ਪੱਤਰਕਾਰੀ ਦੀਆਂ ਚੁਣੌਤੀਆਂ ਸਬੰਧੀ ਵਿਚਾਰ-ਚਰਚਾ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 16 ਨਵੰਬਰ
ਕੌਮੀ ਪ੍ਰੈੱਸ ਦਿਵਸ ’ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸੀਨੇਟ ਹਾਲ ਵਿੱਚ ਪ੍ਰੈੱਸ ਕਲੱਬ ਕੁਰੂਕਸ਼ੇਤਰ ਅਤੇ ਇੰਸਟੀਚਿਊਟ ਆਫ ਮੀਡੀਆ ਟੈਕਨਾਲੋਜੀ ਦੀ ਸਾਂਝੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਕੇਯੂਕੇ ਦੇ ਰਜਿਸਟਰਾਰ ਪ੍ਰੋ. ਸੰਜੀਵ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ‘ਦਿ ਸਟੇਟਸਮੈਨ’ ਦੇ ਕਾਰਜਕਾਰੀ ਸੰਪਾਦਕ ਆਦਿੱਤਿਆ ਕਾਂਤ ਅਤੇ ਅਮਰ ਉਜਾਲਾ ਰੋਹਤਕ ਦੇ ਸੰਪਾਦਕ ਯੋਗੇਸ਼ ਨਰਾਇਣ ਮੁੱਖ ਬੁਲਾਰੇ ਵਜੋਂ ਪੁੱਜੇ। ਐਂਟਰਟੇਨਮੈਂਟ ਇੰਡਸਟਰੀ ਮੁੰਬਈ ਨਾਲ ਜੁੜੀ ਐਂਕਰ ਅਨੁਪਮਾ ਵਿਸ਼ੇਸ਼ ਤੌਰ ’ਤੇ ਪੁੱਜੀ। ਸੰਸਥਾ ਦੇ ਡਾਇਰੈਕਟਰ ਪ੍ਰੋ. ਬਿੰਦੂ ਸ਼ਰਮਾ ਅਤੇ ਪ੍ਰੈੱਸ ਕਲੱਬ ਕੁਰੂਕਸ਼ੇਤਰ ਦੇ ਅਹੁਦੇਦਾਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਰਜਿਸਟਰਾਰ ਸੰਜੀਵ ਸ਼ਰਮਾ ਨੇ ਕਿਹਾ ਕਿ ਪੱਤਰਕਾਰਤਾ ਦੀ ਭੂਮਿਕਾ ਹਮੇਸ਼ਾ ਪ੍ਰਭਾਵਸ਼ਾਲੀ ਰਹੇਗੀ। ਉਨ੍ਹਾਂ ਨੇ ਸਹੀ ਜਾਣਕਾਰੀ ਦੀ ਪਛਾਣ ਕਰਨ ਵਿੱਚ ਲਾਇਬ੍ਰੇਰੀ ਵਿਗਿਆਨ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਪੱਤਰਕਾਰੀ ਵੀ ਬਦਲ ਗਈ ਹੈ। ਆਦਿਤਿਆ ਕਾਂਤ ਨੇ ਕਿਹਾ ਕਿ ਡਜਿੀਟਲ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਪੱਤਰਕਾਰੀ ਨੂੰ ਚੁਣੌਤੀਆਂ ਦਿੱਤੀਆਂ ਹਨ ਪਰ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਸਾਨੂੰ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰ ਕੇ ਸਹੀ ਦਿਸ਼ਾ ਵਿੱਚ ਪੱਤਰਕਾਰੀ ਕਰਨੀ ਹੋਵੇਗੀ। ਬਿੰਦੂ ਸ਼ਰਮਾ ਨੇ ਡਜਿੀਟਲ ਯੁੱਗ ਵਿੱਚ ਪੱਤਰਕਾਰਤਾ ਦੀਆਂ ਚੁਣੌਤੀਆਂ ਬਾਰੇ ਦੱਸਿਆ। ਯੋਗੇਸ਼ ਨਰਾਇਣ ਦੀਕਸ਼ਿਤ ਨੇ ਕਿਹਾ ਕਿ ਹਿੰਦੀ ਪੱਤਰਕਾਰੀ ਲਗਾਤਾਰ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਇਸ ਮੌਕੇ ਪ੍ਰੈੱਸ ਕਲੱਬ ਕੁਰੂਕਸ਼ੇਤਰ ਦੇ ਪ੍ਰਧਾਨ ਰਾਮਪਾਲ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।