ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਹਾਣੀਕਾਰ ਸੰਤੋਖ ਸਿੰਘ ਧੀਰ ਦੇ ਜੀਵਨ ਤੇ ਸਾਹਿਤਕਾਰੀ ’ਤੇ ਵਿਚਾਰ-ਚਰਚਾ

10:55 AM Dec 25, 2024 IST
ਸੰਤੋਖ ਸਿੰਘ ਧੀਰ (ਖੱਬੇ) ਅਤੇ ਸੰਜੀਵਨ ਸਿੰਘ (ਸੱਜੇ)

ਡਾ. ਸੁਖਦੇਵ ਸਿੰਘ ਝੰਡ

ਬਰੈਂਪਟਨ: ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਜ਼ੂਮ-ਸਮਾਗਮ ਵਿੱਚ ਪ੍ਰਮੁੱਖ ਕਹਾਣੀਕਾਰ ਤੇ ਕਵੀ ਸੰਤੋਖ ਸਿੰਘ ਧੀਰ ਦੇ ਜੀਵਨ ਤੇ ਰਚਨਾਕਾਰੀ ਬਾਰੇ ਸੰਜੀਦਾ ਗੱਲਬਾਤ ਹੋਈ। ਸਮਾਗਮ ਵਿੱਚ ਉਨ੍ਹਾਂ ਦੇ ਭਤੀਜੇ ਨਾਟਕਕਾਰ ਸੰਜੀਵਨ ਸਿੰਘ ਵੱਲੋਂ ਪੰਜਾਬ ਤੋਂ ਜ਼ੂਮ-ਮਾਧਿਅਮ ਨਾਲ ਸ਼ਮੂਲੀਅਤ ਕਰਕੇ ਉਨ੍ਹਾਂ ਦੇ ਨਿੱਜੀ ਤੇ ਸਾਹਿਤਕ ਜੀਵਨ ਬਾਰੇ ਕਈ ਪੱਖ ਸਾਂਝੇ ਕੀਤੇ ਗਏ। ਸਮਾਗਮ ਦੇ ਆਰੰਭ ਵਿੱਚ ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗਮ ਦੇ ਮੁੱਖ-ਬੁਲਾਰੇ ਸੰਜੀਵਨ ਸਿੰਘ ਅਤੇ ਸਮੂਹ ਮਹਿਮਾਨਾਂ ਨੂੰ ‘ਜੀ-ਆਇਆਂ’ ਕਿਹਾ ਗਿਆ।
ਸਮਾਗਮ ਦੇ ਸੰਚਾਲਕ ਤਲਵਿੰਦਰ ਸਿੰਘ ਮੰਡ ਦੀ ਬੇਨਤੀ ’ਤੇ ਸੰਜੀਵਨ ਸਿੰਘ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਧੀਰ ਸਾਹਿਬ ਬਹੁ-ਪੱਖੀ ਲੇਖਕ ਸਨ। ਉਨ੍ਹਾਂ ਦੀਆਂ 11 ਕਿਤਾਬਾਂ ਕਵਿਤਾਵਾਂ ਦੀਆਂ ਅਤੇ 9 ਕਿਤਾਬਾਂ ਕਹਾਣੀਆਂ ਦੀਆਂ ਛਪੀਆਂ ਹਨ। ਉਨ੍ਹਾਂ ਨੇ ਛੇ ਨਾਵਲ, ਸਵੈਜੀਵਨੀ ਅਤੇ ਸਫ਼ਰਨਾਮਾ ‘ਮੇਰੀ ਇੰਗਲੈਂਡ ਯਾਤਰਾ’ ਵੀ ਲਿਖੇ, ਪਰ ਬਹੁਤੀ ਪ੍ਰਸਿੱਧੀ ਉਨ੍ਹਾਂ ਨੂੰ ਕਹਾਣੀ ਦੇ ਖੇਤਰ ਵਿੱਚ ਮਿਲੀ। ‘ਕੋਈ ਇੱਕ ਸਵਾਰ’, ‘ਸਾਂਝੀ ਕੰਧ’, ‘ਸਵੇਰ ਹੋਣ ਤੱਕ’ ਤੇ ‘ਮੰਗੋ’ ਉਨ੍ਹਾਂ ਦੀਆਂ ਪ੍ਰਮੁੱਖ ਕਹਾਣੀਆਂ ਨੂੰ ਆਧਾਰ ਬਣਾ ਕੇ ਉਨ੍ਹਾਂ (ਸੰਜੀਵਨ) ਵੱਲੋਂ ਕਈ ਨਾਟਕ ਲਿਖੇ ਅਤੇ ਖੇਡੇ ਗਏੇ। ਸੰਤੋਖ ਸਿੰਘ ਧੀਰ ਬਾਰੇ ਨਿੱਜੀ ਗੱਲਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਨੂੰ ‘ਭਾਪਾ ਜੀ’ ਕਿਹਾ ਕਰਦੇ ਸਨ ਅਤੇ ਆਪਣੇ ਪਿਤਾ ਨੂੰ ਉਹ ‘ਚਾਚਾ ਜੀ’ ਆਖ ਕੇ ਸੰਬੋਧਨ ਕਰਦੇ ਸਨ। ਉਨ੍ਹਾਂ ਕਿਹਾ ਕਿ ਧੀਰ ਸਾਹਿਬ ਕੇਵਲ ਸਾਈਕਲ ਦੀ ਸਵਾਰੀ ਹੀ ਕਰਦੇ ਸਨ ਅਤੇ ਉਹ ਸਕੂਟਰ ਦੇ ਪਿੱਛੇ ਬੈਠੇ ਹੋਏ ਵੀ ਡਰਦੇ ਹੁੰਦੇ ਸਨ। ਸੰਤੋਖ ਸਿੰਘ ਧੀਰ ਅਤੇ ਬਲਵੰਤ ਗਾਰਗੀ ਵਿਚਕਾਰ ਬੜੀ ਨੇੜਤਾ ਸੀ ਅਤੇ ਉਹ ਗੱਲੀਂ-ਬਾਤੀਂ ਇੱਕ ਦੂਸਰੇ ਦੀ ‘ਲਾਹ-ਪਾਹ’ ਵੀ ਕਰ ਲੈਂਦੇ ਸਨ।
ਸੰਤੋਖ ਸਿੰਘ ਧੀਰ ਬਾਰੇ ਜਾਣਕਾਰੀ ਵਿੱਚ ਵਾਧਾ ਕਰਦਿਆਂ ਚੰਡੀਗੜ੍ਹ ਤੋਂ ਸਮਾਗਮ ਨਾਲ ਜੁੜੇ ਸ਼ਾਮ ਸਿੰਘ ‘ਅੰਗਸੰਗ’ ਨੇ ਦੱਸਿਆ ਕਿ ਧੀਰ ਸਾਹਿਬ ਨੇ ਸ਼ੁਰੂ-ਸ਼ੁਰੂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਧਰਮ ਪ੍ਰਚਾਰਕ ਵਜੋਂ ਨੌਕਰੀ ਕੀਤੀ, ਪਰ ਫਿਰ ਬਾਅਦ ਵਿੱਚ ‘ਕੁਲ-ਵਕਤੀ ਲੇਖਕ ਤੇ ਕਾਮਰੇਡ’ ਵਜੋਂ ਉਹ ਖੱਬੀ ਸੋਚ ਨਾਲ ਪ੍ਰਣਾਏ ਗਏ। ਉਨ੍ਹਾਂ ਨੇ ਪੂਰੀ ਉਮਰ ਕਲਮ ਵਾਹੀ ਅਤੇ ਇਸ ਦੇ ਸਿਰ ’ਤੇ ਹੀ ਆਪਣਾ ਤੇ ਆਪਣੇ ਪਰਿਵਾਰ ਦਾ ਜੀਵਨ ਨਿਰਬਾਹ ਕੀਤਾ। ਉਨ੍ਹਾਂ ਮੌਤ ਤੋਂ ਬਾਅਦ ਆਪਣਾ ਸਰੀਰ ਪੀ. ਜੀ. ਆਈ. ਚੰਡੀਗੜ੍ਹ ਨੂੰ ਦਾਨ ਕੀਤਾ ਹੋਇਆ ਸੀ ਅਤੇ ਉਨ੍ਹਾਂ ਦੀ ‘ਅੰਤਮ-ਯਾਤਰਾ’ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ, ਕਿਸਾਨ ਤੇ ਵਿਦਿਆਰਥੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਸੰਤੋਖ ਸਿੰਘ ਧੀਰ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ 1991 ਵਿੱਚ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਦਾ ਸਨਮਾਨ ਮਿਲਿਆ।
ਸਾਲ 1996 ਵਿੱਚ ਉਨ੍ਹਾਂ ਦੀਆਂ ਕਹਾਣੀਆਂ ਦੀ ਪੁਸਤਕ ‘ਪੱਖੀ’ ਨੂੰ ‘ਸਾਹਿਤ ਅਕੈਡਮੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਨ੍ਹਾਂ ਨੂੰ ਸਾਲ 2002 ਵਿੱਚ ‘ਕਰਤਾਰ ਸਿੰਘ ਦੁੱਗਲ ਸਰਵ ਸ੍ਰੇਸ਼ਟ ਇਨਾਮ’ ਦਿੱਤਾ ਗਿਆ। ਇਸ ਮੌਕੇ ਕੰਵਲਜੀਤ ਸਿੰਘ ਕੋਰਪਾਲ, ਸੁਖਦੇਵ ਸਿੰਘ, ਤਲਵਿੰਦਰ ਸਿੰਘ ਮੰਡ, ਮਲੂਕ ਸਿੰਘ ਕਾਹਲੋਂ ਤੇ ਸੁਰਿੰਦਰਜੀਤ ਕੌਰ ਵੱਲੋਂ ਵੀ ਸੰਤੋਖ ਸਿੰਘ ਧੀਰ ਦੇ ਜੀਵਨ ਤੇ ਸਾਹਿਤਕਾਰੀ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਕੀਤੀਆਂ ਗਈਆਂ।
ਸਮਾਗਮ ਦੇ ਦੂਸਰੇ ਭਾਗ ਵਿੱਚ ਕਵੀ ਦਰਬਾਰ ਹੋਇਆ ਜਿਸ ਦਾ ਸੰਚਾਲਨ ਪਰਮਜੀਤ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ। ਇਸ ਵਿੱਚ ਇਕਬਾਲ ਬਰਾੜ, ਗੁਰਦੀਪ ਕੌਰ ਜੰਡੂ, ਸ਼ਾਮ ਸਿੰਘ ਅੰਗਸੰਗ, ਰਾਜ ਕੁਮਾਰ ਉਸ਼ੋਰਾਜ, ਦੀਪ ਕੁਲਦੀਪ, ਸੁਰਿੰਦਰ ਕੌਰ ਗਿੱਲ, ਸੁਖਚਰਨਜੀਤ ਗਿੱਲ, ਹਰਕੰਵਲ ਕੋਰਪਾਲ, ਮਲੂਕ ਸਿੰਘ ਕਾਹਲੋਂ, ਸਤਪਾਲ ਕੋਮਲ, ਜਗਮੋਹਨ ਸੰਘਾ, ਤਲਵਿੰਦਰ ਮੰਡ, ਸੁਖਦੇਵ ਝੰਡ, ਰਮਿੰਦਰ ਰੰਮੀ ਤੇ ਜੱਸੀ ਭੁੱਲਰ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ-ਸਾਹਿਤ ਪੇ੍ਮੀਆਂ ਦਾ ਹਾਰਦਿਕ ਧੰਨਵਾਦ ਕੀਤਾ। ਸਮਾਗਮ ਵਿੱਚ ਗੁਰਚਰਨ ਸਿੰਘ, ਸਿਕੰਦਰ ਸਿੰਘ ਗਿੱਲ, ਹਰਦਿਆਲ ਸਿੰਘ ਝੀਤਾ ਅਤੇ ਪਰਮਜੀਤ ਦਿਉਲ ਨੇ ਵੀ ਹਾਜ਼ਰੀ ਭਰੀ।

Advertisement

Advertisement