ਭਾਰਤ-ਚੀਨ ਵੱਲੋਂ ਮਾਨਸਰੋਵਰ ਯਾਤਰਾ ਬਹਾਲ ਕਰਨ ’ਤੇ ਚਰਚਾ
* ਦੁਵੱਲੇ ਸਬੰਧ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ
ਅਜੈ ਬੈਨਰਜੀ
ਨਵੀਂ ਦਿੱਲੀ, 19 ਨਵੰਬਰ
ਭਾਰਤ ਅਤੇ ਚੀਨ ਨੇ ਤਿੱਬਤ ’ਚ ਸਥਿਤ ਕੈਲਾਸ਼ ਮਾਨਸਰੋਵਰ ਤੀਰਥ ਯਾਤਰਾ ਮੁੜ ਸ਼ੁਰੂ ਕਰਨ ਅਤੇ ਸਰਹੱਦ ’ਤੇ ਸਥਿਤ ਨਦੀਆਂ ਬਾਰੇ ਡਾਟਾ ਸਾਂਝਾ ਕਰਨ ਦੇ ਮੁੱਦੇ ’ਚ ਚਰਚਾ ਕੀਤੀ। ਹੋਰਨਾਂ ਸਣੇ ਸਾਂਗਪੋ (ਬ੍ਰਹਮਪੁੱਤਰ), ਸਿੰਧੂ ਅਤੇ ਸਤਲੁਜ ਆਦਿ ਨਦੀਆਂ ਤਿੱਬਤ ਤੋਂ ਸ਼ੂਰੂ ਹੋ ਕੇ ਭਾਰਤ ’ਚ ਵਗਦੀਆਂ ਹਨ। ਉੱਤਰਖੰਡ ਦੇ ਉੱਤਰ ਵਾਲੇ ਪਾਸੇ ਤਿੱਬਤ ’ਚ ਸਥਿਤ ਮਾਨਸਰੋਵਰ ਹਿੰਦੂ ਭਾਈਚਾਰੇ ਦਾ ਇੱਕ ਪਵਿੱਤਰ ਤੀਰਥ ਸਥਾਨ ਹੈ। ਇਹ ਤੀਰਥ ਯਾਤਰਾ ਆਖਰੀ ਵਾਰ 2019 ’ਚ ਹੋਈ ਸੀ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਨੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਜੀ-20 ਸਿਖਰ ਸੰਮੇਲਨ ਤੋਂ ਵੱਖਰੇ ਤੌਰ ’ਤੇ ਸੋਮਵਾਰ ਰਾਤ ਨੂੰ ਮੁਲਾਕਾਤ ਦੌਰਾਨ ਇਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਦੋਵਾਂ ਮੰਤਰੀਆਂ ਨੇ ਮਹਿਸੂਸ ਕੀਤਾ ਕਿ ਇਹ ਜ਼ਰੂਰੀ ਹੈ ਕਿ ਧਿਆਨ ਸਬੰਧਾਂ ਨੂੰ ਟਿਕਾਊ ਬਣਾਉਣ, ਮਤਭੇਦਾਂ ਨੂੰ ਦੂਰ ਕਰਨ ਅਤੇ ਅਗਲੇ ਕਦਮ ਚੁੱਕਣ ’ਤੇ ਹੋਣਾ ਚਾਹੀਦਾ ਹੈ।’’ ਪੂਰਬੀ ਲੱਦਾਖ ਦੇ ਡੈਮਚੋਕ ਤੇ ਦੇਪਸਾਂਗ ’ਚ ਅਸਲ ਕੰਟਰੋਲ ਰੇਖਾ (ਐੱਲਏਸੀ) ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਪਿੱਛੇ ਹਟਣ ਦੇ ਕਈ ਹਫਤਿਆਂ ਬਾਅਦ ਬ੍ਰਾਜ਼ੀਲ ’ਚ ਹੋਈ ਇਹ ਉੱਚ ਪੱਧਰੀ ਮੀਟਿੰਗ ਭਾਰਤ-ਚੀਨ ਦੁਵੱਲੇ ਸਬੰਧਾਂ ਬਾਰੇ ਫ਼ੈਸਲੇ ਲਈ ਪਹਿਲਾ ਕਦਮ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਮੰਤਰੀਆਂ ਨੇ ਮੰਨਿਆ ਕਿ ਸਰਹੱਦੀ ਇਲਾਕਿਆਂ ’ਚੋਂ ਸੈਨਿਕਾਂ ਦੀ ਵਾਪਸੀ ਨੇ ਅਮਨ-ਸ਼ਾਂਤੀ ਬਣਾਈ ਰੱਖਣ ’ਚ ਯੋਗਦਾਨ ਪਾਇਆ ਹੈ।’’
ਚੀਨ ਨਾਲ ਸਬੰਧਾਂ ਨੂੰ ਹੋਰ ਮੁਲਕਾਂ ਦੇ ਨਜ਼ਰੀਏ ਤੋਂ ਨਹੀਂ ਦੇਖਦਾ ਭਾਰਤ: ਜੈਸ਼ੰਕਰ
ਆਲਮੀ ਮੁੱਦਿਆਂ ਬਾਰੇ ਜੈਸ਼ੰਕਰ ਨੇ ਕਿਹਾ, ‘‘ਭਾਰਤ ਅਤੇ ਚੀਨ ’ਚ ਮਤਭੇਦ ਤੇ ਸਮਾਨਤਾਵਾਂ ਹਨ। ਭਾਰਤ ਦੀ ਵਿਦੇਸ਼ ਨੀਤੀ ਸਿਧਾਂਤਕ ਤੇ ਤਰਕਸੰਗਤ ਰਹੀ ਹੈ ਜੋ ਆਜ਼ਾਦਾਨਾ ਵਿਚਾਰਾਂ ਅਤੇ ਕਾਰਵਾਈ ’ਤੇ ਅਧਾਰਿਤ ਹੈ।’’ ਚੀਨ ਨੂੰ ਸੰਖੇਪ ਸੁਨੇਹੇ ’ਚ ਜੈਸ਼ੰਕਰ ਨੇ ਆਖਿਆ, ‘‘ਅਸੀਂ ਪ੍ਰਭੂਸੱਤਾ ਸਥਾਪਤ ਕਰਨ ਦੇ ਇਕਪਾਸੜ ਨਜ਼ਰੀਏ ਦੇ ਖ਼ਿਲਾਫ਼ ਹਾਂ।’’ ਉਨ੍ਹਾਂ ਨੇ ਪੇਈਚਿੰਗ ਨੂੰ ਭਰੋਸਾ ਦਿੱਤਾ ਕਿ ‘‘ਭਾਰਤ (ਚੀਨ ਨਾਲ) ਆਪਣੇ ਸਬੰਧਾਂ ਨੂੰ ਹੋਰ ਮੁਲਕਾਂ ਦੇ ਨਜ਼ਰੀਏ ਨਾਲ ਨਹੀਂ ਦੇਖਦਾ।’’ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਵਾਂਗ ਯੀ ਨੇ ਜੈਸ਼ੰਕਰ ਨਾਲ ਸਹਿਮਤੀ ਜਤਾਈ ਕਿ ਭਾਰਤ-ਚੀਨ ਸਬੰਧਾਂ ਦੀ ਆਲਮੀ ਰਾਜਨੀਤੀ ’ਚ ਅਹਿਮ ਮਹੱਤਵ ਹੈ।