ਭਾਜਪਾ ਵੱਲੋਂ ਮੋਦੀ ਸਰਕਾਰ ਦੇ ਨੌਂ ਸਾਲ ਦੇ ਕੰਮਾਂ ਦੀ ਚਰਚਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਸਿੰਘ ਨੇ ਅੱਜ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਮੋਦੀ ਸਰਕਾਰ ਦੇ 9 ਸਾਲਾਂ ਦੌਰਾਨ ਪੱਛਮੀ ਦਿੱਲੀ ਵਿੱਚ ਹੋਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੂਬਾਈ ਬੁਲਾਰੇ ਵਰਿੰਦਰ ਬੱਬਰ ਵੀ ਹਾਜ਼ਰ ਸਨ। ਸ੍ਰੀ ਸਚਦੇਵਾ ਨੇ ਕਿਹਾ ਕਿ ਭਾਰਤ ਵਿਸ਼ਵ ਨੇਤਾ ਬਣਨ ਵੱਲ ਵਧ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਵਿਦੇਸ਼ਾਂ ਵਿੱਚ ਭਾਰਤ ਦਾ ਅਕਸ ਪਹਿਲਾਂ ਕਦੇ ਅਜਿਹਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪੱਛਮੀ ਦਿੱਲੀ ਲੋਕ ਸਭਾ ਹਲਕੇ ਵਿੱਚ ਕੋਵਿਡ ਦੇ ਸਮੇਂ ਦੌਰਾਨ ਉਨ੍ਹਾਂ ਨੇ ਵੱਡੇ ਹਸਪਤਾਲ ਬਣਾਉਣ, ਵੱਡੇ ਕੇਂਦਰ ਬਣਾਉਣ ਤੇ ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ਸਮੇਤ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਨ ਦਾ ਕੰਮ ਕੀਤਾ।
ਸੰਸਦ ਮੈਂਬਰ ਨੇ ਆਪਣੇ ਇਲਾਕੇ ਵਿੱਚ ਕੀਤੇ ਕੰਮਾਂ ਦਾ ਲੇਖਾ ਜੋਖਾ ਰੱਖਿਆ ਅਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਵਾਸੀਆਂ ਲਈ ਕੀਤੇ ਗਏ ਕੰਮਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਿੱਲੀ ਨੂੰ ਸਰਵਪੱਖੀ ਵਿਕਾਸ ਦੇਣਾ ਚਾਹੁੰਦੇ ਹਨ ਅਤੇ ਪੱਛਮੀ ਦਿੱਲੀ ਦੇ ਦਵਾਰਕਾ ਵਿੱਚ ਬਣਾਇਆ ਜਾ ਰਿਹਾ ਅੰਤਰਰਾਸ਼ਟਰੀ ਪੱਧਰ ਦਾ ਕਨਵੈਨਸ਼ਨ ਸੈਂਟਰ ਦਿੱਲੀ ਨੂੰ ਵਿਸ਼ਵ ਦੇ ਨਕਸ਼ੇ ਵਿੱਚ ਇੱਕ ਮੋਹਰੀ ਕਨਵੈਨਸ਼ਨ ਸਿਟੀ ਬਣਾ ਦੇਵੇਗਾ। ਨਜਫਗੜ੍ਹ ਵਿੱਚ 100 ਬਿਸਤਰਿਆਂ ਵਾਲਾ ਹਸਪਤਾਲ ਬਣਵਾਇਆ, ਜਿਸ ਦਾ ਕੰਮ ਪਿਛਲੇ 20 ਸਾਲਾਂ ਤੋਂ ਲਟਕ ਰਿਹਾ ਸੀ। ਦਵਾਰਕਾ – ਗੁਰੂਗ੍ਰਾਮ ਐਕਸਪ੍ਰੈਸ ਹਾਈਵੇਅ ਦਾ ਕੰਮ ਅਤੇ ਦਵਾਰਕਾ ਐਕਸਪ੍ਰੈਸ ਹਾਈਵੇਅ ਨੂੰ ਸਿੱਧੇ ਏਅਰਪੋਰਟ ਨਾਲ ਜੋੜਨ ਦਾ ਕੰਮ ਕੀਤਾ ਗਿਆ।