For the best experience, open
https://m.punjabitribuneonline.com
on your mobile browser.
Advertisement

ਕੁਦਰਤੀ ਸੋਮਿਆਂ ਦੀ ਸੰਭਾਲ ਤੇ ਮੌਸਮੀ ਤਬਦੀਲੀ ਦੀਆਂ ਚੁਣੌਤੀਆਂ ’ਤੇ ਚਰਚਾ

08:35 AM Mar 19, 2024 IST
ਕੁਦਰਤੀ ਸੋਮਿਆਂ ਦੀ ਸੰਭਾਲ ਤੇ ਮੌਸਮੀ ਤਬਦੀਲੀ ਦੀਆਂ ਚੁਣੌਤੀਆਂ ’ਤੇ ਚਰਚਾ
ਵੈਟਰਨਰੀ ’ਵਰਸਿਟੀ ’ਚ ਹੋਈ ਕਨਵੈਨਸ਼ਨ ਦੇ ਆਖਰੀ ਦਿਨ ਮੰਚ ’ਤੇ ਹਾਜ਼ਰ ਸ਼ਖ਼ਸੀਅਤਾਂ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਮਾਰਚ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ‘ਭੋਜਨ ਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ : ਭਾਰਤ 2047 ਦੀ ਦ੍ਰਿਸ਼ਟੀ ਅਤੇ ਉਸ ਤੋਂ ਅੱਗੇ ਤੱਕ’ ਵਿਸ਼ੇ ’ਤੇ ਚੱਲ ਰਹੀ 47ਵੀਂ ਉਪ-ਕੁਲਪਤੀ ਕਨਵੈਨਸ਼ਨ ਵਿੱਚ ਅੱਜ ਜੈਵ-ਵਿਭਿੰਨਤਾ, ਕੁਦਰਤੀ ਸੋਮਿਆਂ ਦੀ ਸੰਭਾਲ, ਮੌਸਮੀ ਤਬਦੀਲੀ ਦੀਆਂ ਚੁਣੌਤੀਆਂ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਵਿਸ਼ੇ ਮੁੱਖ ਚਰਚਾ ਦਾ ਵਿਸ਼ਾ ਰਹੇ।
ਯੂਨੀਵਰਸਿਟੀ ਆਫ ਸਸਕੈਚਵਨ, ਕੈਨੇਡਾ ਦੇ ਡਾ. ਬਲਜੀਤ ਸਿੰਘ ਨੇ ‘ਇਕ ਗ੍ਰਹਿ, ਇਕ ਸਿਹਤ ਅਤੇ ਇਕ ਭਵਿੱਖ’ ਵਿਸ਼ੇ ’ਤੇ ਵਿਚਾਰ ਰੱਖੇ। ਉਨ੍ਹਾਂ ਨੇ ਭੋਜਨ ਸੁਰੱਖਿਆ, ਗਰੀਨ ਹਾਊਸ ਗੈਸਾਂ, ਆਲਮੀ ਪੱਧਰ ’ਤੇ ਘੱਟਦਾ ਪਾਣੀ ਅਤੇ ਇਸ ਸੰਦਰਭ ਵਿੱਚ ਇਕ ਸਿਹਤ ਪਹੁੰਚ ਦੀਆਂ ਚੁਣੌਤੀਆਂ ਨੂੰ ਚਿੰਨ੍ਹਿਤ ਕੀਤਾ। ਉਨ੍ਹਾਂ ਕਿਹਾ ਕਿ ਸਭ ਲਈ ਭੋਜਨ, ਚੰਗੀ ਸਿਹਤ, ਸਾਫ ਪਾਣੀ, ਸਿਹਤਮੰਦ ਆਲਾ ਦੁਆਲਾ ਆਦਿ ਉਹ ਵਿਸ਼ੇ ਹਨ ਜਿਨ੍ਹਾਂ ’ਤੇ ਖੇਤੀਬਾੜੀ ਤੇ ਵੈਟਰਨਰੀ ਵਿਗਿਆਨੀਆਂ ਨੂੰ ਵਧੇਰੇ ਕੰਮ ਕਰਨ ਦੀ ਲੋੜ ਹੈ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਏਐੱਸ ਢੱਟ ਨੇ ਬਾਗਬਾਨੀ ਦੀ ਸਥਿਤੀ, ਚੁਣੌਤੀਆਂ ਅਤੇ ਭਵਿੱਖ ’ਤੇ ਰੌਸ਼ਨੀ ਪਾਈ। ਨਿਰਦੇਸ਼ਕ, ਸਕੂਲ ਆਫ ਆਰਗੈਨਿਕ ਫਾਰਮਿੰਗ ਡਾ. ਸੋਹਨ ਸਿੰਘ ਵਾਲੀਆ ਨੇ ਫਾਰਮਾਂ ਦੀ ਰਹਿੰਦ-ਖੂੰਹਦ ਘਟਾਉਣ, ਉਸ ਨੂੰ ਉਪਯੋਗ ਵਿਚ ਲਿਆਉਣ ਦੇ ਢੰਗ ਵੀ ਦੱਸੇ ਤਾਂ ਜੋ ਰਸਾਇਣਿਕ ਖਾਦਾਂ ਦੀ ਵਰਤੋਂ ਘਟ ਸਕੇ। ਭਾਰਤੀ ਖੇਤੀ ਖੋਜ ਪਰਿਸ਼ਦ ਦੇ ਉਪ ਮਹਾਨਿਰਦੇਸ਼ਕ ਡਾ. ਆਰਸੀ ਅਗਰਵਾਲ ਨੇ ਕਿਹਾ, ‘‘ਆਲਮੀ ਪੱਧਰ ’ਤੇ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਉੱਚਿਆਂ ਚੁੱਕ ਕੇ ਅਸੀਂ ਦੂਸਰੇ ਮੁਲਕਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਧਾ ਸਕਦੇ ਹਾਂ।’’ ਇਸ ਮੌਕੇ ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੀ ਕਾਰਜਕਾਰਨੀ ਨੇ ਡਾ. ਪਰਵਿੰਦਰ ਕੌਸ਼ਲ ਨੂੰ ਜਥੇਬੰਦੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ। 11 ਅਧਿਆਪਕਾਂ ਨੂੰ ਮਿਸਾਲੀ ਕਾਰਜ ਕਰਨ ਲਈ ਸਰਵਉੱਤਮ ਅਧਿਆਪਕ, ਖੋਜੀ ਅਤੇ ਪਸਾਰ ਮਾਹਿਰ ਦਾ ਸਨਮਾਨ ਦਿੱਤਾ ਗਿਆ। ਸਮਾਪਨ ਸਮਾਗਮ ਵਿੱਚ ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਮੇਸ਼ਵਰ ਸਿੰਘ ਨੇ ਕਿਹਾ ਕਿ ਕਨਵੈਨਸ਼ਨ ਵਿਚ ਪ੍ਰਾਪਤ ਹੋਈਆਂ ਸਿਫਾਰਸ਼ਾਂ ਕਿਸਾਨ ਭਲਾਈ ਲਈ ਨਵੀਆਂ ਨੀਤੀਆਂ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਕਨਵੈਨਸ਼ਨ ਨੇ ਉਪ-ਕੁਲਪਤੀਆਂ ਅਤੇ ਨੀਤੀ ਘਾੜਿਆਂ ਨੂੰ ਖੇਤੀਬਾੜੀ ਅਤੇ ਪਸ਼ੂਧਨ ਕਿਸਾਨਾਂ ਦੇ ਪ੍ਰਤੀਨਿਧਾਂ ਅਤੇ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਬਹੁਤ ਵਧੀਆ ਮੌਕਾ ਦਿੱਤਾ ਹੈ। ਮੌਜੂਦਾ ਅਤੇ ਭਵਿੱਖੀ ਚੁਣੌਤੀਆਂ ਨੂੰ ਵਿਚਾਰਨ ਅਤੇ ਉਨ੍ਹਾਂ ਦੇ ਹੱਲ ਲੱਭਣ ਵਿੱਚ ਇਸ ਚਰਚਾ ਦਾ ਭਰਪੂਰ ਫਾਇਦਾ ਮਿਲੇਗਾ। ਉਨ੍ਹਾਂ ਨੇ ਆਏ ਹੋਏ ਸਾਰੇ ਸਾਇੰਸਦਾਨਾਂ ਅਤੇ ਕਨਵੈਨਸ਼ਨ ਨਾਲ ਸਬੰਧਿਤ ਧਿਰਾਂ ਦਾ ਧੰਨਵਾਦ ਕੀਤਾ।

Advertisement

Advertisement
Author Image

Advertisement
Advertisement
×