ਕਿਤਾਬ ‘ਮਿੰਦਰ ਉੱਤੇ ਵਿਚਾਰ ਚਰਚਾ
ਹਰਦੇਵ ਚੌਹਾਨ
ਚੰਡੀਗੜ੍ਹ, 8 ਜੂਨ
ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਸ਼ਾਇਰ ਮਿੰਦਰ ਦੀ ਕਾਵਿ-ਕਿਤਾਬ ‘ਮਿੰਦਰ’ ’ਤੇ ਵਿਚਾਰ ਚਰਚਾ ਕਰਵਾਈ ਗਈ। ਆਲੋਚਕ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਇਹ ਕਵਿਤਾ ਬੱਝਵੇਂ ਬਿਰਤਾਂਤ ਦੀ ਕਵਿਤਾ ਨਹੀਂ, ਪਾਠਕ ਨੂੰ ਪਾਠ ਕਰਨ ਲਈ ਇਸ ’ਤੇ ਮਿਹਨਤ ਕਰਨੀ ਪਵੇਗੀ।
ਸ਼ਾਇਰ ਗੁਰਦੇਵ ਚੌਹਾਨ ਨੇ ਕਿਹਾ ਕਿ ਕੋਈ ਕੋਈ ਸਤਰ ਹੀ ਪੂਰੀ ਕਵਿਤਾ ਦਾ ਸੰਚਾਰ ਕਰਦੀ ਹੈ। ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਨ੍ਹਾਂ ਕਵਿਤਾਵਾਂ ਵਿਚ ਵੀ ਬਿਰਤਾਂਤ ਹੈ ਤੇ ਇਸ ਨੂੰ ਪੜ੍ਹਨ ਵਾਲ਼ੀ ਨਜ਼ਰ ਦੀ ਜ਼ਰੂਰਤ ਹੈ। ਆਲੋਚਕ ਡਾ. ਯੋਗਰਾਜ ਅੰਗਰੀਸ਼ ਨੇ ਕਿਹਾ ਕਿ ਇਹ ਸ਼ੁੱਧ ਨਵ ਕਵਿਤਾ ਹੈ ਅਤੇ ਸਮਕਾਲੀ ਤੇ ਸਰਬਕਾਲੀ ਕਵਿਤਾ ਆਦਿ ਦਾ ਰੌਲਾ ਮੁਕਾਉਂਦੀ ਹੈ। ਇਹ ਕਵਿਤਾ ਅਰਥਾਂ ਦੀ ਤਾਨਾਸ਼ਾਹੀ ਨੂੰ ਵੀ ਖ਼ਤਮ ਕਰਦੀ ਹੈ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਇਸ ਕਿਤਾਬ ਦਾ ਆਉਣਾ ਸ਼ੁਭਸ਼ਗਨ ਹੈ। ਇਹ ਕਵਿਤਾ ਕਈ ਮਿੱਥਾਂ ਵੀ ਤੋੜਦੀ ਹੈ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕਿਹਾ ਕਿ ਇਹ ਕਵਿਤਾ ਸੈੱਟ ਪੈਟਰਨਾਂ ਨੂੰ ਤੋੜਦੀ ਹੈ, ਜਿਸ ਨੂੰ ਸਮਝਣ ਲਈ ਆਪਣੀ ਪੁਰਾਣੀ ਸਮਝ ਤੇ ਸੂਝ ਤਿਆਗਣੀ ਪਵੇਗੀ। ਸਮਾਗਮ ਦਾ ਸੰਚਾਲਨ ਜਗਦੀਪ ਸਿੱਧੂ ਨੇ ਬਾਖ਼ੂਬੀ ਨਿਭਾਇਆ। ਇਸ ਸਮਾਰੋਹ ਵਿਚ ਕਹਾਣੀਕਾਰ ਗੁਲ ਚੌਹਾਨ, ਬਲੀਜੀਤ, ਗੁਰਦੀਪ ਸਿੰਘ ਤੇ ਅਵਤਾਰ ਸਿੰਘ ਅਜੀਤ ਆਦਿ ਨੇ ਸ਼ਮੂਲੀਅਤ ਕੀਤੀ।