For the best experience, open
https://m.punjabitribuneonline.com
on your mobile browser.
Advertisement

ਮੋਦੀ ਤੇ ਮੈਕਰੌਂ ਵੱਲੋਂ ਦੁਵੱਲੇ ਮੁੱਦਿਆਂ ’ਤੇ ਚਰਚਾ

05:57 AM Jan 26, 2024 IST
ਮੋਦੀ ਤੇ ਮੈਕਰੌਂ ਵੱਲੋਂ ਦੁਵੱਲੇ ਮੁੱਦਿਆਂ ’ਤੇ ਚਰਚਾ
ਜੈਪੁਰ ’ਚ ਰੋਡ ਸ਼ੋਅ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ। -ਫੋਟੋ: ਪੀਟੀਆਈ
Advertisement

ਜੈਪੁਰ, 25 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਦੁਵੱਲੇ ਰਣਨੀਤਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਇਥੇ 19ਵੀਂ ਸਦੀ ਦੇ ਤਾਜ ਰਾਮਬਾਗ ਪੈਲੇਸ ਵਿੱਚ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਬੈਠਕ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਰੱਖਿਆ ਤੇ ਸੁਰੱਖਿਆ, ਵਣਜ, ਵਾਤਾਵਰਨ ਤਬਦੀਲੀ, ਪਰਮਾਣੂ ਊਰਜਾ ਅਤੇ ਵਿਦਿਆਰਥੀਆਂ ਤੇ ਪੇਸ਼ੇਵਰਾਂ ਦੀ ਮੋਬਿਲਟੀ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਫਰੈਂਚ ਰਾਸ਼ਟਰਪਤੀ ਮੈਕਰੌਂ ਅਜਿਹੇ ਮੌਕੇ ਭਾਰਤ ਆਏ ਹਨ ਜਦੋਂ ਦੋਵੇਂ ਮੁਲਕ ਦੋ ਵੱਡੇ ਰੱਖਿਆ ਸਮਝੌਤਿਆਂ, ਜਿਸ ਵਿੱਚ ਭਾਰਤ ਵੱਲੋਂ 26 ਰਾਫਾਲ-ਐੱਮ (ਮੈਰੀਨ ਵਰਸ਼ਨ) ਲੜਾਕੂ ਜਹਾਜ਼ ਤੇ ਤਿੰਨ ਫਰੈਂਚ ਡਿਜ਼ਾਈਨ ਵਾਲੀਆਂ ਸਕੌਰਪੀਨ ਪਣਡੁੱਬੀਆਂ ਦੀ ਖਰੀਦ ਸ਼ਾਮਲ ਹੈ, ਨੂੰ ਸਹੀਬੰਦ ਕਰਨ ’ਤੇ ਨਜ਼ਰਾਂ ਟਿਕਾਈ ਬੈਠੇ ਹਨ।
ਸ੍ਰੀ ਮੋਦੀ ਨੇ ਮੈਕਰੌਂ ਤੇ ਉਨ੍ਹਾਂ ਦੇ ਵਫ਼ਦ ਵਿਚ ਸ਼ਾਮਲ ਮੈਂਬਰਾਂ ਲਈ ਬੈਂਕੁਏਟ ਦੀ ਵੀ ਮੇਜ਼ਬਾਨੀ ਕੀਤੀ। ਮੈਕਰੋਂ ਭਲਕੇ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਕਰਤੱਵਿਆ ਪੱਥ ’ਤੇ ਕੱਢੀ ਜਾਣ ਵਾਲੀ ਪਰੇਡ ਮੌਕੇ ਮੁੱਖ ਮਹਿਮਾਨ ਹੋਣਗੇ। ਪਰੇਡ ਵਿਚ ਫਰਾਂਸ ਦੀ 95 ਮੈਂਬਰੀ ਮਾਰਚਿੰਗ ਟੁਕੜੀ ਤੇ 33 ਮੈਂਬਰੀ ਬੈਂਡ ਦੀ ਟੁਕੜੀ ਵੀ ਸ਼ਾਮਲ ਹੋਵੇਗੀ। ਦੋ ਰਾਫ਼ਾਲ ਲੜਾਕੂ ਜਹਾਜ਼ ਤੇ ਫਰੈਂਚ ਹਵਾਈ ਸੈਨਾ ਦਾ ਏਅਰਬੱਸ ਏ330 ਮਲਟੀ-ਰੋਲ ਟੈਂਕਰ ਮਾਲਵਾਹਕ ਜਹਾਜ਼ ਵੀ ਪਰੇਡ ਦਾ ਹਿੱਸਾ ਬਣੇਗਾ। ਫਰੈਂਚ ਮਾਰਚਿੰਗ ਟੁੱਕੜੀ ਵਿੱਚ ਛੇ ਭਾਰਤੀ ਵੀ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਜੰਤਰ ਮੰਤਰ ਤੋਂ ਹਵਾ ਮਹਿਲ ਤੱਕ ਕੱਢੇ ਰੋਡ ਸ਼ੋਅ ’ਚ ਸ਼ਾਮਲ ਹੋਏ। ਮੈਕਰੌਂ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ’ਤੇ ਦੋ ਰੋਜ਼ਾ ਫੇਰੀ ਲਈ ਭਾਰਤ ਦੇ ਸਰਕਾਰੀ ਦੌਰੇ ’ਤੇ ਆਏ ਹਨ। ਰੋਡਸ਼ੋਅ ਦੌਰਾਨ ਸੜਕ ਕੰਢੇ ਖੜ੍ਹੇ ਵੱਡੀ ਗਿਣਤੀ ਲੋਕਾਂ ਨੇ ਸ੍ਰੀ ਮੋਦੀ ਤੇ ਮੈਕਰੌਂ ਦਾ ਸਵਾਗਤ ਕੀਤਾ। ਫਰੈਂਚ ਰਾਸ਼ਟਰਪਤੀ ਨੇ ਹੱਥ ਹਿਲਾ ਕੇ ਲੋਕਾਂ ਦੇ ਨਿੱਘੇ ਸਵਾਗਤ ਨੂੰ ਕਬੂਲ ਕੀਤਾ। ਇਸ ਦੌਰਾਨ ਲੋਕਾਂ ਵੱਲੋਂ ਆਗੂਆਂ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਰੋਡ ਸ਼ੋਅ ਉਪਰੰਤ ਸ੍ਰੀ ਮੋਦੀ ਤੇ ਰਾਸ਼ਟਰਪਤੀ ਮੈਕਰੌਂ ਹਵਾ ਮਹਿਲ ਗਏ।
ਉਂਜ ਅੱਜ ਦਿਨੇਂ ਭਾਰਤ ਪੁੱਜੇ ਰਾਸ਼ਟਰਪਤੀ ਮੈਕਰੌਂ ਨੂੰ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਰਾਜਸਥਾਨ ਦੇ ਮੁੱਖ ਮੰਤਰੀ ਨੇ ਹਵਾਈ ਅੱਡੇ ’ਤੇ ਜੀ ਆਇਆਂ ਆਖਿਆ। ਇਥੋਂ ਮੈਕਰੌਂ ਜੈਪੁਰ ਦੇ ਆਮਿਰ ਕਿਲ੍ਹੇ ਗਏ, ਜਿੱਥੇ ਉਨ੍ਹਾਂ ਜੈਸ਼ੰਕਰ ਤੇ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਨਾਲ ਤਸਵੀਰਾਂ ਖਿਚਵਾਈਆਂ। ਫਰੈਂਚ ਰਾਸ਼ਟਰਪਤੀ ਨੇ ਘੁੰਮ ਕੇ ਸ਼ਾਹੀ ਕਿਲ੍ਹੇ ਨੂੰ ਦੇਖਿਆ। ਉਨ੍ਹਾਂ ਨੂੰ ਕਿਲ੍ਹੇ ਦੇ ਇਤਿਹਾਸ ਤੇ ਭਵਨ ਨਿਰਮਾਣ ਬਾਰੇ ਜਾਣਕਾਰੀ ਦਿੱਤੀ ਗਈ। ਮੈਕਰੌਂ ਨੇ ਰਾਜਸਥਾਨੀ ਪੇਂਟਿੰਗਜ਼ ਤੇ ਕਲਾ ਦੀ ਤਾਰੀਫ਼ ਕੀਤੀ ਤੇ ਉਹ ਕਿਲ੍ਹੇ ਵਿੱਚ ਕਲਾਕਾਰਾਂ ਦੇ ਰੂਬਰੂ ਵੀ ਹੋਏ। ਰਾਸ਼ਟਰਪਤੀ ਮੈਕਰੌਂ ਮਗਰੋਂ ਜੰਤਰ ਮੰਤਰ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ। ਸ੍ਰੀ ਮੋਦੀ ਨੇ ਮੈਕਰੌਂ ਦਾ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਸ੍ਰੀ ਮੋਦੀ ਨੇ ਮੈਕਰੌਂ ਨੂੰ ਤੋਹਫੇ ਵਿਚ ਰਾਮ ਮੰਦਰ ਦੀ ਰੈਪਲਿਕਾ (ਪ੍ਰਤੀਰੂਪ) ਦਿੱਤੀ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਨੇ ਵਿਦੇਸ਼ੀ ਮਹਿਮਾਨ ਨੂੰ ਚਾਹ ਦੀ ਇਕ ਦੁਕਾਨ ਤੋਂ ਮਸਾਲਾ ਚਾਹ ਦੀ ਪੇਸ਼ਕਸ਼ ਵੀ ਕੀਤੀ। ਰਾਜਸਥਾਨ ਵਿੱਚ 3 ਦਸੰਬਰ ਨੂੰ ਭਾਜਪਾ ਦੀ ਸਰਕਾਰ ਬਣਨ ਮਗਰੋਂ ਸ੍ਰੀ ਮੋਦੀ ਦੀ ਜੈਪੁਰ ਸ਼ਹਿਰ ਦੀ ਇਹ ਤੀਜੀ ਫੇਰੀ ਹੈ।
ਰਾਸ਼ਟਰਪਤੀ ਮੈਕਰੌਂ ਭਲਕੇ ਨਵੀਂ ਦਿੱਲੀ ਵਿਚ 75ਵੇਂ ਗਣਤੰਤਰ ਦਿਵਸ ਪਰੇਡ ਮੌਕੇ ਮੁੱਖ ਮਹਿਮਾਨ ਹੋਣਗੇ। ਉਂਜ ਇਹ 6ਵੀਂ ਵਾਰ ਹੈ ਜਦੋਂ ਫਰਾਂਸ ਦਾ ਕੋਈ ਆਗੂ ਭਾਰਤ ਦੇ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਬਣ ਰਿਹਾ ਹੈ। ਮੈਕਰੌਂ ਅਜਿਹੇ ਮੌਕੇ ਭਾਰਤ ਆਏ ਹਨ ਜਦੋਂ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਨੂੰ 25 ਸਾਲ ਪੂਰੇ ਹੋ ਗਏ ਹਨ। ਯਾਦ ਰਹੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ 14 ਜੁਲਾਈ ਨੂੰ ਪੈਰਿਸ ਦੀ ਫੇਰੀ ਮੌਕੇ ਫਰਾਂਸ ਦੇ ਬੈਸਿਲ ਡੇਅ ਮੌਕੇ ਮੁੱਖ ਮਹਿਮਾਨ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×