‘ਆਪ’ ਸਰਕਾਰ ਦੀ ਲਾਪ੍ਰਵਾਹੀ ਨਾਲ ਬਿਮਾਰੀ ਵਧੀ: ਪ੍ਰਨੀਤ ਕੌਰ
ਪੱਤਰ ਪ੍ਰੇਰਕ
ਪਟਿਆਲਾ, 27 ਜੁਲਾਈ
ਸੀਨੀਅਰ ਭਾਜਪਾ ਆਗੂ ਪ੍ਰਨੀਤ ਕੌਰ ਅਤੇ ਜੈਇੰਦਰ ਕੌਰ ਨੇ ਪਟਿਆਲਾ ਵਿੱਚ ਵੱਧ ਰਹੀ ਪੇਚਸ ਦੀ ਮਾਰ ਨੂੰ ਲੈ ਕੇ ਸੂਬਾ ਸਰਕਾਰ ਤੇ ਨਗਰ ਨਿਗਮ ਦੀ ਸਖ਼ਤ ਨਿੰਦਾ ਕੀਤੀ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਸਥਿਤੀ ਚਿੰਤਾਜਨਕ ਹੈ, ਹੁਣ ਤੱਕ 200 ਤੋਂ ਵੱਧ ਕੇਸ ਸਾਹਮਣੇ ਆਏ ਹਨ ਅਤੇ 2 ਜਾਨਾਂ ਚਲੀਆਂ ਗਈਆਂ ਹਨ।
ਸਮੇਂ ਸਿਰ ਅਤੇ ਪ੍ਰਭਾਵੀ ਉਪਾਵਾਂ ਨਾਲ ਇਸ ਨੁਕਸਾਨ ਨੂੰ ਯਕੀਨੀ ਰੋਕਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਨਿਊ ਯਾਦਵਿੰਦਰਾ ਕਲੋਨੀ ਸਣੇ ਪਟਿਆਲਾ ਦੇ ਵਸਨੀਕਾਂ ਨੇ ਕਈ ਮਹੀਨੇ ਪਹਿਲਾਂ ਦੂਸ਼ਿਤ ਪਾਣੀ ਦੀ ਸ਼ਿਕਾਇਤ ਕੀਤੀ ਸੀ ਪਰ ਨਗਰ ਨਿਗਮ ਕਾਰਵਾਈ ਕਰਨ ਵਿੱਚ ਅਸਫਲ ਰਿਹਾ। ਪ੍ਰਨੀਤ ਕੌਰ ਨੇ ਅੱਗੇ ਕਿਹਾ, ‘‘ਐੱਮਸੀ ਨੇ ਸਿਰਫ਼ ਇਸ ਦੇ ਫੈਲਣ ਤੋਂ ਬਾਅਦ ਪਾਈਪਲਾਈਨ ਦੀ ਖ਼ੁਦਾਈ ਦਾ ਕੰਮ ਸ਼ੁਰੂ ਕੀਤਾ ਹੈ, ਜੋ ਕਿ ਮਨੁੱਖੀ ਜੀਵਨ ਪ੍ਰਤੀ ਉਨ੍ਹਾਂ ਦੀ ਅਣਦੇਖੀ ਨੂੰ ਉਜਾਗਰ ਕਰਦਾ ਹੈ। ਇਸ ਅਣਗਹਿਲੀ ਕਾਰਨ ਵਿਆਪਕ ਦੁੱਖ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਾਲੇ ਵੀ ਚੁੱਪ ਬੈਠੀ ਹੈ।’’
ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਨੇ ਕਿਹਾ,‘‘ਉਨ੍ਹਾਂ ਦੀ ਅਯੋਗਤਾ ਅਤੇ ਬੇਰੁਖ਼ੀ ਕਾਰਨ ਇਹ ਦੁਖਦਾਈ ਸਥਿਤੀ ਪੈਦਾ ਹੋਈ ਹੈ, ਉਹ ਸਾਫ਼ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੇ ਹਨ, ਜਿਸ ਨਾਲ ਜਾਨੀ ਨੁਕਸਾਨ ਹੋਇਆ ਹੈ ਅਤੇ ਇਹ ਅਪਰਾਧਿਕ ਲਾਪ੍ਰਵਾਹੀ ਹੈ।’’