ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਜਪਾ ਵੱਲੋਂ ਡੱਬਵਾਲੀ ’ਚੋਂ ਸਿੱਖ ਚਿਹਰੇ ਨੂੰ ਉਮੀਦਵਾਰ ਬਣਾਉਣ ਦੀ ਚਰਚਾ

07:48 AM Sep 09, 2024 IST
ਬਲਦੇਵ ਸਿੰਘ ਮਾਂਗੇਆਣਾ।

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 8 ਸਤੰਬਰ
ਡੱਬਵਾਲੀ ਤੋਂ ਅਦਿੱਤਿਆ ਚੌਟਾਲਾ ਦੀ ਇਨੈਲੋ ਵਿਚ ਸ਼ਮੂਲੀਅਤ ਮਗਰੋਂ ਭਾਜਪਾ ਸਿੱਖ ਚਿਹਰੇ ਨੂੰ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬੀ ਬਹੁਗਿਣਤੀ ਵਾਲੇ ਹਲਕੇ ਡੱਬਵਾਲੀ ਤੋਂ ਬਲਦੇਵ ਸਿੰਘ ਮਾਂਗੇਆਣਾ ਦਾ ਨਾਂ ਮੁੱਖ ਤੌਰ ’ਤੇ ਭਾਜਪਾ ਉਮੀਦਵਾਰਾਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ ਪਰ ਉਨ੍ਹਾਂ ਡੱਬਵਾਲੀ ਤੋਂ ਚੋਣ ਲੜਨ ਦੀ ਚਰਚਾ ’ਤੇ ਵਿਰਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਇੱਛਾ ਨਹੀਂ ਹੈ। ਇਸ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਵਜੋਂ 57 ਸਾਲਾ ਬਲਦੇਵ ਸਿੰਘ ਮਾਂਗੇਆਣਾ ਦਾ ਨਾਂ ਸਾਹਮਣੇ ਆ ਰਿਹਾ ਹੈ। ਉਹ 2014-2019 ਦੀ ਭਾਜਪਾ ਸਰਕਾਰ ਵਿੱਚ ਡੱਬਵਾਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ ਅਤੇ ਭਾਜਪਾ ਸੰਗਠਨ ਵਿੱਚ ਕਈ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ। ਉਹ 1991 ਤੋਂ ਭਾਜਪਾ ਵਿੱਚ ਸਰਗਰਮ ਹਨ। ਚੌਟਾਲਾ ਪਰਿਵਾਰ ਦੀ ਪਰਿਵਾਰਕ ਜੰਗ ਵਿੱਚ ਬਲਦੇਵ ਸਿੰਘ ਮਾਂਗੇਆਣਾ ਭਾਜਪਾ ਦੇ ਸਿੱਖ ਫਾਰਮੂਲੇ ਵਿੱਚ ਫਿੱਟ ਬੈਠ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਇਸ ਜੱਦੀ ਸੀਟ ’ਤੇ ਚੌਟਾਲਾ ਪਰਿਵਾਰ ਦਾ ਗੜ੍ਹ ਤੋੜਨ ਲਈ ਲੰਬੇ ਸਮੇਂ ਤੋਂ ਖਾਕਾ ਤਿਆਰ ਕਰ ਰਹੀ ਹੈ। ਡੱਬਵਾਲੀ ਵਿੱਚ ਪਿਛਲੇ ਕਰੀਬ ਇੱਕ ਸਾਲ ਤੋਂ ਭਾਜਪਾ ਦੀਆਂ ਸਰਵੇ ਟੀਮਾਂ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਸੂਤਰਾਂ ਅਨੁਸਾਰ ਡੱਬਵਾਲੀ ਹਲਕੇ ਨੂੰ ਲੈ ਕੇ ਆਰਐਸਐਸ ਵੀ ਸਰਗਰਮ ਹੈ। ਆਰਐਸਐਸ ਦੇ ਸੂਬਾਈ ਅਧਿਕਾਰੀਆਂ ਨੇ ਬੀਤੇ ਦਿਨੀਂ ਡੱਬਵਾਲੀ ਦੇ ਕਈ ਮੰਡਲ ਅਹੁਦੇਦਾਰਾਂ ਨਾਲ ਇੱਕ ਨਿੱਜੀ ਸਕੂਲ ਵਿੱਚ ਮੀਟਿੰਗ ਕੀਤੀ ਸੀ। ਡੱਬਵਾਲੀ ਹਲਕੇ ਦੀਆਂ ਕੁੱਲ 2,07,349 ਵੋਟਾਂ ਵਿੱਚੋਂ ਸਿੱਖ ਭਾਈਚਾਰੇ ਦੇ ਵੋਟਰ 53 ਹਜ਼ਾਰ ਦੇ ਕਰੀਬ ਹਨ। ਇਸ ਤੋਂ ਪਹਿਲਾਂ 2019 ’ਚ ਜੇਜੇਪੀ ਨੇ ਇਸੇ ਫਾਰਮੂਲੇ ਤਹਿਤ ਸਿੱਖ ਉਮੀਦਵਾਰ ਸਰਵਜੀਤ ਸਿੰਘ ਮਸੀਤਾਂ ’ਤੇ ਆਪਣਾ ਦਾਅ ਲਾਇਆ ਸੀ।
ਇਸ ਤੋਂ ਇਲਾਵਾ ਆਖਰੀ ਪਲਾਂ ਦੇ ਫੇਰਬਦਲ ’ਚ ਭਾਜਪਾ ਆਗੂ ਦੇਵਕੁਮਾਰ ਸ਼ਰਮਾ ਦੇ ਨਾਂ ’ਤੇ ਵੀ ਲਾਟਰੀ ਨਿਕਲ ਸਕਦੀ ਹੈ, ਜਿਨ੍ਹਾਂ ਨੇ 2014 ਵਿੱਚ ਭਾਜਪਾ ਦੀ ਟਿਕਟ ’ਤੇ ਚੋਣ ਲੜੀ ਸੀ। ਇਸ ਸਮੇਂ ਉਹ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਹਨ। ਜ਼ਿਕਰਯੋਗ ਹੈ ਕਿ 2019 ’ਚ ਡੱਬਵਾਲੀ ਸੀਟ ਤੋਂ ਜੇਤੂ ਰਹੇ ਕਾਂਗਰਸ ਦੇ ਅਮਿਤ ਸਿਹਾਗ ਨੇ ਭਾਜਪਾ ਦੇ ਅਦਿੱਤਿਆ ਚੌਟਾਲਾ ਨੂੰ 15,647 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਮਿਤ ਸਿਹਾਗ ਨੂੰ 66,885, ਆਦਿੱਤਿਆ ਚੌਟਾਲਾ ਨੂੰ 51,238 ਅਤੇ ਸਰਵਜੀਤ ਮਸੀਤਾਂ ਨੂੰ 23,002 ਵੋਟਾਂ ਮਿਲੀਆਂ ਸਨ।

Advertisement

Advertisement