ਮਿਰਚ ਉਤਪਾਦਕਾਂ ਵੱਲੋਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੀਏਯੂ ਵਿੱਚ ਪੰਜਾਬ ਫਿਰੋਜ਼ਪੁਰ ਅਤੇ ਕਪੂਰਥਲਾ ਖੇਤਰਾਂ ਵਿੱਚ ਮਿਰਚ ਉਤਪਾਦਨ ਕਰਨ ਵਾਲੇ ਕਿਸਾਨ ਇੱਕ ਵਿਸ਼ੇਸ਼ ਮਿਲਣੀ ਲਈ ਇਕੱਤਰ ਹੋਏ। ਇਸ ਮੀਟਿੰਗ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਨੇ ਕੀਤੀ, ਜਦੋਂਕਿ ਹੋਰ ਕਈ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਜ਼ਿਲ੍ਹਾ ਫਿਰੋਜ਼ਪੁਰ ਅਤੇ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਬਲਾਕ ਦੇ ਕਿਸਾਨਾਂ ਨੇ ਉਨ੍ਹਾਂ ਨੂੰ ਮਿਰਚਾਂ ਦੇ ਉਤਪਾਦਨ ਵਿੱਚ ਆਉਂਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਡਾ. ਗੋਸਲ ਨੇ ਕਿਹਾ ਕਿ ਇਨ੍ਹਾਂ ਮਿਰਚ ਉਤਪਾਦਕਾਂ ਨੇ ਹਾੜੀ ਅਤੇ ਸਾਉਣੀ ਦੋਵਾਂ ਰੁੱਤਾਂ ਵਿੱਚ ਕਣਕ ਅਤੇ ਝੋਨੇ ਦੇ ਬਦਲ ਵਿੱਚ ਮਿਰਚ (ਸ਼ਿਮਲਾ ਅਤੇ ਲੰਮੀ) ਪੈਦਾ ਕਰ ਕੇ ਆਸ ਦੀ ਨਵੀਂ ਕਿਰਨ ਜਗਾਈ ਹੈ, ਜਿਸ ਨਾਲ ਝੋਨਾ ਘਟਾਉਣ ਦੀ ਸੰਭਾਵਨਾ ਪੈਦਾ ਹੋਈ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਮਿਰਚ ਉਤਪਾਦਕਾਂ ਨੂੰ ਆਪਣੇ-ਆਪਣੇ ਖੇਤਰਾਂ ਨੂੰ ਮਿਰਚ ਜ਼ੋਨ ਵਜੋਂ ਉਭਾਰਨ ਲਈ ਇੱਕ ਸਾਂਝੀ ਐਸੋਸੀਏਸ਼ਨ ਦਾ ਗਠਨ ਕਰਨਾ ਚਾਹੀਦਾ ਹੈ। ਪੀਏਯੂ ਮਿਰਚ ਪੇਸਟ ਅਤੇ ਪਾਊਡਰ ਤਿਆਰ ਕਰਨ ਤੱਕ ਹਰ ਤਰ੍ਹਾਂ ਦੀ ਸਿਖਲਾਈ ਦੇਣ ਲਈ ਤਿਆਰ-ਬਰ-ਤਿਆਰ ਹੈ।