ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ‘ਵਿਲੱਖਣਤਾ ਦਾ ਪ੍ਰਤੀਕ ਅਰਬ ਸੰਸਾਰ’ ਉੱਤੇ ਚਰਚਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਜੁਲਾਈ
ਪ੍ਰਗਤੀਸ਼ੀਲ ਲੇਖਕ ਸੰਘ ਦੀ ਜ਼ਿਲ੍ਹਾ ਇਕਾਈ ਨੇ ਪੰਜਾਬੀ ਗ਼ਜ਼ਲ ਮੰਚ ਦੇ ਸਹਿਯੋਗ ਨਾਲ ਭੁਪਿੰਦਰ ਸਿੰਘ ਚੌਂਕੀਮਾਨ ਦੀ ਵਾਰਤਕ ਪੁਸਤਕ ‘ਵਿਲੱਖਣਤਾ ਦਾ ਪ੍ਰਤੀਕ ਅਰਬ ਸੰਸਾਰ’ ਉੱਤੇ ਚਰਚਾ ਕਰਵਾਈ। ਸਮਾਗਮ ਦੀ ਸ਼ੁਰੂਆਤ ਜਸਵੀਰ ਝੱਜ ਦੇ ਗੀਤ ‘ਜਾਣਾ ਅੱਗੇ ਹੋਰ’ ਨਾਲ ਹੋਈ। ਉਪਰੰਤ ਗੁਰਸੇਵਕ ਸਿੰਘ ਢਿੱਲੋਂ ਨੇ ‘ਇੱਕ ਬੁੂਟਾ ਅੰਬੀਆਂ ਦਾ’, ਦਲਬੀਰ ਕਲੇਰ ਨੇ ਗੀਤ ‘ਸੀਸ ਸਿੰਘਾਂ ਦੇ ਦਿੱਲੀ ਦੇ ਨਾਲ ਖਹਿੰਦੇ ਰਹਿਣੇ’ ਆਦਿ ਰਾਹੀਂ ਹਾਜ਼ਰੀ ਲਗਵਾਈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸ੍ਰੀ ਚੌਂਕੀਮਾਨ ਵੱਲੋਂ ਲਿਖੀ ਪੁਸਤਕ ‘ਵਿਲੱਖਣਤਾ ਦਾ ਪ੍ਰਤੀਕ ਅਰਬ ਸੰਸਾਰ’ ਬਾਰੇ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਇਹ ਪੰਜਾਬੀ ਸਾਹਿਤ ਵਿੱਚ ਵੱਖਰੇ ਵਿਸ਼ੇ ’ਤੇ ਕਿਤਾਬ ਹੈ ਜੋ ਅਰਬ ਦੇ 22 ਦੇਸ਼ਾਂ ਦੇ ਨਿਆਰੇ ਤੱਥਾਂ ਅਤੇ ਸੁਭਾਅ ਨਾਲ ਸਾਡਾ ਰਾਬਤਾ ਕਰਾਉਂਦੀ ਹੈ। ਡਾ. ਬਲਵਿੰਦਰ ਸਿੰਘ ਔਲਖ ਨੇ ਕਿਹਾ ਕਿ ਇਹ ਪੁਸਤਕ ਅਰਬ ਦੇਸ਼ਾਂ ਦਾ ਇਨਸਾਇਕਲੋਪੀਡੀਆ ਹੈ। ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਨੇ ਆਪਣੀ ਪੁਸਤਕ ਪ੍ਰਧਾਨਗੀ ਮੰਡਲ ਨੂੰ ਭੇਟ ਕਰਦੇ ਹੋਏ ਪੁਸਤਕ ਉਪਰ ਸੰਵਾਦ ਰਚਾਉਣ ਲਈ ਦੋਵੇਂ ਸਭਾਵਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।
ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿੱਚ ਜੋਰਵਰ ਸਿੰਘ ਪੰਛੀ, ਪੂਨਮ ਕੌਰ, ਕੇਵਲ ਦੀਵਾਨਾ, ਬਲਵਿੰਦਰ ਮੋਹੀ, ਰਾਜਦੀਪ ਤੂਰ, ਪਾਲੀ ਖ਼ਾਦਿਮ, ਤਰਲੋਚਨ ਝਾਂਡੇ, ਬਲਵੰਦ ਸਿੰਘ ਭੈਣੀ ਸਾਹਬਿ, ਇੰਜ. ਸੁਰਜਣ ਸਿੰਘ, ਰਵਿੰਦਰ ਰਵੀ, ਮਲਕੀਤ ਮਾਲੜਾ, ਦਰਸ਼ਨ ਸਿੰਘ ਬੋਪਾਰਾਏ, ਦਲੀਪ ਅਵਧ, ਰਮੇਸ਼ ਪਾਂਡੇ, ਭਗਵਾਨ ਢਿੱਲੋਂ ਆਦਿ ਨੇ ਰਚਨਾਵਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ। ਅਖੀਰ ਵਿੱਚ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਅਵਤਾਰ ਸਿੰਘ ਧਮੋਟ, ਚਰਨ ਸਰਾਭਾ, ਬਲਕੌਰ ਸਿੰਘ ਗਿੱਲ, ਸਤਨਾਮ ਸਿੰਘ, ਤਰਲੋਚਨ ਨਾਟਕਕਾਰ, ਅਜਮੇਰ ਸਿੰਘ ਜੱਸੋਵਾਲ ਆਦਿ ਹਾਜ਼ਰ ਸਨ।