For the best experience, open
https://m.punjabitribuneonline.com
on your mobile browser.
Advertisement

ਪੁਸਤਕ ‘ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ’ ਉੱਤੇ ਚਰਚਾ

06:38 AM Apr 19, 2024 IST
ਪੁਸਤਕ ‘ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ’ ਉੱਤੇ ਚਰਚਾ
ਸਾਹਿਤ ਸਭਾ ਸੰਗਰੂਰ ਵੱਲੋਂ ਕਰਵਾਏ ਗਏ ਸਮਾਗਮ ਦੀ ਝਲਕ। ਫੋਟੋ:ਬਨਭੌਰੀ
Advertisement

ਖੇਤਰੀ ਪ੍ਰਤੀਨਿਧ
ਸੰਗਰੂਰ, 17 ਅਪਰੈਲ
ਇੱਥੇ ਚਿੰਤਕ ਡਾ. ਸਵਰਾਜ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਅਖੌਤੀ ਗਲੋਬਲ ਪੰਜਾਬੀ ਸੱਭਿਆਚਾਰ ਤੋਂ ਬਚਦਿਆਂ ਆਪਣੀਆਂ ਤਿੰਨ ਮਾਵਾਂ: ਆਪਣੀ ਧਰਤੀ ਮਾਂ, ਮਾਂ ਬੋਲੀ ਪੰਜਾਬੀ ਅਤੇ ਜਨਮ ਦੇਣ ਵਾਲੀ ਮਾਂ ਦੇ ਨੇੜੇ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੀਆਂ ਇਨ੍ਹਾਂ ਤਿੰਨੋਂ ਮਾਵਾਂ ਤੋਂ ਦੂਰ ਜਾ ਰਹੇ ਹਨ। ਡਾ. ਸਵਰਾਜ ਸਿੰਘ ਇੱਥੇ ਇੱਕ ਪੁਸਤਕ ਗੋਸ਼ਟੀ ਸਮਾਗਮ ਵਿੱਚ ਪੁੱਜੇ ਹੋਏ ਸਨ।
ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਪ੍ਰਿੰਸੀਪਲ ਕਮਲ ਲਤਾ ਅਤੇ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸੱਭਿਆਚਾਰ ਤਿੰਨ ਮਾਵਾਂ ਦਾ ਪਸਾਰਾ’ ਉੱਤੇ ਕਰਵਾਈ ਗਈ ਗੋਸ਼ਟੀ ਵਿੱਚ ਡਾ. ਸਵਰਾਜ ਸਿੰਘ ਨੇ ਕਿਹਾ ਕਿ ਸਰਮਾਏਦਾਰੀ, ਮਨੁੱਖ ਨੂੰ ਆਪਣੇ ਮੂਲ, ਪਰਿਵਾਰ ਅਤੇ ਸਮਾਜ ਨਾਲੋਂ ਤੋੜਦੀ ਹੈ। ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਲਖਵਿੰਦਰ ਸਿੰਘ ਜੌਹਲ ਜਨਰਲ ਸਕੱਤਰ ਕਲਾ ਪਰਿਸ਼ਦ ਚੰਡੀਗੜ੍ਹ ਨੇ ਕਿਹਾ ਕਿ ਪੰਜਾਬੀਆਂ ਨੂੰ ਬੌਧਿਕ ਅਗਵਾਈ ਦੀ ਬਹੁਤ ਵੱਡੀ ਲੋੜ ਹੈ, ਤਾਂ ਜੋ ਝੂਠੇ ਬਿਰਤਾਂਤ ਨੂੰ ਰੋਕਿਆ ਜਾ ਸਕੇ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਆਲੋਚਕ ਡਾ. ਤੇਜਵੰਤ ਮਾਨ ਕਿਹਾ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ ਵਿੱਚ ਮਨੁੱਖ ਨੂੰ ਸੱਭਿਆਚਾਰ ਤੋਂ ਤੋੜਿਆ ਜਾ ਰਿਹਾ ਹੈ ਜੋ ਮਨੁੱਖ ਜਾਤੀ ਲਈ ਵੱਡਾ ਖਤਰਾ ਹੈ। ਉਜਾਗਰ ਸਿੰਘ, ਜੋਗਿੰਦਰ ਕੌਰ ਅਗਨੀਹੋਤਰੀ, ਅਤੇ ਅਰਵਿੰਦਰ ਕੌਰ ਕਾਕੜਾ ਵੱਲੋਂ ਪੇਸ਼ ਪਰਚਿਆਂ ਰਾਹੀਂ ਪੁਸਤਕ ਦੀ ਅਜੋਕੇ ਪ੍ਰਸੰਗਾਂ ਵਿੱਚ ਮਹੱਤਤਾ ਨੂੰ ਉਭਾਰਿਆ। ਇਸ ਮੌਕੇ ਡਾ. ਭਗਵੰਤ ਸਿੰਘ, ਡਾ. ਕਮਲਜੀਤ ਟਿੱਬਾ, ਪਵਨ ਹਰਚੰਦਪੁਰੀ ਅਤੇ ਗੁਰਨਾਮ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਵਿਚ ਨਿੰਦਰ ਘੁੰਗਿਆਣਵੀ, ਚਰਨ ਪੁਆਧ ਅਤੇ ਸਤੀਸ਼ ਦਾ ਸਨਮਾਨ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×