟਰੇਲੀਆ ਵਿੱਚ ਤਿੰਨ ਮਹੀਨੇ ਹੀ ਸੀ- ਦੋ ਮਹੀਨੇ ਸਿਡਨੀ ਵਿੱਚ ਤੇ ਇੱਕ ਮਹੀਨਾ ਵੂਲਗੂਲਗੇ। ਉਸ ਨੇ ਭਰਜਾਈ ਨੂੰ ਆਪਣੇ ਘਰਦਿਆਂ ਦਾ ਫੋਨ ਨੰਬਰ ਵੀ ਦੇ ਦਿੱਤਾ ਸੀ।
ਕਹਿੰਦੀ ਸੀ, ‘ਕਦੀ ਕਦੀ ਫੋਨ ਕਰ ਲਿਆ ਕਰੀਂ। ਦਿਲ ਲੱਗਾ ਰਹੂ। ਸੁਖ ਦੁਖ ਸਾਂਝਾ ਕਰ ਲਿਆ ਕਰਾਂਗੇ।’ ਭਰਜਾਈ ਨੇ ਉਸ ਨੂੰ ਕਿਹਾ ਸੀ ‘ਤੂੰ ਮੁੰਡੇ ਬਹੂ ਕੋਲ ਜਾ ਰਹੀ ਏਂ। ਤੈਨੂੰ ਵੀ ਤਾਂ ਬਹੂ ਨਾਲ ਬਿਤਾਏ ਦਿਨ ਸਾਂਝੇ ਕਰਨ ਲਈ ਕੋਈ ਚਾਹੀਦਾ ਈ ਏ। ਨਾਲੇ ਬਾਲ ਬਚਾ ਹੋਣ ਵਾਲਾ ਏ। ਇਸ ਵਾਰ ਕੀ ਲੱਗਦਾ ਏ? ਕਿਤੇ ਦੂਜੀ ਵੀ ਕੁੜੀ ਹੀ ਨਾ ਹੋ ਜਾਵੇ? ਜੇ ਇੰਜ ਹੋ ਗਿਆ, ਫਿਰ ਕੀ ਕਰੋਗੇ? ਜੇ ਦੁਆਰਾ ਵਿਆਹੁਣਾ ਹੋਇਆ ਤਾਂ ਮੈਨੂੰ ਦੱਸੀਂ। ਮੇਰੀ ਭੈਣ ਦੀ ਕੁੜੀ ਦੇਖਿਆਂ ਭੁੱਖ ਲਹਿੰਦੀ ਏ। ਲੰਮੀ ਲੰਝੀ। ਐਤਕੀਂ ਈ ਬੀਏ ਪਾਸ ਕੀਤੀ ਏ। ਹੁਣ ਕੰਪਿਊਟਰ ਕੋਰਸ ਕਰ ਰਹੀ ਏ। ਗੁਆਂਢੀਆਂ ਦੀ ਦੀਪਾਂ ਤੇ ਉਹ ਇਕੱਠੀਆਂ ਕੋਰਸ ਕਰਨ ਜਾਂਦੀਆਂ ਨੇ। ਦਾਜ ਦੇਵਾਂਗੇ ਮੂੰਹ ਮੰਗਿਆ। ਬਰਾਤ ਭਾਵੇਂ ਪੰਜ ਪਿੰਡ ਲੈ ਆਵੀਂ।’ ਭਰਜਾਈ ਮਨ ਹੀ ਮਨ ਉਸ ਦੇ ਕੁੜੀ ਹੋਣ ਦੀਆਂ ਦੁਆਵਾਂ ਕਰੀ ਜਾਵੇ ਤਾਂ ਕਿ ਉਹਦੀ ਭੈਣ ਦੀ ਕੁੜੀ ਲਈ ਆਸਟਰੇਲੀਆ ਆਉਣ ਦਾ ਰਾਹ ਖੁੱਲ੍ਹ ਜਾਵੇ।
ਫਿਰ ਸੋਚਣ ਲੱਗੀ ਕਿ ਜੇ ਸਾਨੂੰ ਕੋਈ ਇੱਕ ਅੱਧਵਾਰ ਮਿਲਾ ਦੇਵੇ ਫਿਰ ਤਾਂ ਗੱਲ ਹੀ ਕੀ, ਪਰ ਕਿੱਥੇ ਮਿਲਾਉਂਦੇ ਇਹ ਦੂਜੇ ਦੇਸ਼ਾਂ ਵਿੱਚ ਰਹਿੰਦੇ ਲੋਕ। ਇਹ ਵਿਹਲ ਹੀ ਨਹੀਂ ਕੱਢਦੇ। ਜੇ ਕਹੋ ਤਾਂ ਕਹਿਣਗੇ ‘ਪੰਜਾਬ ਵਾਲੀਆਂ ਆਦਤਾਂ ਛੱਡੋ। ਤੁਸੀਂ ਤਾਂ ਤੁਰੀਆਂ ਜਾਂਦੀਆਂ ਨਾਲ ਜਾਣਾਂ ਪਛਾਣਾਂ ਕਰ ਲੈਂਦੀਆਂ ਹੋ। ਸਾਡੀ ਬੇਬੇ ਹੁੰਦੀ ਸੀ ਜੇ ਘਰ ਮੋਚੀ ਵੀ ਆ ਜਾਵੇ ਉਸ ਤੋਂ ਵੀ ਉਸ ਦੇ ਟੱਬਰ ਬਾਰੇ ਪੁੱਛਦੀ ਰਹਿੰਦੀ ਸੀ। ਵਿਆਹ ਸਮੇਂ ਘਰ ਦਰਜ਼ੀ ਸੱਦਣਾ ਮਹੀਨੇ ਭਰ ਲਈ। ਉਸ ਨੇ ਕੱਪੜੇ ਸਿਉਂਦੇ ਰਹਿਣਾ। ਉਸ ਨੂੰ ਉਸ ਦੇ ਟੱਬਰ ਬਾਰੇ ਅਵਾ ਤਵਾ ਗੱਲਾਂ ਪੁੱਛੀ ਜਾਣੀਆਂ। ਗੁਆਂਢ ਦੀਆਂ ਕੁੜੀਆਂ ਨੇ ਘਰ ਨੁਆਰ ਬੁਣਨ ਆ ਜਾਣਾ। ਉਨ੍ਹਾਂ ਨਾਲ ਗੱਪਾਂ ਮਾਰ ਮਾਰ ਕੇ ਅੰਬਰ ਨੂੰ ਛੇਕ ਕਰ ਦੇਣੇ। ਇਹੀ ਕੁਝ ਤੁਸੀਂ ਇੱਥੇ ਆ ਕੇ ਭਾਲਦੀਆਂ ਹੋ।’
ਸਵੇਰ ਦੇ ਛੇ ਵੱਜ ਗਏ। ਭਰਜਾਈ ਘਰਦਿਆਂ ਦੇ ਜਾਗਣ ਬਾਰੇ ਚਾਰ ਵਜੇ ਦੀ ਭਿਣਕ ਲੈ ਰਹੀ ਸੀ। ਨਵੇਂ ਨਕੋਰ ਕੱਪੜੇ ਪਾ ਕੇ ਬੈਠੀ ਸੀ। ਆਵਾਜ਼ ਪੈਣ ਦੀ ਉਡੀਕ ਵਿੱਚ ਸੀ। ਆਖਰ ਦੀਸ਼ੋ ਨੇ ਪਹਿਲਾਂ ਚਾਹ ਲਈ ਆਵਾਜ਼ ਮਾਰੀ। ਭਰਜਾਈ ਉੱਠ ਕੇ ਰਸੋਈ ਵੱਲ ਚਲੀ ਗਈ। ਚਾਹ ਨਾਲ ਨਾਸ਼ਤਾ ਕੀਤਾ। ਦੀਸ਼ੋ ਦੇ ਘਰਵਾਲਾ ਜਸਵੰਤ ਵੀ ਬੈਠਾ ਨਾਸ਼ਤਾ ਕਰ ਰਿਹਾ ਸੀ। ਉਹ ਬੋਲਿਆ, ‘ਭੈਣ ਜੀ, (ਉਹ ਉਸ ਨੂੰ ਭਰਜਾਈ ਜਾਂ ਭਾਬੀ ਜੀ ਦੀ ਬਜਾਏ ਭੈਣ ਜੀ ਹੀ ਕਹਿੰਦਾ ਸੀ) ਆਪਣੇ ਕਾਗਜ਼ ਪੱਤਰ ਚੈੱਕ ਕਰ ਲਓ, ਸਾਮਾਨ ਅਸੀਂ ਗੱਡੀ ਵਿੱਚ ਰੱਖ ਦਿੰਦੇ ਹਾਂ। ਪਾਸਪੋਰਟ, ਟਿਕਟ ਆਦਿ ਚੈੱਕ ਕਰਨਾ ਤੁਹਾਡਾ ਕੰਮ ਏ।’
‘ਵੀਰ ਜੀ ਸਭ ਠੀਕ ਏ। ਬਸ ਤੁਸੀਂ ਹੁਣ ਤੁਰਨ ਦੀ ਤਿਆਰੀ ਕਰੋ। ਸਾਨੂੰ ਉੱਥੇ ਤਿੰਨ ਕੁ ਘੰਟੇ ਪਹਿਲਾਂ ਤਾਂ ਪਹੁੰਚ ਹੀ ਜਾਣਾ ਚਾਹੀਦਾ ਏ। ਤੁਸੀਂ ਮੈਨੂੰ ਅੰਦਰ ਤੱਕ ਕਰਕੇ ਆਇਓ। ਸਾਨੂੰ ਇਨ੍ਹਾਂ ਦੇਸ਼ਾਂ ਵਿੱਚ ਕਾਫ਼ੀ ਕੁਝ ਪਤਾ ਹੀ ਨਹੀਂ ਲੱਗਦਾ।’’
“ਕਾਰ ਵਿੱਚ ਦੀਸ਼ੋ, ਜਸਵੰਤ ਤੇ ਉਨ੍ਹਾਂ ਦੀ ਭਰਜਾਈ ਬੈਠ ਗਏ। ਕਾਰ ਸੈਵਨ ਹਿਲਜ਼ ਤੋਂ ਏਅਰਪੋਰਟ ਵੱਲ ਚੱਲ ਪਈ। ਭਰਜਾਈ ਸਿਡਨੀ ਦੇ ਆਖਰੀ ਦਰਸ਼ਨ ਕਰ ਰਹੀ ਸੀ। ਉਹ ਸੋਚਦੀ ਸੀ ਮੁੜ ਪਤਾ ਨਹੀਂ ਕਦੇ ਆ ਹੋਣਾ ਏ ਕਿ ਨਹੀਂ। ਗੱਡੀ ਏਅਰਪੋਰਟ ’ਤੇ ਪਹੁੰਚ ਗਈ। ਕੋਸ਼ਿਸ਼ ਕਰਨ ਤੋਂ ਬਾਅਦ ਗੱਡੀ ਲਈ ਪਾਰਕਿੰਗ ਸਪੇਸ ਮਿਲੀ। ਹਵਾਈ ਅੱਡੇ ਵੱਲ ਜਾਣ ਲਈ ਲਿਫਟਾਂ ਰਾਹੀਂ ਉਤਰੇ। ਸਾਮਾਨ ਟਰਾਲੀ ’ਤੇ ਰੱਖੀਂ ਹਵਾਈ ਅੱਡੇ ਅੰਦਰ ਦਾਖਲ ਹੋ ਗਏ। ‘ਭਾਬੀ ਜੀ, ਆਪਣੀ ਟਿਕਟ ਦਿਖਾਇਓ, ਤੁਹਾਡਾ ਫਲਾਈਟ ਨੰਬਰ ਦੇਖੀਏ, ਫਿਰ ਬੋਰਡ ’ਤੇ ਪੜ੍ਹੀਏ ਕਿ ਕਿਸ ਕਾਊਂਟਰ ’ਤੇ ਤੁਹਾਡਾ ਭਾਰ ਤੋਲਿਆ ਜਾਣਾ ਏ।’ ਇਹ ਸੁਣਦੇ ਹੀ ਭਰਜਾਈ ਆਪਣਾ ਪਾਸਪੋਰਟ ਲੱਭਣ ਲੱਗ ਪਈ। ਪਰਸ ਦੀ ਇੱਕ ਪਰਤ ਫਰੋਲੀ, ਦੂਜੀ ਪਰਤ ਫਰੋਲੀ, ਤੀਜੀ ਪਰਤ ਫਰੋਲੀ ਸਾਰਾ ਪਰਸ ਫਰੋਲ ਮਾਰਿਆ। ਜਦ ਦੇਖਿਆ ਤਾਂ ਪਰਸ ਵਿੱਚ ਪਾਸਪੋਰਟ ਹੈ ਹੀ ਨਹੀਂ ਸੀ। ਸਭ ਦਾ ਰੰਗ ਫਿੱਕਾ ਪੈ ਗਿਆ। ਭਰਜਾਈ ਨੂੰ ਤਾਂ ਗਸੀ ਪੈਣ ਨੂੰ ਕਰੇ। ਬੈਗ ਵਿੱਚ ਹੱਥ ਪਾਇਆ ਉਹ ਵੀ ਫਰੋਲ ਮਾਰਿਆ। ਪਾਸਪੋਰਟ ਕਿਧਰੇ ਵੀ ਨਾ ਮਿਲਿਆ। ਖੀਰ ’ਚ ਸੁਆਹ ਪੈ ਗਈ। ਸਭ ਕੀਤੇ ਕਰਾਏ ’ਤੇ ਪਾਣੀ ਫਿਰ ਗਿਆ।
ਪੁੱਛਣ ’ਤੇ ਭਰਜਾਈ ਕਹਿਣ ਲੱਗੀ, ‘ਸ਼ਾਇਦ ਘਰ ਦੂਜੇ ਪਰਸ ਵਿੱਚ ਰਹਿ ਗਿਆ। ਉਹ ਪਰਸ ਮੈਂ ਉੱਥੇ ਹੀ ਭੁੱਲ ਆਈ। ਹੁਣ ਅਸੀਂ ਉਹ ਪਰਸ ਘਰੋਂ ਵੀ ਨਹੀਂ ਮੰਗਵਾ ਸਕਦੇ। ਘਰ ਤਾਂ ਅੱਜ ਕੋਈ ਹੈ ਹੀ ਨਹੀਂ।’
‘ਤੁਹਾਨੂੰ ਤਾਂ ਪਤਾ ਹੀ ਏ, ਲਾਡੀ ਤਾਂ ਮੈਲਬੌਰਨ ਗਿਆ ਹੋਇਆ ਏ। ਜੇ ਇੱਥੇ ਹੁੰਦਾ ਤਾਂ ਲੱਭ ਕੇ ਫੜਾ ਜਾਂਦਾ। ਅਜੇ ਉਡਾਣ ਵਿੱਚ ਤਿੰਨ ਘੰਟੇ ਰਹਿੰਦੇ ਹਨ। ਕਹੋ ਤਾਂ ਵਾਪਸ ਜਾ ਕੇ ਲੈ ਆਉਂਦੇ ਹਾਂ। ਕੀ ਤੁਹਾਨੂੰ ਯਕੀਨ ਏ ਕਿ ਪਾਸਪੋਰਟ ਘਰ ਹੀ ਰਿਹਾ ਏ? ਤੁਸੀਂ ਕਿਤੇ ਹੋਰ ਤਾਂ ਨਹੀਂ ਸੁੱਟ ਦਿੱਤਾ? ਦੋ ਤਿੰਨ ਦਿਨ ਤੋਂ ਤੁਸੀਂ ਸ਼ਾਪਿੰਗ ਲਈ ਭੱਜੀਆਂ ਫਿਰ ਰਹੀਆਂ ਸੀ। ਦੱਸੋ ਕਿਵੇਂ ਕਰੀਏ?’ ਜਸਵੰਤ ਸੋਚੀਂ ਪਿਆ ਬੋਲ ਰਿਹਾ ਸੀ।
‘ਵੀਰ ਜੀ, ਵਾਪਸ ਤਾਂ ਜਾਣਾ ਹੀ ਪੈਣਾ ਏ। ਚਲੋ ਜਾ ਕੇ ਘਰ ਦੇਖ ਲਈਏ। ਜੇ ਮਿਲ ਗਿਆ ਵਾਪਸ ਆਉਣ ਦੀ ਕੋਸ਼ਿਸ਼ ਕਰ ਲਵਾਂਗੇ। ਜੇ ਡੇਢ ਘੰਟੇ ਵਿੱਚ ਵੀ ਵਾਪਸ ਆ ਜਾਈਏ ਤਾਂ ਵੀ ਉਡਾਨ ਫੜਨ ਦੇ ਕੁਝ ਆਸਾਰ ਹੈਗੇ ਆ। ਜੇ ਘਰ ਵੀ ਨਾ ਮਿਲਿਆ ਤਾਂ ਵੱਡਾ ਮਸਲਾ ਬਣ ਸਕਦਾ ਏ।’ ਭਰਜਾਈ ਬੋਤੇ ਵਾਂਗ ਬੁੱਲ੍ਹ ਸੁੱਟ ਕੇ ਖੜ੍ਹੀ ਸੋਚੀ ਜਾ ਰਹੀ ਸੀ। ਤਿੰਨੇ ਜਾਣੇ ਵਾਪਸ ਘਰ ਵੱਲ ਚੱਲ ਪਏ। ਤੇਜ਼ੀ ਨਾਲ ਘਰ ਪਹੁੰਚੇ। ਦਰਵਾਜ਼ੇ ਦੀ ਦਹਿਲੀਜ਼ ਟੱਪਦੇ ਹੀ ਭਰਜਾਈ ਨੇ ਆਪਣੇ ਕਮਰੇ ਦੀ ਫੋਲਾ ਫਾਲੀ ਸ਼ੁਰੂ ਕਰ ਦਿੱਤੀ। ਦੂਜਾ ਪਰਸ ਦੇਖਿਆ ਤਾਂ ਪਾਸਪੋਰਟ ਉਹਦੇ ਵਿੱਚ ਵੀ ਨਹੀਂ ਸੀ। ਅਟੈਚੀ ਅਤੇ ਬੈਗ ਫੋਲ ਮਾਰੇ ਪਰ ਪਾਸਪੋਰਟ ਮਿਲਿਆ ਹੀ ਨਾ।
‘ਭੈਣ ਜੀ, ਪਹਿਲਾਂ ਤਾਂ ਪੁਲੀਸ ਰਿਪੋਰਟ ਲਿਖਵਾਉਣੀ ਪਊ। ਫਿਰ ਇੰਡੀਅਨ ਕੌਂਸਲੇਟ ਨੂੰ ਪਹੁੰਚ ਕਰਕੇ ਨਵਾਂ ਪਾਸਪੋਰਟ ਬਣਵਾਉਣਾ ਪਊ, ਇਸ ਕੰਮ ਲਈ ਕਈ ਦਿਨ ਲੱਗ ਸਕਦੇ ਨੇ। ਦੇਸ਼ ਦਾ ਕਾਨੂੰਨ ਬੜਾ ਹੀ ਸਖ਼ਤ ਏ। ਤੁਹਾਡਾ ਵੀਜ਼ਾ ਸਿਰਫ਼ ਪਰਸੋਂ ਤੱਕ ਏ। ਦੀਸ਼ੋ, ਦੱਸ ਕੀ ਕਰੀਏ?’ ਜਸਵੰਤ ਸੋਚੀਂ ਪਿਆ ਬੋਲਿਆ।।
‘ਮੇਰੀ ਮੰਨੋ ਤਾਂ ਪਹਿਲਾਂ ਉਨ੍ਹਾਂ ਸਟੋਰਾਂ ’ਤੇ ਫੋਨ ਕੀਤੇ ਜਾਣ ਜਿਨ੍ਹਾਂ ’ਤੇ ਅਸੀਂ ਕੱਲ੍ਹ ਸ਼ਾਪਿੰਗ ਕੀਤੀ ਸੀ। ਕਈ ਵਾਰ ਗੋਰੇ ਲੋਕ ਗਾਹਕਾਂ ਦੁਆਰਾ ਭੁੱਲੀ ਚੀਜ਼ ਸਾਂਭ ਕੇ ਵੀ ਰੱਖ ਲੈਂਦੇ ਨੇ। ਪਾਸਪੋਰਟ ਭਾਰਤੀ ਏ। ਉਸ ਉੱਪਰ ਸਿਡਨੀ ਦਾ ਨਾ ਕੋਈ ਫੋਨ ਨੰਬਰ ਏ ਤੇ ਨਾ ਕੋਈ ਸਿਰਨਾਵਾਂ। ਕੱਲ੍ਹ ਅਸੀਂ ਪੈਨਰਿਥ ਦੇ ਦੋ ਸਟੋਰਾਂ ’ਤੇ ਗਈਆਂ ਸਾਂ। ਇੱਕ ਟਾਰਗੈੱਟ ਤੇ ਦੂਜਾ ਮਾਇਰ। ਟਾਰਗੈੱਟ ਵਿੱਚ ਅਸੀਂ ਘੱਟ ਸਮਾਂ ਗੁਜ਼ਾਰਿਆ ਸੀ ਤੇ ਮਾਇਰ ਵਿੱਚ ਜ਼ਿਆਦਾ। ਮਾਇਰ ਵਿੱਚ ਵੱਡੀ ਸੇਲ ਲੱਗੀ ਹੋਈ ਸੀ। ਮੈਂ ਪਹਿਲਾਂ ਟਾਰਗੈੱਟ ਨੂੰ ਫੋਨ ਕਰਕੇ ਦੇਖਦੀ ਹਾਂ।’
ਦੀਸ਼ੋ ਨੇ ਟਾਰਗੈੱਟ ਨੂੰ ਫੋਨ ਕੀਤਾ। ਉੱਧਰੋਂ ਜਵਾਬ ਆਇਆ ਕਿ ਉਨ੍ਹਾਂ ਕੋਲ ਕੋਈ ਗਾਹਕ ਭਾਰਤੀ ਪਾਸਪੋਰਟ ਭੁੱਲ ਕੇ ਨਹੀਂ ਗਿਆ। ਫਿਰ ਦੀਸ਼ੋ ਨੇ ਮਾਇਰ ਨੂੰ ਫੋਨ ਮਾਰਿਆ। ਅੱਗਿਓਂ ਆਪਸ਼ਨਾਂ ਆਈ ਜਾਣ- ਲੇਡੀਜ਼ ਵੇਅਰ- ਇੱਕ ਨੰਬਰ ਦਬਾਓ, ਚਿਲਡਰਨ ਵੇਅਰ- ਦੋ ਨੰਬਰ ਦਬਾਓ, ਅਕਸੈਸਰੀਜ਼- ਤਿੰਨ ਨੰਬਰ ਦਬਾਓ। ਵਗੈਰਾ ਵਗੈਰਾ! ਪਹਿਲੀਆਂ ਚਾਰ ਆਪਸ਼ਨਾਂ ਤੋਂ ਕੋਈ ਤਸੱਲੀ ਬਖ਼ਸ਼ ਜਵਾਬ ਨਾ ਮਿਲਿਆ। ਆਖਰੀ ਅਕਸੈਸਰੀਜ਼ ’ਤੇ ਗੋਰੀ ਵਿਕਰੇਤਾ ਨਾਲ ਗੱਲ ਹੋਈ- ‘ਅਸੀਂ ਕੱਲ੍ਹ ਤੁਹਾਡੇ ਸਟੋਰ ’ਚੋਂ ਸ਼ਾਪਿੰਗ ਕੀਤੀ ਸੀ। ਪੈਸਿਆਂ ਦਾ ਭੁਗਤਾਨ ਕਰਨ ਸਮੇਂ ਅਸੀਂ ਤੁਹਾਡੇ ਕਾਊਂਟਰ ’ਤੇ ਇੱਕ ਇੰਡੀਅਨ ਪਾਸਪੋਰਟ ਛੱਡ ਗਏ ਸੀ।’
ਗੋਰੀ ਵਿਕਰੇਤਾ ਬੋਲੀ, ‘ਪਲੀਜ਼ ਲੈੱਟ ਮੀ ਹੈਵ ਏ ਲੁੱਕ।’
ਉਸ ਨੇ ਲੋਕਾਂ ਦੀਆਂ ਭੁੱਲੀਆਂ ਆਈਟਮਾਂ ’ਤੇ ਨਜ਼ਰ ਮਾਰ ਕੇ ਕਿਹਾ, ‘ਇਜ਼ ਇਟ ਡਵਿੰਡਾਜ਼ (ਦਵਿੰਦਰ ਦਾ) ਪਾਸਪੋਰਟ?’
‘ਓਹ, ਯੈੱਸ। ਥੈਂਕ ਗਾਡ। ਦਿਸ ਇਜ਼ ਦਿ ਵਨ। ਵੀ ਆਰ ਕਮਿੰਗ ਟੂ ਕਲੈਕਟ ਇਟ।’ ਦੀਸ਼ੋ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ।
ਜਦ ਗੋਰੀ ਵਿਕਰੇਤਾ ਨੇ ‘ਡਵਿੰਡਾ’ (ਦਵਿੰਦਰ) ਸ਼ਬਦ ਬੋਲਿਆ ਤਾਂ ਤਿੰਨਾਂ ਦੇ ਚਿਹਰੇ ਖਿੜ ਗਏ। ਪਾਸਪੋਰਟ ਮਿਲ ਗਿਆ ਸੀ, ਪ੍ਰੰਤੂ ਹੁਣ ਫਲਾਈਟ ਫੜਨ ਜੋਗਾ ਸਮਾਂ ਨਹੀਂ ਸੀ। ਉਸੇ ਵੇਲੇ ਤਿੰਨੇ ਜਾਣੇ ਪੈਨਰਿਥ ਨੂੰ ਚੱਲ ਪਏ। ਪਹੁੰਚ ਕੇ ਪਾਸਪੋਰਟ ਲਿਆ। ਇਸ ਦੇ ਵਿੱਚ ਹੀ ਟਿਕਟ ਸੀ। ਸਟੋਰ ਵਾਲੀ ਗੋਰੀ ਦਾ ਕੋਟਿਨ ਕੋਟਿ ਧੰਨਵਾਦ ਕੀਤਾ। ਵਾਧੂ ਪੈਸੇ ਖ਼ਰਚ ਕਰਕੇ ਦੂਜੇ ਦਿਨ ਦੀ ਟਿਕਟ ਈਮੇਲ ਰਾਹੀਂ ਪੰਜਾਬ ਤੋਂ ਉਸੇ ਏਜੰਟ ਤੋਂ ਮੰਗਵਾਈ ਜਿਸ ਤੋਂ ਪਹਿਲਾਂ ਟਿਕਟ ਲਈ ਸੀ। ਭਰਜਾਈ ਨੇ ਸਿਡਨੀ ਵਿੱਚ ਇੱਕ ਹੋਰ ਰਾਤ ਦੁਖਦਾਇਕ ਖ਼ੁਸ਼ੀ ਨਾਲ ਕੱਟੀ। ਸਵੇਰੇ ਹਵਾਈ ਅੱਡੇ ਨੂੰ ਤੁਰਨ ਵੇਲੇ ਉਸ ਨੇ ਦੋ ਵਾਰ ਆਪਣਾ ਪਾਸਪੋਰਟ ਤੇ ਟਿਕਟ ਚੈੱਕ ਕੀਤੇ। ਜਸਵੰਤ ਨੂੰ ਵੀ ਦਿਖਾਏ। ਤਿੰਨੇ ਜਣੇ ਦੁਬਾਰਾ ਸਮੇਂ ਸਿਰ ਏਅਰਪੋਰਟ ’ਤੇ ਪਹੁੰਚੇ। ਆਖਰ ਭਰਜਾਈ ਨੂੰ ਵਾਪਸ ਪੰਜਾਬ ਜਾਣ ਲਈ ਜਹਾਜ਼ ਨਸੀਬ ਹੋ ਹੀ ਗਿਆ।
ਸੰਪਰਕ: 0437641033