ਭਾਰਤ-ਜਰਮਨੀ ਵੱਲੋਂ ਰਲ ਕੇ ਫ਼ੌਜੀ ਮੰਚ ਵਿਕਸਿਤ ਕਰਨ ਬਾਰੇ ਚਰਚਾ
ਨਵੀਂ ਦਿੱਲੀ, 6 ਜੂਨ
ਭਾਰਤ ਤੇ ਜਰਮਨੀ ਨੇ ਅੱਜ ਅਹਿਮ ਰੱਖਿਆ ਮੰਚ ਨੂੰ ਰਲ ਕੇ ਵਿਕਸਿਤ ਕਰਨ ਦੇ ਤਰੀਕਿਆਂ ਉਤੇ ਵਿਚਾਰ-ਚਰਚਾ ਕੀਤੀ। ਇਸ ਦੇ ਨਾਲ ਹੀ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਨੇ ਕਰੀਬ 43 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਛੇ ਪਣਡੁੱਬੀਆਂ ਦੀ ਖ਼ਰੀਦ ਦੀ ਨਵੀਂ ਦਿੱਲੀ ਦੀ ਯੋਜਨਾ ਵਿਚ ਵੀ ਦਿਲਚਸਪੀ ਦਿਖਾਈ। ਪਿਸਟੋਰੀਅਸ ਦੇ ਨਾਲ ਵਾਰਤਾ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਤੇ ਜਰਮਨੀ ਸਾਂਝੇ ਟੀਚਿਆਂ ‘ਤੇ ਅਧਾਰਿਤ ਹੋਰ ਵੱਧ ਕਰੀਬੀ ਰੱਖਿਆ ਸਬੰਧ ਬਣਾ ਸਕਦੇ ਹਨ। ਉਨ੍ਹਾਂ ਯੂਪੀ ਤੇ ਤਾਮਿਲਨਾਡੂ ਦੇ ਰੱਖਿਆ ਗਲਿਆਰਿਆਂ ਵਿਚ ਜਰਮਨੀ ਨੂੰ ਵੱਧ ਨਿਵੇਸ਼ ਦਾ ਸੱਦਾ ਵੀ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਰੱਖਿਆ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਤੇ ਹੋਰ ਖੇਤਰਾਂ ਵਿਚ ਚੀਨ ਦੀ ਵਧ ਰਹੀ ਹਮਲਾਵਰ ਪਹੁੰਚ ਸਣੇ ਖੇਤਰੀ ਸੁਰੱਖਿਆ ਦੀਆਂ ਸਥਿਤੀਆਂ ਦੀ ਸਮੀਖਿਆ ਵੀ ਕੀਤੀ। ਪਿਸਟੋਰੀਅਸ ਭਾਰਤ ਦੀ ਚਾਰ ਦਿਨ ਦੀ ਯਾਤਰਾ ਉਤੇ ਸੋਮਵਾਰ ਦਿੱਲੀ ਪਹੁੰਚੇ ਸਨ। ਇਹ 2015 ਤੋਂ ਬਾਅਦ ਭਾਰਤ ਵਿਚ ਜਰਮਨੀ ਦੇ ਕਿਸੇ ਰੱਖਿਆ ਮੰਤਰੀ ਦਾ ਪਹਿਲਾ ਦੌਰਾ ਹੈ। ਉਨ੍ਹਾਂ ਕਿਹਾ ਕਿ ਭਾਰਤ ਰੱਖਿਆ ਉਦਯੋਗ ਜਰਮਨੀ ਦੇ ਰੱਖਿਆ ਉਦਯੋਗ ਦੀ ਸਪਲਾਈ ਲੜੀ ਵਿਚ ਹਿੱਸਾ ਲੈ ਸਕਦਾ ਹੈ ਤੇ ਇਸ ਵਿਚ ਲਚੀਲਾਪਨ ਲਿਆਉਣ ਵਿਚ ਯੋਗਦਾਨ ਦੇਣ ਤੋਂ ਇਲਾਵਾ ਸਬੰਧਤ ਵਾਤਾਵਰਨ ਨੂੰ ਵੀ ਮਜ਼ਬੂਤ ਬਣਾ ਸਕਦਾ ਹੈ। ਜਾਣਕਾਰੀ ਮੁਤਾਬਕ ਵਾਰਤਾ ਵਿਚ ਯੂਕਰੇਨ ‘ਤੇ ਰੂਸ ਦੇ ਹਮਲੇ ਅਤੇ ਦੁਨੀਆ ਉਤੇ ਇਸ ਦੇ ਅਸਰ ਬਾਰੇ ਵੀ ਚਰਚਾ ਕੀਤੀ ਗਈ। ਦੱਸਣਯੋਗ ਹੈ ਕਿ ਪਣਡੁੱਬੀਆਂ ਦੇ ਸੌਦੇ ਦੇ ਦਾਅਵੇਦਾਰਾਂ ਵਿਚ ਜਰਮਨੀ ਦੀ ਕੰਪਨੀ ਸ਼ਾਮਲ ਹੈ। ਜੂਨ 2021 ਵਿਚ ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ ਛੇ ਪਣਡੁੱਬੀਆਂ ਨੂੰ ਦੇਸ਼ ਵਿਚ ਹੀ ਬਣਾਉਣ ਦੀ ਇਸ ਵੱਡੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਮੰਤਰੀਆਂ ਨੇ ਦੁਵੱਲੇ ਰੱਖਿਆ ਸਹਿਯੋਗ ਦੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ ਤੇ ਖਾਸ ਤੌਰ ‘ਤੇ ਰੱਖਿਆ ਤਕਨੀਕ ਭਾਈਵਾਲੀ ਵਧਾਉਣ ਦੇ ਤਰੀਕੇ ਤਲਾਸ਼ੇ। ਸੀਡੀਐੱਸ ਜਨਰਲ ਅਨਿਲ ਚੌਹਾਨ ਵੀ ਇਸ ਮੌਕੇ ਹਾਜ਼ਰ ਸਨ। -ਪੀਟੀਆਈ
ਭਾਰਤ ਦੀ ਰੂਸੀ ਹਥਿਆਰਾਂ ‘ਤੇ ਟੇਕ ਜਰਮਨੀ ਦੇ ਹਿੱਤ ‘ਚ ਨਹੀਂ: ਪਿਸਟੋਰੀਅਸ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵਾਰਤਾ ਤੋਂ ਪਹਿਲਾਂ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਨੇ ਤਿੰਨਾਂ ਸੈਨਾਵਾਂ ਵੱਲੋਂ ਦਿੱਤੇ ਗਏ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ। ਦੱਸਣਯੋਗ ਹੈ ਕਿ ਇੰਡੋਨੇਸ਼ੀਆ ਤੋਂ ਭਾਰਤ ਆਉਣ ਤੋਂ ਪਹਿਲਾਂ ਪਿਸਟੋਰੀਅਸ ਨੇ ਕਿਹਾ ਸੀ ਕਿ ਭਾਰਤ ਦੀ ਲਗਾਤਾਰ ਰੂਸੀ ਹਥਿਆਰਾਂ ਉਤੇ ਨਿਰਭਰਤਾ ਜਰਮਨੀ ਦੇ ਹਿੱਤ ਵਿਚ ਨਹੀਂ ਹੈ। ਪਿਸਟੋਰੀਅਸ ਦੀ ਭਲਕੇ ਮੁੰਬਈ ਜਾਣ ਦੀ ਯੋਜਨਾ ਹੈ ਜਿੱਥੇ ਉਹ ਪੱਛਮੀ ਜਲ ਸੈਨਾ ਕਮਾਂਡ ਤੇ ਮਝਗਾਓਂ ਡਾਕ ਸ਼ਿਪਬਿਲਡਰਜ਼ ਲਿਮਟਿਡ ਦੇ ਹੈੱਡਕੁਆਰਟਰ ਦਾ ਦੌਰਾ ਕਰਨਗੇ। -ਪੀਟੀਆਈ