ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ’ਤੇ ਵਿਚਾਰ ਗੋਸ਼ਟੀ
ਹਰਦਮ ਮਾਨ
ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਪੰਜਾਬੀ ਸ਼ਾਇਰ ਜਗਜੀਤ ਸੰਧੂ ਦੀ ਪੁਸਤਕ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ ਕਰਵਾਈ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਵਿਹੜੇ ਵਿੱਚ ਕਰਵਾਏ ਗਏ ਸਮਾਗਮ ਵਿੱਚ ਵੱਖ-ਵੱਖ ਵਿਦਵਾਨਾਂ ਅਤੇ ਸਾਹਿਤਕਾਰਾਂ ਨੇ ਇਸ ਪੁਸਤਕ ’ਤੇ ਚਰਚਾ ਕੀਤੀ। ਸਮਾਗਮ ਦੀ ਪ੍ਰਧਾਨਗੀ ਜਗਜੀਤ ਸੰਧੂ, ਡਾ. ਹਰਜੋਤ ਕੌਰ ਖਹਿਰਾ ਅਤੇ ਜਸ਼ਨਪ੍ਰੀਤ ਕੌਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਮੋਹਨ ਗਿੱਲ ਨੇ ਸਮਾਗਮ ਦੀ ਰੂਪਰੇਖਾ ਅਤੇ ਤਾਪਸੀ ਦੀ ਲੇਖਣੀ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਪੁਸਤਕ ਉੱਪਰ ਪਹਿਲਾ ਪਰਚਾ ਡਾ. ਹਰਜੋਤ ਕੌਰ ਖਹਿਰਾ ਵੱਲੋਂ ਪੜ੍ਹਿਆ ਗਿਆ। ਡਾ. ਖਹਿਰਾ ਨੇ ਕਿਹਾ ਕਿ ਇਸ ਪੁਸਤਕ ਵਿਚਲੀ ਸਾਰੀ ਕਵਿਤਾ ਸਮਾਜ ਦੇ ਦੋਹਾਂ ਧੁਰਿਆਂ (ਔਰਤ ਅਤੇ ਮਰਦ) ਉੱਪਰ ਆਧਾਰਿਤ ਹੈ। ਇਸ ਵਿੱਚ ਇੱਕ ਪਾਸੜ ਨਹੀਂ, ਦੋਵੇਂ ਹੀ ਕਿਰਦਾਰਾਂ ਦੀਆਂ ਪ੍ਰਸਥਿਤੀਆਂ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਦੇ ਸਾਰੇ ਸਿਰਲੇਖ ਸੰਵਾਦ ਕਰਦੇ ਹਨ। ਇਹ ਕਾਵਿ ਸੰਗ੍ਰਹਿ ਸੁਪਨਾ, ਹਕੀਕਤ ਅਤੇ ਸਮਾਜ ਦੇ ਆਲੇ ਦੁਆਲੇ ਘੁੰਮਦਾ ਹੈ।
ਜਸ਼ਨਪ੍ਰੀਤ ਕੌਰ ਵੱਲੋਂ ਪੇਸ਼ ਕੀਤੇ ਗਏ ਦੂਜੇ ਪਰਚੇ ਵਿੱਚ ਉਨ੍ਹਾਂ ਕਿਹਾ ਕਿ ਇਹ ਕਵਿਤਾਵਾਂ ਔਰਤ ਦੀ ਜਿਸਮੀ ਖੂਬਸੂਰਤੀ ਨਾਲੋਂ ਔਰਤ ਦੇ ਬੌਧਿਕ ਪੱਖ ਦੀ ਵਧੇਰੇ ਗੱਲ ਕਰਦੀਆਂ ਹਨ ਜੋ ਕਿ ਬਹੁਤ ਵਧੀਆ ਗੱਲ ਹੈ। ਕੁਝ ਕਵਿਤਾਵਾਂ ਵਿੱਚ ਆਦਮੀ ਦੇ ਨਜ਼ਰੀਏ ਤੋਂ ਲਿਖੀ ਗਈ ਨਾਰੀਵਾਦੀ ਕਵਿਤਾ ਬਹੁਤ ਡੂੰਘਾਈ ਤੇ ਮਨੋਵਿਗਿਆਨਕ ਸੂਝ ਬੂਝ ਨਾਲ ਪੇਸ਼ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਔਰਤ ਨੂੰ ਮੁੱਖ ਰੱਖ ਕੇ ਕਵਿਤਾ ਲਿਖਣ ਵੇਲੇ ਔਰਤ ਨੂੰ ਆਦਮੀ ਤੋਂ ਆਜ਼ਾਦ ਕਰਕੇ ਵੇਖਣ ਦੀ ਲੋੜ ਹੈ ਕਿ ਉਸ ਦੀ ਆਪਣੀ ਕੀ ਸਥਿਤੀ ਹੈ, ਉਹ ਕਿੱਥੇ ਖੜ੍ਹੀ ਹੈ ਤੇ ਉਹਦਾ ਕੀ ਮੰਤਵ ਹੈ। ਇਸ ਦੇ ਨਾਲ ਹੀ ਅਜਿਹੇ ਕੁਝ ਸ਼ਬਦਾਂ ਅਤੇ ਆਦਤਾਂ ਤੋਂ ਬਚਣਾ ਚਾਹੀਦਾ ਹੈ ਜੋ ਆਦਮੀ ਤੇ ਔਰਤ ਵਿਚਕਾਰ ਪਾੜਾ ਵਧਾ ਰਹੇ ਹਨ।
ਤੀਜਾ ਪਰਚਾ ਕੈਲਗਰੀ ਤੋਂ ਸਰਬਜੀਤ ਕੌਰ ਜਵੰਦਾ ਦਾ ਲਿਖਿਆ ਹੋਇਆ ਸੀ ਜਿਸ ਨੂੰ ਜਗਜੀਤ ਸੰਧੂ ਨੇ ਹੀ ਪੜ੍ਹ ਕੇ ਸੁਣਾਇਆ। ਸਰਬਜੀਤ ਕੌਰ ਜਵੰਦਾ ਦਾ ਕਹਿਣਾ ਸੀ ਕਿ ਇਸ ਪੁਸਤਕ ਵਿੱਚ ਵਿਚਲੀਆਂ ਕਵਿਤਾਵਾਂ ਆਪਣਾ ਨਿਵੇਕਲਾ ਭਾਸ਼ਾ ਵਿਆਕਰਨ ਉਸਾਰਦੀਆਂ ਹਨ। ਇਹ ਸਾਰੀਆਂ ਕਵਿਤਾਵਾਂ ਬੇਹੱਦ ਸੂਖ਼ਮ ਭਾਵਾਂ ਦੀ ਸ਼ਬਦਾਂ ਰਾਹੀਂ ਸਹਿਜ ਪੇਸ਼ਕਾਰੀ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ‘ਤਾਪਸੀ’ ਦੇ ਤਾਪ ਦਾ ਅਹਿਸਾਸ ਕਰਨ ਲਈ ਤੁਹਾਨੂੰ ਔਰਤ ਹੋਣਾ ਪਵੇਗਾ।
ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਜਗਜੀਤ ਸੰਧੂ ਦੀ ਕਵਿਤਾ ਪੰਜਾਬੀ ਕਵਿਤਾ ਨਾਲੋਂ ਬਿਲਕੁਲ ਹਟਵੀਂ ਹੈ। ਇਸ ਨੂੰ ਵਿਆਖਿਆ ਦੀ ਲੋੜ ਨਹੀਂ ਸਗੋਂ ਇਹ ਕਵਿਤਾ ਵਿਚਾਰਨ ਅਤੇ ਮਾਨਣ ਵਾਲੀ ਹੈ। ਸਵਰਨਜੀਤ ਸਵੀ ਵੱਲੋਂ ਇਸ ਪੁਸਤਕ ਵਿੱਚ ਕੀਤੀ ਗਈ ਚਿੱਤਰਕਾਰੀ ਵੀ ਬਹੁਤ ਕਮਾਲ ਦੀ ਹੈ। ਪੁਸਤਕ ਉੱਪਰ ਪ੍ਰਸਿੱਧ ਸ਼ਾਇਰ ਅਜਮੇਰ ਰੋਡੇ ਅਤੇ ਸੁਰਜੀਤ ਕਲਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੀਨੂ ਬਾਬਾ ਨੇ ਪੁਸਤਕ ਵਿਚਲੇ ਇੱਕ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਰਾਹੀਂ ਪੇਸ਼ ਕੀਤਾ। ਅੰਤ ਵਿੱਚ ਸਟੇਜ ਸੰਚਾਲਨ ਕਰ ਰਹੇ ਮੰਚ ਦੇ ਸਕੱਤਰ ਮੋਹਨ ਗਿੱਲ ਨੇ ਸਾਰੇ ਵਿਦਵਾਨਾਂ ਅਤੇ ਸਮਾਗਮ ਵਿੱਚ ਹਾਜ਼ਰ ਸਭਨਾਂ ਦਾ ਧੰਨਵਾਦ ਕੀਤਾ।
ਸਿੱਖਾਂ ਲਈ ਸਿੱਖਿਆ ਅਤੇ ਰੁਜ਼ਗਾਰ ਸਬੰਧੀ ਵਿਸ਼ਵ ਵਿਆਪੀ ਪਲੈਟਫਾਰਮ ਸਥਾਪਿਤ ਕਰਨ ’ਤੇ ਜ਼ੋਰ
ਸਰੀ: ਦੁਬਈ ਵਿੱਚ ‘ਪਲੈਨ ਬੀ’ ਗਰੁੱਪ ਦੇ ਸੰਸਥਾਪਕ ਤੇ ਮਾਲਕ ਅਤੇ ਦੁਬਈ ਦੇ ਵਪਾਰਕ ਤੇ ਸਮਾਜਿਕ ਖੇਤਰ ਦੀ ਸ਼ਖ਼ਸੀਅਤ ਡਾਕਟਰ ਹਰਮੀਕ ਸਿੰਘ ਬੀਤੇ ਦਿਨ ਵੈਨਕੂਵਰ ਆਏ ਅਤੇ ਉਨ੍ਹਾਂ ਬੀ.ਸੀ. ਪੰਜਾਬੀ ਪ੍ਰੈੱਸ ਕਲੱਬ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਆਪਣੀ ਗੱਲਬਾਤ ਦੌਰਾਨ ਉਨ੍ਹਾਂ ਸਿੱਖ ਕਮਿਊਨਿਟੀ ਲਈ ਇੱਕ ਅਜਿਹਾ ਪਲੈਟਫਾਰਮ ਸਥਾਪਿਤ ਕਰਨ ’ਤੇ ਜ਼ੋਰ ਦਿੱਤਾ ਜਿਸ ਰਾਹੀਂ ਸਿੱਖਿਆ ਤੇ ਸਿਸਟਮ ਨੂੰ ਕਾਰਗਰ ਬਣਾ ਕੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਇੱਕ ਵਿਸ਼ਵ ਪੱਧਰੀ ਪਲੈਟਫਾਰਮ ਸਥਾਪਿਤ ਕਰਨਾ ਚਾਹੀਦਾ ਹੈ ਜਿਸ ਰਾਹੀਂ ਅਸੀਂ ਆਪਣੀ ਵਿਰਾਸਤੀ ਜਾਣਕਾਰੀ ਨਵੀਂ ਪੀੜ੍ਹੀ ਤੱਕ ਪਹੁੰਚਾ ਸਕੀਏ। ਇਸ ਸਬੰਧੀ ਆਪਣੇ ਵੱਲੋਂ ਕੀਤੇ ਜਾ ਰਹੇ ਕਾਰਜ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਦੁਬਈ ਵਿੱਚ ‘ਸਿੱਖ ਵਰਲਡ’ ਪ੍ਰੋਗਰਾਮ ਕਰਵਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੁਝ ਕਰਨ ਦੇ ਸਮਰੱਥ ਹਨ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਮਿਊਨਿਟੀ ਲਈ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਭ ਨੂੰ ਸਿੱਖ ਜਗਤ ਨਾਲ ਜੁੜਨਾ ਚਾਹੀਦਾ ਹੈ। ਜਿੰਨੀ ਵੱਡੀ ਗਿਣਤੀ ਵਿੱਚ ਅਸੀਂ ਇਕੱਠੇ ਹੋਵਾਂਗੇ, ਰਲ ਕੇ ਕੋਈ ਕੰਮ ਕਰਾਂਗੇ, ਅਸੀਂ ਓਨੀ ਹੀ ਵੱਡੀ ਸਫਲਤਾ ਹਾਸਲ ਕਰ ਸਕਾਂਗੇ। ਨੌਜਵਾਨ ਪੀੜ੍ਹੀ ਲਈ ਫੰਡਿੰਗ ਕਰਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੰਜਾਬੀ ਭਾਈਚਾਰੇ ਦਾ ਇੱਕ ਵਿਸ਼ਵ ਪੱਧਰੀ ਪਲੈਟਫਾਰਮ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਯੂਏਈ ਵਿੱਚ ਉਨ੍ਹਾਂ ਨੇ ਇੱਕ ਅਜਿਹਾ ਪਲੈਟਫਾਰਮ ਸਥਾਪਿਤ ਕੀਤਾ ਹੋਇਆ ਹੈ ਜਿੱਥੇ ਨੌਜਵਾਨਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਤੇ ਉਨ੍ਹਾਂ ਨੂੰ ਗੁੰਮਰਾਹ ਹੋਣ ਤੋਂ ਅਤੇ ਗ਼ਲਤ ਹੱਥਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ। ਇਸ ਰਾਹੀਂ ਸੈਂਕੜੇ ਕੁੜੀਆਂ ਨੂੰ ਗੁਮਰਾਹਕੁੰਨ ਅਨਸਰਾਂ ਤੋਂ ਬਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਆਲਮੀ ਪੱਧਰ ’ਤੇ ਕਰਕੇ ਅਤੇ ਪਾਰਦਰਸ਼ੀ ਸੋਚ ਅਪਣਾ ਕੇ ਅਸੀਂ ਨੌਜਵਾਨਾਂ ਵਿੱਚ ਵਧ ਰਹੀ ਉਦਾਸੀਨਤਾ ਨੂੰ ਮਿਟਾ ਸਕਦੇ ਹਾਂ।
ਸੰਪਰਕ: +1 604 308 6663