ਜਰਨੈਲ ਸਿੰਘ ਸੇਖਾ ਦੇ ਨਾਵਲ ’ਤੇ ਵਿਚਾਰ ਚਰਚਾ
ਹਰਦਮ ਮਾਨ
ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉੱਪਰ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਵਿਹੜੇ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਜਰਨੈਲ ਸਿੰਘ ਸੇਖਾ, ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਡਾ. ਹਰਜੋਤ ਕੌਰ ਖਹਿਰਾ ਨੇ ਕੀਤੀ।
ਸਮਾਗਮ ਦਾ ਆਗਾਜ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਮੰਚ ਸੰਚਾਲਕ ਮੋਹਨ ਗਿੱਲ ਨੇ ਸ਼ੁਰੂਆਤ ਵਿੱਚ ਜਰਨੈਲ ਸਿੰਘ ਸੇਖਾ ਦੇ ਸਾਹਿਤਕ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦਾ ਮਾਨਯੋਗ ਸਥਾਨ ਹੈ। ਸ. ਸੇਖਾ ਹੁਣ ਤੱਕ ਦੋ ਕਹਾਣੀ ਸੰਗ੍ਰਹਿ ਅਤੇ ਚਾਰ ਨਾਵਲ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਇਹ ਉਨ੍ਹਾਂ ਦਾ ਪੰਜਵਾਂ ਨਾਵਲ ਹੈ। ਉਨ੍ਹਾਂ ਦਾ ਇੱਕ ਸਫ਼ਰਨਾਮਾ ‘ਦੁੱਲੇ ਦੀ ਢਾਬ’ ਵੀ ਛਪ ਚੁੱਕਿਆ ਹੈ ਅਤੇ ‘ਕੰਡਿਆਰੇ ਪੰਧ’ ਉਨ੍ਹਾਂ ਦੀ ਸਵੈ-ਜੀਵਨੀ ਦੀ ਵੱਡ ਅਕਾਰੀ ਪੁਸਤਕ ਹੈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਿੰਦੀ ਵਿੱਚ ਵੀ ਛਪ ਚੁੱਕੀਆਂ ਹਨ। ਨਾਵਲ ਉੱਪਰ ਪਹਿਲਾ ਪਰਚਾ ਡਾ. ਹਰਜੋਤ ਕੌਰ ਖਹਿਰਾ ਨੇ ਪੇਸ਼ ਕੀਤਾ। ਉਨ੍ਹਾਂ ਆਪਣੇ ਪਰਚੇ ਵਿੱਚ ਕਿਹਾ ਕਿ ਇਹ ਨਾਵਲ ਰਾਜਨੀਤਿਕ ਅਤੇ ਇਤਿਹਾਸਿਕ ਪੜਾਵਾਂ ਵਿੱਚੋਂ ਗੁਜ਼ਰਦਾ ਹੋਇਆ ਵਰਤਮਾਨ ਸਮੇਂ ਵਿੱਚ ਸ਼ਾਮਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਦਾ ਬਿਰਤਾਂਤ 1965 ਤੋਂ ਸ਼ੁਰੂ ਹੁੰਦਾ ਹੈ ਅਤੇ ਏਨੇ ਲੰਮੇਂ ਅਰਸੇ ਦੌਰਾਨ ਦੀਆਂ ਚਾਰ ਪੀੜ੍ਹੀਆਂ ਦੀ ਦਾਸਤਾਨ, ਇਸ ਸਮੇਂ ਦੇ ਸਮਾਜਿਕ, ਪਰਿਵਾਰਕ ਹਾਲਾਤ ਦੀ ਬਹੁਤ ਸਹੀ ਜਾਣਕਾਰੀ ਦੇਣ ਵਿੱਚ ਨਾਵਲਕਾਰ ਸਫਲ ਰਿਹਾ ਹੈ। ਦੂਜਾ ਪਰਚਾ ਪ੍ਰੋ. ਹਰਿੰਦਰ ਕੌਰ ਸੋਹੀ ਵੱਲੋਂ ਪੜ੍ਹਿਆ ਗਿਆ। ਉਸ ਨੇ ਨਾਵਲ ਦੇ ਵਿਸ਼ਾ ਪੱਖ ਅਤੇ ਕਲਾ ਪੱਖ ਦੀ ਗੱਲ ਕੀਤੀ। ਰਾਜਵੰਤ ਰਾਜ ਨੇ ਕਿਹਾ ਕਿ ‘ਨਾਬਰ’ ਨਾਵਲ ਵਿੱਚ ਵੱਡਾ ਸਨੇਹਾ ਇਹ ਦਿੱਤਾ ਗਿਆ ਹੈ ਕਿ ਔਰਤ ਅਤੇ ਮਰਦ ਇੱਕ ਦੂਜੇ ਦੇ ਪੂਰਕ ਹਨ, ਕਿਸੇ ਨੂੰ ਵੀ ਕਿਸੇ ਉੱਤੇ ਜ਼ੁਲਮ ਕਰਨ ਦਾ ਹੱਕ ਨਹੀਂ ਹੈ। ਪੱਤਰਕਾਰ ਅਤੇ ਸਾਹਿਤਕਾਰ ਬਖਸ਼ਿੰਦਰ ਨੇ ਕਿਹਾ ਕਿ ਨਾਵਲਕਾਰ ਪਹਿਲੇ ਸੰਵਾਦ ਤੋਂ ਹੀ ਇਹ ਦੱਸਣ ਦਾ ਆਹਰ ਕਰਦਾ ਦਿਸਣ ਲੱਗ ਪੈਂਦਾ ਹੈ ਕਿ ਉਸ ਦਾ ਵਿਸ਼ਾ ਮਰਦ ਔਰਤ ਵਿਚਲੀ ਅਸਮਾਨਤਾ ਹੀ ਹੈ। ਸ਼ਾਇਰ ਅਜਮੇਰ ਰੋਡੇ ਨੇ ਨਾਵਲ ਦੇ ਅੰਤ ਉੱਤੇ ਨਾਵਲਕਾਰ ਵੱਲੋਂ ਕਾਹਲੀ ਕਰਨ ਦੀ ਗੱਲ ਕਹੀ। ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ 90 ਸਾਲਾਂ ਦੀ ਜ਼ਿੰਦਗੀ ਦੌਰਾਨ ਵੱਖ ਵੱਖ ਪੜਾਅ ਹੰਢਾਅ ਚੁੱਕੇ ਜਰਨੈਲ ਸਿੰਘ ਸੇਖਾ ਨੇ ਇਸ ਨਾਵਲ ਰਾਹੀਂ ਜਗੀਰੂਵਾਦ, ਪੂੰਜੀਵਾਦ ਅਤੇ ਵਿਅਕਤੀਵਾਦ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਨਾਵਲ ਉੱਪਰ ਸੁਰਜੀਤ ਕੌਰ ਕਲਸੀ, ਗੁਰਮੀਤ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਬਾਦਲ, ਇੰਦਰਜੀਤ ਸਿੰਘ ਧਾਮੀ, ਸੁਰਿੰਦਰ ਚਾਹਲ, ਅਮਰੀਕ ਪਲਾਹੀ, ਮੀਨੂ ਬਾਵਾ, ਅਸ਼ੋਕ ਭਾਰਗਵ, ਜਸਬੀਰ ਕੌਰ ਮਾਨ, ਦਰਸ਼ਨ ਸੰਘਾ ਅਤੇ ਬਿੰਦੂ ਮਠਾੜੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਵਿਚਾਰ ਚਰਚਾ ਤੋਂ ਪਹਿਲਾਂ ਨਾਵਲ ਰਿਲੀਜ਼ ਕਰਨ ਦੀ ਰਸਮ ਡਾ. ਹਰਜੋਤ ਕੌਰ ਖਹਿਰਾ, ਪ੍ਰੋ. ਹਰਿੰਦਰ ਕੌਰ ਸੋਹੀ ਅਤੇ ਮੰਚ ਤੇ ਸੇਖਾ ਪਰਿਵਾਰ ਦੇ ਮੈਂਬਰਾਂ ਨੇ ਅਦਾ ਕੀਤੀ।