ਪੁਸਤਕ ‘ਇਹ ਰਾਹ ਜਾਂਦੇ ਕਿਹੜੇ ਪਾਸੇ’ ’ਤੇ ਵਿਚਾਰ-ਚਰਚਾ
ਸੰਤੋਖ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 29 ਸਤੰਬਰ
ਗੁਰੂ ਤੇਗ਼ ਬਹਾਦਰ ਨੈਸ਼ਨਲ ਕਾਲਜ ਦਾਖਾ ਨੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਡਾ. ਮਨਦੀਪ ਕੌਰ ਰਾਏ ਦੀ ਪੁਸਤਕ ‘ਇਹ ਰਾਹ ਜਾਂਦੇ ਕਿਹੜੇ ਪਾਸੇ’ ’ਤੇ ਵਿਚਾਰ ਗੋਸ਼ਟੀ ਕਰਵਾਈ। ਮਨੁੱਖਤਾ ਦੀ ਸੇਵਾ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਮਿੰਟੂ ਬਤੌਰ ਮੁੱਖ ਮਹਿਮਾਨ, ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਬਤੌਰ ਮੁੱਖ ਵਕਤਾ, ਡਾ. ਸਰਬਜੀਤ ਸਿੰਘ ਪ੍ਰਧਾਨ ਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ। ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਡਾਕਟਰ ਜਸਬੀਰ ਰਾਣਾ ਅਤੇ ਡਾਕਟਰ ਹਰਜੀਤ ਸਿੰਘ ਵੱਲੋਂ ਪਰਚੇ ਪੜ੍ਹੇ ਗਏ।
ਗੁਰਪ੍ਰੀਤ ਸਿੰਘ ਮਿੰਟੂ ਨੇ ਚਰਚਾ ਦੌਰਾਨ ਕਿਹਾ ਕਿ ਸਮਾਜ ਵਿੱਚ ਮਨੁੱਖੀ ਸੰਵੇਦਨਾ ਗੁਆਚਦੀ ਜਾ ਰਹੀ ਹੈ, ਉਨ੍ਹਾਂ ਸਭ ਗਿਲੇ ਸ਼ਿਕਵੇ ਤਿਆਗ ਕੇ ਮਨੁੱਖਤਾ ਦੀ ਸੇਵਾ ਨੂੰ ਤਰਜ਼ੀਹ ਦੇਣ ਦਾ ਸੁਨੇਹਾ ਦਿੱਤਾ। ਡਾ. ਬਲਵੰਤ ਸਿੰਘ ਸੰਧੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੁਸਤਕ ਸਭਿਆਚਾਰ ਦੇ ਨਾਲ ਨਾਲ ਖੇਡ ਸਭਿਆਚਾਰ ਨਾਲ ਜੋੜਨ ਦੀ ਅਪੀਲ ਕੀਤੀ। ਡਾ. ਸੋਮ ਪਾਲ ਹੀਰਾ ਦੀ ਟੀਮ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਇਸ ਪੁਸਤਕ ’ਤੇ ਅਧਾਰਿਤ ਨਾਟਕ ਦੀ ਪੇਸ਼ਕਾਰੀ ਕੀਤੀ। ਡਾ. ਸਰਬਜੀਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਵਿਦਿਆਰਥੀਆਂ ਨੂੰ ਪਿਸਤੌਲ ਵਾਲੇ ਭਗਤ ਸਿੰਘ ਦੀ ਥਾਂ ਪੁਸਤਕ ਵਾਲੇ ਭਗਤ ਸਿੰਘ ਨੂੰ ਸਮਝਣ ਦੀ ਅਪੀਲ ਕੀਤੀ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਸਮਾਗਮ ਦੌਰਾਨ ਵਿਦਿਆਰਥੀਆਂ ਲਈ ਉਸਾਰੂ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ।