ਪੁਸਤਕ ‘ਤ੍ਰਿਕਾਲ-ਸੰਧਿਆ’ ਉੱਤੇ ਵਿਚਾਰ-ਚਰਚਾ
ਪੱਤਰ ਪ੍ਰੇਰਕ
ਅਮ੍ਰਿਤਸਰ, 28 ਜੂਨ
ਪੰਜਾਬੀ ਲੇਖਕਾਂ ਦੀ ਜਥੇਬੰਦੀ ਰਾਬਤਾ ਮੁਕਾਲਮਾਂ ਕਾਵਿ ਮੰਚ ਵੱਲੋਂ ਸ਼ੁਰੂ ਕੀਤੀ ‘ਪੁਸਤਕ ਪਾਠਕਾਂ ਦੀ ਨਜ਼ਰ’ ਵਿਸ਼ੇ ਤਹਿਤ ਕਥਾਕਾਰ ਦੀਪ ਦੇਵਿੰਦਰ ਸਿੰਘ ਦੇ ਕਹਾਣੀ ਸੰਗ੍ਰਹਿ ਤ੍ਰਿਕਾਲ-ਸੰਧਿਆ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿੱਚ ਕਰਵਾਏ ਇਸ ਅਦਬੀ ਸਮਾਗਮ ਦਾ ਆਗਾਜ਼ ਮਰਹੂਮ ਸ਼ਾਇਰ ਦੇਵ ਦਰਦ ਨੂੰ ਸਾਹਿਤਕਾਰਾਂ ਵੱਲੋਂ ਯਾਦ ਕਰ ਕੇ ਕੀਤਾ ਗਿਆ।
ਪੁਸਤਕ ਉੱਪਰ ਸਤਿੰਦਰ ਸਿੰਘ ਓਠੀ ਅਤੇ ਬਲਜਿੰਦਰ ਮਾਂਗਟ ਨੇ ਪਰਚੇ ਪੜ੍ਹੇ। ਸਰਬਜੀਤ ਸਿੰਘ ਸੰਧੂ ਨੇ ਕਿਹਾ ਕਿ ਦੀਪ ਦੀਆਂ ਕਹਾਣੀਆਂ ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਾਲੇ ਉਸਾਰਿਆ ਪੁਲ ਹੈ। ਸ਼ਾਇਰ ਮਲਵਿੰਦਰ ਨੇ ਕਿਹਾ ਕਿ ਸਮੁੱਚੀਆਂ ਕਹਾਣੀਆਂ ਦੇ ਦ੍ਰਿਸ਼-ਚਿਤਰਣ ਕਰ ਕੇ ਪਾਤਰ ਸਾਹ ਤਕ ਲੈਂਦੇ ਵੀ ਸੁਣਾਈ ਦਿੰਦੇ ਹਨ।
ਡਾ. ਭੁਪਿੰਦਰ ਸਿੰਘ ਫੇਰੂਮਾਨ ਨੇ ਕਿਹਾ ਕਿ ਦੀਪ ਦੇਵਿੰਦਰ ਕਥਾ ਜੁਗਤਾਂ ਰਾਹੀਂ ਮਾਨਵੀ ਗੁੰਝਲਾਂ ਨੂੰ ਵੱਖਰੇ ਪ੍ਰਤੀਕਾਂ ਨਾਲ ਉਘਾੜਦਾ ਅਤੇ ਸ਼ਿੰਗਾਰਦਾ ਹੈ। ਜਸਵੰਤ ਧਾਪ ਅਤੇ ਤਰਸੇਮ ਲਾਲ ਬਾਵਾ ਨੇ ਕਿਹਾ ਕਿ ਕਥਾਕਾਰ ਕੋਲ ਭਾਸ਼ਾ ਦਾ ਸੋਹਜ ਹੈ।