ਆਈਆਈਸੀ ਬਰੂਗੇਲ ਸੈਮੀਨਾਰ ’ਚ ਭਾਰਤ-ਯੂਰਪ ਸਬੰਧਾਂ ਬਾਰੇ ਚਰਚਾ
ਅਜੈ ਬੈਨਰਜੀ
ਨਵੀਂ ਦਿੱਲੀ, 4 ਫਰਵਰੀ
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਕਿਹਾ ਕਿ ਆਲਮੀ ਵਿਕਾਸ ਤੇ ਤਕਨੀਕੀ ਉੱਨਤੀ ਲਈ ‘ਸੁਰੱਖਿਅਤ ਰਾਹ’ ਬਣਾਉਣ ਵਿੱਚ ਭਾਰਤ ਤੇ ਯੂਰਪੀ ਸੰਘ ਦਰਮਿਆਨ ਭਾਈਵਾਲੀ ਅਹਿਮ ਹੈ। ਇਹ ਸਥਿਰਤਾ, ਜਲ ਸੈਨਾ ਸੁਰੱਖਿਆ ਅਤੇ ਸ਼ਾਂਤੀ ਲਈ ਮਹੱਤਵਪੂਰਨ ਹੈ। ਭਾਰਤ-ਯੂਰਪੀ ਸੰਘ ਗੋਲਮੇਜ਼ ਸੰਮੇਲਨ (2001-2008) ਦੇ ਪਹਿਲੇ ਸਹਿ-ਚੇਅਰਮੈਨ ਰਹੇ ਸ੍ਰੀ ਵੋਹਰਾ ਇੱਥੇ ਇੰਡੀਆ ਇੰਟਰਨੈਸ਼ਨਲ ਸੈਂਟਰ ਅਤੇ ਯੂਰਪ ਦੇ ਥਿੰਕ ਟੈਂਕ ‘ਬਰੂਗੇਲ’ ਵੱਲੋਂ ਕਰਵਾਏ ਸੈਮੀਨਾਰ ਦੇ ਦੂਸਰੇ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਭਾਰਤ ਅਤੇ ਯੂਰਪੀ ਸੰਘ ਦੀਆਂ ਸਾਂਝੀਆਂ ਤਰਜੀਹਾਂ -ਵਪਾਰ, ਆਰਥਿਕ ਸਹਿਯੋਗ, ਜਲਵਾਯੂ ਪਰਿਵਰਤਨ, ਊਰਜਾ, ਉੱਚ ਤਕਨੀਕ ਅਤੇ ਏਆਈ ’ਤੇ ਚਰਚਾ ਕਰਨ ਲਈ ਸੈਮੀਨਾਰ ਅੱਜ ਸ਼ੁਰੂ ਹੋ ਗਿਆ ਹੈ। ਸ੍ਰੀ ਵੋਹਰਾ ਨੇ ਕਿਹਾ ਕਿ ਭਾਰਤ ਤੇ ਯੂਰਪੀ ਸੰਘ ਦਰਮਿਆਨ ਲੋਕਤੰਤਰ, ਪ੍ਰਭਾਵਸ਼ਾਲੀ ਬਹੁ-ਸਾਹਿਤਵਾਦ ਅਤੇ ਨਿਯਮ-ਅਧਾਰਤ ਵਿਵਸਥਾ ’ਚ ਇਕਸਾਰਤਾ ਹੈ। ਇਹ ਸਬੰਧ ਖ਼ਰੀਦਦਾਰ-ਵਿਕਰੇਤਾ ਵਿਵਸਥਾ ਵਿੱਚ ਨਿੱਘਾ ਅਤੇ ਵਿਆਪਕ ਭਾਈਵਾਲੀ ਵਜੋਂ ਵਿਕਸਤ ਹੋਇਆ ਹੈ। ਉਨ੍ਹਾਂ ਕਿਹਾ, ‘‘ਅਸੀਂ ਇੱਕ-ਦੂਜੇ ਦੇ ਮਸਲਿਆਂ ਬਾਰੇ ਭਰੋਸੇਯੋਗ ਸਮਝ ਵਿਕਸਤ ਕਰ ਚੁੱਕੇ ਹਾਂ।’’ ਭਾਰਤ ਅਤੇ ਯੂਰਪੀ ਸੰਘ ਦਰਮਿਆਨ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਨੌਂ ਗੇੜਾਂ ਦੀ ਗੱਲਬਾਤ ਹੋ ਚੁੱਕੀ ਹੈ।
ਦੋਵੇਂ ਧਿਰਾਂ ਵਚਨਬੱਧ ਹਨ ਅਤੇ ਭਾਰਤ-ਯੂਰਪੀ ਸੰਘ ਆਰਥਿਕ ਭਾਈਵਾਲੀ ਲਈ ਛੇ ਨੁਕਾਤੀ ਯੋਜਨਾ ਦਾ ਐਲਾਨ ਕੀਤਾ ਹੈ। ਵਪਾਰ ਸਮਝੌਤਾ ਸੰਤੁਲਿਤ ਅਤੇ ਦੋਵਾਂ ਧਿਰਾਂ ਲਈ ਸਮਾਨ ਰੂਪ ਵਿੱਚ ਲਾਹੇਵੰਦ ਹੋਣਾ ਚਾਹੀਦਾ ਹੈ। ਸ੍ਰੀ ਵੋਹਰਾ ਨੇ ਰੱਖਿਆ, ਡਿਜੀਟਲ ਟੈਕਨਾਲੌਜੀ, ਪੁਲਾੜ, ਪਰਮਾਣੂ ਸਹਿਯੋਗ, ਸਿਹਤ, ਸਿੱਖਿਆ, ਖੇਤੀਬਾੜੀ ਵਰਗੇ ਅਹਿਮ ਖੇਤਰਾਂ ਦਾ ਜ਼ਿਕਰ ਕਰਦਿਆਂ ਕਿਹਾ ਬਹੁ-ਧਰੁਵੀ ਸੰਸਾਰ ਵਿੱਚ ਭਾਰਤ ਅਤੇ ਯੂਰਪੀ ਸੰਘ ਕੁਦਰਤੀ ਭਾਈਵਾਲ ਹਨ।
ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਮੌਜੂਦਾ ਸਬੰਧ ਪਹਿਲਾਂ ਨਾਲੋਂ ਬਿਹਤਰ: ਜੈਸ਼ੰਕਰ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ-ਯੂਰਪੀ ਵਿਚਾਲੇ ਸਬੰਧ ਪਹਿਲਾਂ ਨਾਲੋਂ ਵੱਧ ਅਹਿਮ ਹਨ ਤੇ ਇਸ ਗੱਲ ਜ਼ੋਰ ਦਿੱਤਾ ਕਿ ਇੰਨੀ ਅਸਥਿਰ ਤੇ ਅਨਿਸ਼ਚਿਤ ਦੁਨੀਆ ’ਚ ਦੋਵਾਂ ਧਿਰਾਂ ਵਿਚਾਲੇ ਮਜ਼ਬੂਤ ਸਬੰਧ ‘‘ਸਥਿਰਤਾ ਦੇ ਨਜ਼ਰੀਏ ਤੋਂ ਅਹਿਮ ਕਾਰਕ’’ ਹੋ ਸਕਦੇ ਹਨ। ਵਿਦੇਸ਼ ਮੰਤਰੀ ਨੇ ਇਹ ਦਾਅਵਾ ਇੱਥੇ ਭਾਰਤੀ ਕੌਮਾਂਤਰੀ ਕੇਂਦਰ (ਆਈਆਈਸੀ) ਵਿੱਚ ਹੋ ਰਹੇ ਦੂਜੇ ਸਾਲਾਨਾ ਆਈਆਈਸੀ ਬਰੂਗੇਲ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ।
ਵਿਦੇਸ਼ ਮੰਤਰੀ ਨੇ ਆਪਣੇ ਸੰਬੋਧਨ ’ਚ ਵਪਾਰ ਤੇ ਡਿਜੀਟਲ ਤਕਨਾਲੋਜੀ, ਜਲਵਾਯੂ ਤਬਦੀਲੀ ਕਾਰਵਾਈ ਤੇ ਭੂ-ਰਾਜਨੀਤੀ ਤੋਂ ਇਲਾਵਾ ਅੰਤਰ-ਸਬੰਧਾਂ ਦੇ ਪਹਿਲੂਆਂ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਆਲਮੀ ਵਿਵਸਥਾ ਨੂੰ ਹੋਰ ਸਪੱਸ਼ਟ ਕਰਨ ਬਾਰੇ ਚਰਚਾ ਹੋ ਰਹੀ ਹੈ। ਉਨ੍ਹਾਂ ਮੁਤਾਬਕ, ‘ਤੱਥ ਇਹ ਹੈ ਕਿ ਜਿਸ ਆਮ ਸਹਿਮਤੀ ਦੇ ਆਧਾਰ ’ਤੇ ਬਣਾਈ ਹੈ, ਉਸ ਨੇ ਪਹਿਲਾਂ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਅਸੀਂ ਅਸਲ ਵਿੱਚ ਬਹੁ-ਧਰੁਵੀ ਤੇ ਪੁਨਰ-ਤਵਾਜ਼ਨ ਦੇ ਦੌਰ ’ਚ ਦਾਖਲ ਹੋ ਰਹੇ ਹਾਂ, ਜਿੰਨੀ ਛੇਤੀ ਅਸੀਂ ਇਹ ਸਚਾਈ ਸਵੀਕਾਰ ਕਰਾਂਗੇ, ਸਾਡੇ ਸਭ ਲਈ ਓਨਾ ਹੀ ਬਿਹਤਰ ਹੋਵੇਗਾ।’’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਕੁਝ ਅਜਿਹੇ ਸਵਾਲ ਹਨ, ਜਿਨ੍ਹਾਂ ਦਾ ਸਾਹਮਣਾ ਅੱਜ ਭਾਰਤ ਤੇ ਯੂਰੋਪੀਅਨ ਯੂਨੀਅਨ ਕਰ ਰਹੇ ਹਨ। ਵਿਦੇਸ਼ ਮੰਤਰੀ ਨੇ ਕਿਹਾ, ‘‘ਇਹ ਅਹਿਮ ਹੈ ਕਿ ਜਦੋਂ ਅਸੀਂ ਢੁੱਕਵੀਆਂ ਨੀਤੀਆਂ ਤੇ ਪ੍ਰਤੀਕਿਰਿਆਵਾਂ ’ਤੇ ਵਿਚਾਰ ਕਰੀਏ ਤਾਂ ਗੱਲਬਾਤ ’ਚ ਇਮਾਨਦਾਰੀ ਝਲਕਦੀ ਹੋਵੇ। ਸਾਡੇ ਹਿੱਤ ਤੇ ਕਦਰਾਂ ਕੀਮਤਾਂ ਨਿਸ਼ਚਿਤ ਤੌਰ ’ਤੇ ਇੱਕੋ ਜਿਹੀਆਂ ਹਨ। ਤਰਜੀਹ ਤੇ ਵਿਸ਼ੇਸ਼ਤਾ ’ਤੇ ਕੁਝ ਮਤਭੇਦ ਹੋ ਸਕਦੇ ਹਨ ਪਰ ਜਿਹੜੀ ਚੀਜ਼ ਸਾਨੂੰ ਜੋੜਦੀ ਹੈ ਉਹ ਕਿਤੇ ਵੱਧ ਮਜ਼ਬੂਤ ਭਾਵਨਾ ਹੈ।’’ ਉਨ੍ਹਾਂ ਕਿਹਾ, ‘‘ਆਖਰਕਾਰ ਅਸੀਂ ਰਾਜਨੀਤਕ ਜਮਹੂਰੀਅਤ, ਬਹੁਲਵਾਦੀ ਸਮਾਜ ਤੇ ਬਾਜ਼ਾਰ ਅਰਥਚਾਰੇ ਹਾਂ।’’ -ਪੀਟੀਆਈ