ਮਨਪ੍ਰੀਤ ਜੱਸ ਦੀ ਪੁਸਤਕ ‘ਖ਼ੌਫ਼ ਦਾ ਜੇ ਦੌਰ ਹੈ’ ’ਤੇ ਚਰਚਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੁਲਾਈ
ਸਾਹਿਤ ਚਿੰਤਨ ਚੰਡੀਗੜ੍ਹ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਇੱਥੇ ਸੈਕਟਰ-20 ਵਿੱਚ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ ਵਿਖੇ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰੋ. ਮਨਪ੍ਰੀਤ ਜੱਸ ਦੇ ਕਾਵਿ-ਸੰਗ੍ਰਹਿ ‘ਖ਼ੌਫ਼ ਦਾ ਜੇ ਦੌਰ ਹੈ’ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਮੁੱਖ ਭਾਸ਼ਣ ਦੌਰਾਨ ਪ੍ਰੋ. ਦੀਪ ਨਿਰਮੋਹੀ ਨੇ ਕਿਹਾ ਕਿ ਅਗਾਂਹਵਧੂ ਲੋਕ ਲਹਿਰ ਦੀ ਅਣਹੋਂਦ ਕਾਰਨ ਖਲਾਅ ਦੀ ਪੂਰਤੀ ਫ਼ਿਰਕੂ ਤੇ ਫਾਸ਼ੀਵਾਦੀ ਤਾਕਤਾਂ ਕਰਦੀਆਂ ਹਨ। ਕਵਿਤਾ ਪੀੜਤ ਧਿਰ ਨੂੰ ਕਲਾਵੇ ਵਿੱਚ ਲੈਂਦੀ ਹੈ। ਕਵੀ ਪੂੰਜੀਵਾਦ ਦਾ ਮੁਨਫ਼ਾਖ਼ੋਰ ਚਿਹਰਾ ਬੇਪਰਦ ਕਰਦਾ ਹੈ। ਇਹ ਪੁਸਤਕ ਕਿਰਤੀ ਜਮਾਤ ਨੂੰ ਇਕੱਠੇ ਹੋ ਕੇ ਜੱਦੋ-ਜਹਿਦ ਕਰਨ ਦਾ ਹੋਕਾ ਦਿੰਦੀ ਹੈ। ਡਾ. ਰਾਜੇਸ਼ ਜੈਸਵਾਲ ਨੇ ਬਹਿਸ ਆਰੰਭ ਕਰਦਿਆਂ ਕਿਹਾ ਕਿ ਇਹ ਹਰ ਕਵਿਤਾ ਵਿੱਚ ਚੇਤਨਾ ਤੇ ਚਿੰਤਨ ਹੈ। ਡਾ. ਹਰਮੇਲ ਸਿੰਘ ਨੇ ਕਿਹਾ ਕਿ ਇਹ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਸਨਮੁਖ ਹੁੰਦੀ ਹੈ। ਡਾ. ਬਲਵਿੰਦਰ ਸਿੰਘ ਚਹਿਲ ਨੇ ਕਿਹਾ ਕਿ ਕਵੀ ਕਵਿਤਾ ਰਾਹੀਂ ਵਿਚਾਰਧਾਰਕ ਲੜਾਈ ਲੜਦਾ ਹੈ ਅਤੇ ਸਮਝੌਤੇ ਨਹੀਂ ਕਰਦਾ। ਇਸ ਦੌਰਾਨ ਸੁਰਿੰਦਰ ਗਿੱਲ, ਪਰਮਿੰਦਰ ਸਿੰਘ ਗਿੱਲ, ਯਸ਼ਪਾਲ, ਅਭੈ ਸਿੰਘ ਸੰਧੂ, ਹਰਵਿੰਦਰ ਸਿੰਘ, ਡਾ. ਹਜ਼ਾਰਾ ਸਿੰਘ ਚੀਮਾ, ਬਲਕਾਰ ਸਿੰਘ ਸਿੱਧੂ, ਡਾ. ਅਰੀਤ ਕੌਰ ਨੇ ਵੀ ਵਿਚਾਰ ਰੱਖੇ। ਪੁਸਤਕ ਦੇ ਲੇਖਕ ਪ੍ਰੋ. ਮਨਪ੍ਰੀਤ ਜੱਸ ਨੇ ਚਰਚਾ ਦੌਰਾਨ ਉੱਠੇ ਨੁਕਤਿਆਂ ਬਾਰੇ ਗੱਲ ਕੀਤੀ ਅਤੇ ਕੁਝ ਨਜ਼ਮਾਂ ਸੁਣਾਈਆਂ। ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਵੀ ਨਿੱਜ ਤੋਂ ਉਪਰ ਉੱਠ ਕੇ ਸਮਾਜਿਕ ਸੱਭਿਆਚਾਰਕ ਭੂਮਿਕਾ ਵਿੱਚ ਵਿਚਰਦਾ ਹੈ। ਇਸੇ ਦੌਰਾਨ ਤੇਈ ਸਾਲ ਪੁਰਾਣੇ ਕੇਸ ਵਿੱਚ ਮੇਧਾ ਪਾਟਕਰ ਨੂੰ ਦਸ ਲੱਖ ਰੁਪਏ ਜੁਰਮਾਨਾ ਤੇ ਪੰਜ ਮਹੀਨੇ ਕੈਦ ਦੀ ਸਜ਼ਾ ਰੱਦ ਕਰਨ, 14 ਸਾਲ ਪੁਰਾਣੇ ਕੇਸ ਵਿੱਚ ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ਼ ਸ਼ੌਕਤ ਹੁਸੈਨ ਉਪਰ ਲਾਏ ਯੂਏਪੀਏ ਤਹਿਤ ਦਰਜ ਐੱਫਆਈਆਰ ਰੱਦ ਕਰਨ, ਬਿਨਾਂ ਬਹਿਸ ਤੋਂ ਲੋਕ ਸਭਾ ਵਿੱਚ ਪਾਸ ਕੀਤੇ ਫੌਜਦਾਰੀ ਕਾਨੂੰਨ ਵਾਪਸ ਲੈਣ ਬਾਰੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਸਮਾਗਮ ਵਿੱਚ ਅਰਸ਼ਦੀਪ ਕੌਰ, ਡਾ. ਮੇਘਾ ਸਿੰਘ, ਡਾ. ਸਰਬਜੀਤ ਸਿੰਘ ਕੰਗਣੀਵਾਲ, ਮਨਦੀਪ ਸਨੇਹੀ, ਜਸਰੀਤ, ਹਰਨਾਮ ਸਿੰਘ ਡੱਲਾ, ਮੋਹਨ ਲਾਲ ਰਾਹੀ, ਡਾ. ਜਗਦੀਸ਼ ਚੰਦਰ, ਪਰਮਜੀਤ ਸਿੰਘ, ਅਜਮੇਰ ਸਿੰਘ, ਬਲਬੀਰ ਸਿੰਘ ਸੈਣੀ, ਰਾਮ ਕ੍ਰਿਸ਼ਨ ਧੁਨਖੀਆ, ਨਿਰਲੇਪ ਸਿੰਘ, ਸੁਖਦੇਵ ਸਿੰਘ, ਮਨਮੋਹਨ ਸਿੰਘ, ਅਸ਼ੋਕ ਕੁਮਾਰ ਬੱਤਰਾ, ਜੈ ਪ੍ਰਕਾਸ਼, ਸੁਰਖਾਬ ਚਹਿਲ, ਪ੍ਰਭਦੇਵ ਸਿੰਘ ਉਪਲ, ਡਾ. ਸੱਤਪਾਲ ਸਹਿਗਲ ਅਤੇ ਹੋਰਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਾਹਿਤ ਚਿੰਤਨ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਨੇ ਚਲਾਈ। ਇਹ ਸਮਾਗਮ ਫ਼ਲਸਤੀਨੀਆਂ ਦੇ ਜੀਵਨ ਸੰਘਰਸ਼ ਨੂੰ ਸਮਰਪਿਤ ਸੀ।