For the best experience, open
https://m.punjabitribuneonline.com
on your mobile browser.
Advertisement

ਢੀਂਡਸਾ ਦੀ ਅਕਾਲੀ ਦਲ ’ਚ ਵਾਪਸੀ ਤੋਂ ਨਾਰਾਜ਼ ਆਗੂਆਂ ਨੇ ਮੀਟਿੰਗ ਸੱਦੀ

07:45 AM Mar 06, 2024 IST
ਢੀਂਡਸਾ ਦੀ ਅਕਾਲੀ ਦਲ ’ਚ ਵਾਪਸੀ ਤੋਂ ਨਾਰਾਜ਼ ਆਗੂਆਂ ਨੇ ਮੀਟਿੰਗ ਸੱਦੀ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਾਰਚ
ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵੇਂ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੋ ਫਾੜ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵੇਂ ਦਾ ਵਿਰੋਧ ਕਰ ਰਹੇ ਆਗੂਆਂ ਵੱਲੋਂ ਭਲਕੇ 6 ਮਾਰਚ ਨੂੰ ਜਲੰਧਰ ਵਿੱਚ ਮੀਟਿੰਗ ਸੱਦ ਲਈ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰ ਲਈ ਹੈ ਪਰ ਇਸ ਜਥੇਬੰਦੀ ਦੇ ਕੁਝ ਆਗੂ ਇਸ ਫ਼ੈਸਲੇ ਤੋਂ ਅਸਹਿਮਤ ਹਨ। ਇਨ੍ਹਾਂ ਅਸਹਿਮਤ ਆਗੂਆਂ ਵੱਲੋਂ ਅਗਲੀ ਰਣਨੀਤੀ ਬਾਰੇ ਵਿਚਾਰ ਕਰਨ ਲਈ ਭਲਕੇ 6 ਮਾਰਚ ਨੂੰ ਜਲੰਧਰ ਵਿੱਚ ਮੀਟਿੰਗ ਸੱਦੀ ਗਈ ਹੈ। ਇਸ ਦਾ ਖੁਲਾਸਾ ਕਰਦਿਆਂ ਭਾਈ ਮੋਹਕਮ ਸਿੰਘ ਜੋ ਜਥੇਬੰਦੀ ਦੇ ਧਾਰਮਿਕ ਵਿੰਗ ਦੇ ਮੁਖੀ ਹਨ ਨੇ ਕਿਹਾ ਇੱਕ ਸਮਾਂ ਸੀ ਜਦੋਂ ਸ੍ਰੀ ਢੀਂਡਸਾ ਤੇ ਉਨ੍ਹਾਂ ਦੇ ਸਾਥੀ ਕਹਿੰਦੇ ਸਨ ਕਿ ਪੰਥ ਦੋਖੀਆਂ ਨਾਲ ਕਦੇ ਵੀ ਸ਼ਾਮਲ ਨਹੀਂ ਹੋਣਗੇ, ਪਰ ਅੱਜ ਉਨ੍ਹਾਂ ਮੁੜ ਰਲੇਵਾਂ ਕਰ ਲਿਆ ਹੈ। ਇਸ ਲਈ ਇਸ ਮਮਲੇ ਨੂੰ ਵਿਚਾਰਨ ਲਈ ਭਲਕੇ ਮੀਟਿੰਗ ਕੀਤੀ ਜਾਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਰਕਰਾਰ ਰਹੇਗਾ। ਸ੍ਰੀ ਢੀਡਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਪਾਰਟੀ ਛੱਡੀ ਹੈ ਨਾ ਕਿ ਪਾਰਟੀ ਖ਼ਤਮ ਹੋਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਜ਼ਿੰਦਾ ਰੱਖਿਆ ਜਾਵੇਗਾ ਤੇ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਇਸ ਸਬੰਧੀ ਅਗਲੀ ਰਣਨੀਤੀ ਵਿਚਾਰੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਢੀਂਡਸਾ ਨੇ ਪੁੱਤਰ ਮੋਹ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕੀਤੀ ਹੈ।

Advertisement

ਭਾਜਪਾ ਦੇ ਦਬਾਅ ਕਾਰਨ ਹੋਇਆ ਰਲੇਵਾਂ: ਬੁੱਧਰਾਮ

ਮਾਨਸਾ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਅੱਜ ਇਥੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਸੰਯੁਕਤ ਨੇ ਆਪਸੀ ਰਲੇਵਾਂ ਭਾਜਪਾ ਦੇ ਦਬਾਅ ਹੇਠ ਕੀਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਲੋਕ ਸਭਾ ਚੋਣਾਂ ਲਈ ਇਨ੍ਹਾਂ ਪਾਰਟੀਆਂ ਦਾ ਸਮਝੌਤਾ ਹੋਏ ਹੋਣ ਦੀ ਗੱਲ ਵੀ ਜੱਗਜ਼ਾਹਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਮੋਹ ਵਾਂਗ ਹੁਣ ਸੁਖਦੇਵ ਸਿੰਘ ਢੀਂਡਸਾ ਨੂੰ ਪੁੱਤਰ ਮੋਹ ਜਾਗਿਆ ਹੈ ਜਿਸ ਦਾ ਰਾਜਸੀ ਭਵਿੱਖ ਬਣਾਉਣ ਲਈ ਦੋਵੇਂ ਅਕਾਲੀ ਦਲਾਂ ਨੇ ਰਲੇਵਾਂ ਕੀਤਾ ਹੈ, ਪਰ ਇਸ ਰਲੇਵੇਂ ਦਾ ਪੰਥਕ ਧਿਰਾਂ ਤੇ ਆਮ ਵਰਕਰਾਂ ਨੂੰ ਕੋਈ ਲਾਭ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਤਕਲੀਫ਼ਾਂ ਕਾਰਨ ਸੁਖਦੇਵ ਸਿੰਘ ਢੀਂਡਸਾ ਆਪਣੇ ਵਰਕਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸਨ, ਉਹ ਮਾਮਲੇ ਤੇ ਪੰਥ ਦੀਆਂ ਤਕਲੀਫ਼ਾਂ ਹਾਲੇ ਵੀ ਬਰਕਰਾਰ ਹਨ। ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਥਿਤੀ ਡਾਂਵਾਡੋਲ ਹੋਣ ਤੇ ਪੰਜਾਬ ਦੇ ਕਿਸਾਨੀ ਅੰਦੋਲਨ ਕਾਰਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਵਿਗੜਨ ਮਗਰੋਂ ਦੋਵੇਂ ਧਿਰਾਂ ਨੂੰ ਜੋ ਡਰ ਮਹਿਸੂਸ ਹੋ ਰਿਹਾ ਹੈ, ਉਸੇ ਕਰਕੇ ਇਹ ਸਮਝੌਤਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਏਕਤਾ ਹੁਣ ਕੁੱਝ ਨਹੀਂ ਕਰ ਸਕੇਗੀ ਕਿਉਂਕਿ ਇਨ੍ਹਾਂ ਦੋਵੇਂ ਪਾਰਟੀਆਂ ਨੇ ਸੂਬੇ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ।

Advertisement
Author Image

joginder kumar

View all posts

Advertisement
Advertisement
×