ਗੋਪਾਲ ਸਿੰਘ ਦੀ ਪੁਸਤਕ ‘ਮਿੱਟੀ ਦੀ ਕਸਕ’ ਉਤੇ ਭਖ਼ਵੀਂ ਚਰਚਾ
ਸ਼ਗਨ ਕਟਾਰੀਆ
ਬਠਿੰਡਾ, 6 ਅਗਸਤ
ਪੰਜਾਬੀ ਸਾਹਿਤ ਸਭਾ ਬਠਿੰਡਾ ਵੱਲੋਂ ਗੋਪਾਲ ਸਿੰਘ ਕੋਟਫੱਤਾ (ਸੇਵਾਮੁਕਤ ਪੀਸੀਐੱਸ) ਦੀ ਕਾਵਿ ਪੁਸਤਕ ‘ਮਿੱਟੀ ਦੀ ਕਸਕ’ ’ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੇ ਵਾਰਤਾਕਾਰ ਰਾਮ ਸਿੰਘ, ਅਜਾਇਬ ਸਿੰਘ ਭੱਟੀ, ਅਮਰ ਸਿੰਘ ਸਿੱਧੂ ਅਤੇ ਟਹਿਲ ਸਿੰਘ ਸੁਸ਼ੋਭਿਤ ਸਨ। ਸਮਾਗਮ ਦਾ ਆਗ਼ਾਜ਼ ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਉਨ੍ਹਾਂ ਗੋਪਾਲ ਸਿੰਘ ਦੀਆਂ ਜੀਵਨ ਪ੍ਰਾਪਤੀਆਂ ਅਤੇ ਸਾਹਿਤਕ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਕਿਰਤੀ ਪਰਿਵਾਰ ’ਚੋਂ ਉੱਠ ਕੇ ਅਤੇ ਉੱਚ ਅਹੁਦੇ ’ਤੇ ਪਹੁੰਚ ਕੇ ਵੀ ਕਿਰਤੀ ਸਮਾਜ ਨਾਲ ਜੁੜੇ ਰਹੇ। ਹਰਵਿੰਦਰ ਸਿੰਘ ਸਿਰਸਾ ਨੇ ਪੁਸਤਕ ਉੱਪਰ ਪਰਚਾ ਪੜ੍ਹਦਿਆਂ ਕਿਹਾ ਕਿ ਲੋਕਾਂ ਨੂੰ ਰਾਸ਼ਟਰਵਾਦ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਤੇ ਪਰਵਾਸ ਅਤੇ ਖੁਦਕਸ਼ੀਆਂ ਬਾਰੇ ਸੋਚਣਾ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਸਾਹਿਤ ਵਿੱਚ ਕਿਰਤ ਦੀ ਭੂਮਿਕਾ ਹਮੇਸ਼ਾ ਮਹੱਤਵਪੂਰਨ ਰਹੀ ਹੈ ਅਤੇ ਰਹੇਗੀ। ਉੱਘੇ ਨਾਵਲਕਾਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਟੁੱਟੀਆਂ ਹਸਰਤਾਂ ਵਾਲੇ ਹੀ ਬੁੱਤਕਾਰ, ਚਿੱਤਰਕਾਰ ਅਤੇ ਕਵਿਤਾਕਾਰ ਹੁੰਦੇ ਹਨ। ਉਨ੍ਹਾਂ ਕਿਹਾ ਪੁਸਤਕ ਵਿਚਲੀਆਂ ਕਵਿਤਾਵਾਂ ਉਸ ਸਮੇਂ ਦੀ ਯਾਦ ਦਿਵਾਉਂਦੀਆਂ ਹਨ, ਜਦ ਰਿਸ਼ਤਿਆਂ ਦਾ ਤਾਰਾ ਮੰਡਲ ਸਾਰੇ ਸਿਰਾਂ ’ਤੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਰਚਨਾਵਾਂ ਸੰਵਾਦ ਰਚਾਉਂਦੀਆਂ ਹਨ। ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪੁਸਤਕ ਜੀਵਨ ਦੇ ਸਫ਼ਰ ਦੀ ਕਿਰਤ ਬਿਆਨ ਕਰਦੀ ਹੈ। ਸਤਨਾਮ ਸਿੰਘ ਜੱਸਲ ਨੇ ਕਿਹਾ ਕਿ ਕਿਤਾਬ ਵਿੱਚੋ ਲੋਕਾਂ ਦੀ ਹੂਕ ਨਾਲ ਜੁੜੀ ਸੋਚ ਪ੍ਰਤੱਖ ਹੁੰਦੀ ਹੈ ਅਤੇ ਮਾਨਵਵਾਦੀ ਕਦਰਾਂ ਕੀਮਤਾਂ ਅਤੇ ਮੌਲਿਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਪ੍ਰਧਾਨਗੀ ਭਾਸ਼ਣ ’ਚ ਰਾਮ ਸਿੰਘ ਨੇ ਕਿਹਾ ਕਿ ਆਲੋਚਕ ਜਾਂ ਵਿਸ਼ਲੇਸ਼ਕ ਰਚਨਾ ਨੂੰ ਭਾਵੇਂ ਕਿਸੇ ਨਾਲ ਵੀ ਜੋੜ ਦੇਣ ਪਰ ਉਸ ਵਿੱਚ ਲੇਖਕ ਦਾ ਆਪਣਾ ਦੁੱਖ ਸਮਾਇਆ ਹੁੰਦਾ ਹੈ। ਉਨ੍ਹਾਂ ਤਰੰਨਮ ਵਿੱਚ ਇੱਕ ਗ਼ਜ਼ਲ ਵੀ ਪੇਸ਼ ਕੀਤੀ। ਇਸ ਮੌਕੇ ਸੀ. ਮਾਰਕੰਡਾ, ਅਮਰ ਸਿੰਘ ਸਿੱਧੂ, ਟਹਿਲ ਸਿੰਘ ਬੁੱਟਰ, ਅਮਰਜੀਤ ਸਿੰਘ ਸਿੱਧੂ, ਅਮਨ ਦਾਤੇਵਾਸੀਆ, ਸੁਰਜੀਤ ਸਿਰੜੀ, ਨਨਪਾਲ, ਅਮਰਜੀਤ ਸਿੰਘ ਹਰਿਆਣਾ ਤੇ ਹੋਰ ਮੌਜੂਦ ਸਨ। ਸਭਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਨੇ ਸਭਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮਹਿਮਾਨਾਂ ਨੂੰ ਕਿਤਾਬਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਤਰਜੀਤ ਕਹਾਣੀਕਾਰ, ਰਣਬੀਰ ਰਾਣਾ, ਪੋਰਿੰਦਰ ਸਿੰਗਲਾ, ਭੋਲਾ ਸਿੰਘ ਗਿੱਲਪੱਤੀ, ਭੂਪਿੰਦਰ ਮਾਨ, ਬੀਬਾ ਅੰਮ੍ਰਿਤ ਕਲੇਰ ਤੇ ਕਮਲ ਬਠਿੰਡਾ ਹਾਜ਼ਰ ਸਨ।