ਖੇਤੀ ਵਿਭਾਗ ਦੇ ਡਾਇਰੈਕਟਰ ਨਾਲ ਕਿਸਾਨ ਮਸਲਿਆਂ ’ਤੇ ਚਰਚਾ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 21 ਅਗਸਤ
ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਅੱਜ ਕਿਸਾਨਾਂ ਦਾ ਵਫ਼ਦ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੂੰ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਮਿਲਿਆ ਅਤੇ ਕਿਸਾਨਾਂ ਦੇ ਭਖ਼ਦੇ ਮਸਲਿਆਂ ’ਤੇ ਖੁੱਲ੍ਹ ਕੇ ਚਰਚਾ ਕੀਤੀ। ਕਿਸਾਨਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਵਾਰ ਹੜ੍ਹਾਂ ਕਾਰਨ ਝੋਨਾ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਕਾਫ਼ੀ ਥਾਵਾਂ ’ਤੇ ਕਿਸਾਨਾਂ ਨੂੰ ਦੂਜੀ ਵਾਰ ਝੋਨਾ ਲਾਉਣਾ ਪਿਆ ਹੈ। ਪੰਜਾਬ ਭਰ ’ਚੋਂ ਮਿਲੀਆਂ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੁੱਝ ਖਾਦ ਡੀਲਰ ਅਤੇ ਕੀਟਨਾਸ਼ਕ ਵਿਕਰੇਤਾ ਯੂਰੀਆ ਖਾਦ ਨਾਲ ਜਬਰੀ ਹੋਰ ਸਾਮਾਨ ਖ਼ਰੀਦਣ ਲਈ ਦਬਾਅ ਪਾ ਰਹੇ ਹਨ, ਜੋ ਸਰਾਸਰ ਗਲਤ ਹੈ। ਕਿਸਾਨਾਂ ਨੇ ਨਰਮਾ ਪੱਟੀ ਦੀ ਗੱਲ ਕਰਦਿਆਂ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਕਿ ਕਈ ਜ਼ਿਲ੍ਹਿਆਂ ਵਿੱਚ ਡਰ ਬਣਿਆ ਹੋਇਆ ਹੈ ਕਿ ਕਿਸਾਨਾਂ ਦੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਦੀ ਲਪੇਟ ਵਿੱਚ ਨਾ ਆ ਜਾਵੇ। ਇਸ ’ਤੇ ਡਾਇਰੈਕਟਰ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਮੌਕੇ ’ਤੇ ਹੀ ਪੰਜਾਬ ਦੇ ਸਾਰੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਤੜਨਾ ਕੀਤੀ ਕਿ ਯੂਰੀਆ ਅਤੇ ਹੋਰ ਖਾਦਾਂ ਨਾਲ ਕੁੱਝ ਡੀਲਰ ਕਿਸਾਨਾਂ ਨੂੰ ਜ਼ਬਰਦਸਤੀ ਹੋਰ ਸਮੱਗਰੀ ਵੇਚ ਕੇ ਮੁਨਾਫ਼ਾ ਕਮਾ ਰਹੇ ਹਨ, ਇਸ ਗੋਰਖ-ਧੰਦੇ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਅਤੇ ਡਾਇਰੈਕਟਰ ਨੇ ਇਹ ਵੀ ਦੱਸਿਆ ਕਿ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਨਰਮਾ ਪੱਟੀ ਦੇ ਇਲਾਕਿਆਂ ਵਿੱਚ ਖੇਤੀਬਾੜੀ ਵਿਭਾਗ ਅਤੇ ਐਗਰੀਕਲਚਰ ਯੂਨੀਵਰਸਿਟੀ ਦੇ ਮਾਹਰਾਂ ਦੀਆਂ ਟੀਮਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪਿੰਡਾਂ ਵਿੱਚ ਦੌਰਾ ਕਰਨਗੀਆਂ ਅਤੇ ਕਿਸਾਨਾਂ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਸ੍ਰੀ ਬਹਿਰੂ ਨੇ ਦੱਸਿਆ ਕਿ ਕਿਸਾਨ ਬਿਕਰਮਜੀਤ ਸਿੰਘ ਪਿੰਡ ਚੱਕ ਕੰਨੀਆਂ ਕਲਾਂ ਦੇ ਨਾਲ ਬੱਸੀ ਪਠਾਣਾਂ ਦੀ ਇੱਕ ਪ੍ਰਾਈਵੇਟ ਇੰਡਸਟਰੀਜ਼ ਵੱਲੋਂ ਮੱਕੀ ਦਾ ਆਚਾਰ, ਗੱਠਾਂ ਬੰਨ੍ਹਣ ਵਾਲੀ ਮਸ਼ੀਨ ਦਾ ਸੌਦਾ ਹੋਇਆ ਸੀ। ਜਿਸ ਵਿੱਚ ਕਿਸਾਨ ਨਾਲ ਧੋਖਾਧੜੀ ਕੀਤੀ ਗਈ ਹੈ ਕਿਉਂਕਿ ਕੰਪਨੀ ਕਿਸਾਨ ਦੇ ਪੈਸੇ ਦੱਬੀ ਬੈਠੀ ਹੈ। ਜਿਸ ’ਤੇ ਡਾਇਰੈਕਟਰ ਨੇ ਇੱਕ ਅਧਿਕਾਰੀ ਦੀ ਡਿਊਟੀ ਲਗਾਈ ਗਈ। ਕਿਸਾਨ ਵਫ਼ਦ ਨੇ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਕਿ ਵਿਭਾਗ ਵਿੱਚ ਬੈਠੇ ਕਥਿਤ ਭ੍ਰਿਸ਼ਟ ਅਫ਼ਸਰ ਖ਼ਿਲਾਫ਼ ਬਣਦੀ ਕਾਰਵਾਈ ਲਈ ਕੇਸ ਤਿਆਰ ਕਰਕੇ ਖੇਤੀਬਾੜੀ ਮੰਤਰੀ ਨੂੰ ਭੇਜਿਆ ਜਾਵੇ, ਜਿਸ ਦੇ ਖ਼ਿਲਾਫ਼ ਪਹਿਲਾਂ ਹੀ ਪੜਤਾਲਾਂ ਹੋ ਚੁੱਕੀਆਂ ਹਨ। ਜਿਸ ’ਤੇ ਵੀ ਡਾਇਰੈਕਟਰ ਨੇ ਭਰੋਸਾ ਦਿੰਦਿਆਂ ਕਿਹਾ ਕਿ ਇਸੇ ਹਫ਼ਤੇ ਜਾਂਚ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।