ਸਿੱਖ ਵਿੱਦਿਅਕ ਬੋਰਡ ਵੱਲੋਂ ਵਿਚਾਰ ਗੋਸ਼ਟੀ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 29 ਨਵੰਬਰ
ਸਿੱਖ ਵਿੱਦਿਅਕ ਬੋਰਡ ਵੱਲੋਂ ਮਾਝਾ ਜ਼ੋਨ ਦੇ ਵਿੱਦਿਅਕ ਅਦਾਰਿਆਂ ਨਾਲ ਵਿਚਾਰ ਗੋਸ਼ਟੀ ਬੱਚਤ ਭਵਨ ਰਣਜੀਤ ਐਵਿਨਿਊ ਅੰਮ੍ਰਿਤਸਰ ਵਿੱਚ ਕੀਤੀ ਗਈ। ਸਿੱਖ ਵਿੱਦਿਅਕ ਬੋਰਡ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਨੇ ਬੋਰਡ ਦੇ ਗਠਨ ਦੀ ਕਾਰਜਪ੍ਰਣਾਲੀ ਤੇ ਕਾਰਗੁਜ਼ਾਰੀ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਬੋਰਡ ਦਾ ਮੁੱਖ ਦਫ਼ਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਏ ਚੰਡੀਗੜ੍ਹ ਵਿੱਚ ਸਥਾਪਿਤ ਕੀਤਾ ਜਾ ਚੁੱਕਾ ਹੈ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸਿੱਖ ਵਿੱਦਿਅਕ ਬੋਰਡ ਦੇ ਸੰਨ 2000 ਵਿਚ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਪੰਥਕ ਵੱਲੋਂ ਲਏ ਸੰਕਲਪ ਅਤੇ ਸਫ਼ਰ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਸਾਲ 2023 ਸਿੰਘ ਸਭਾ ਲਹਿਰ ਦਾ 150 ਸਾਲਾ ਦਿਹਾੜੇ ਵਾਲੇ ਵਰ੍ਹੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਤੇ ਪੰਥਕ ਤਾਲਮੇਲ ਸੰਗਠਨ ਨੇ ਸੰਸਥਾ ਪੱਧਰ ਤੇ ਇਹ ਦਿਹਾੜਾ ਮਨਾਉਣ ਦਾ ਯਤਨ ਕੀਤਾ।
ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਫ਼ਤਹਿਗੜ੍ਹ ਸਾਹਿਬ ਵਿਚ ਸਿੱਖ ਵਿਦਿਅਕ ਬੋਰਡ ਆਰੰਭ ਕਰਨ ਦਾ ਫ਼ੈਸਲਾ ਲਿਆ ਗਿਆ। ਕੌਮਾਂਤਰੀ ਵਿਦਿਅਕ ਮਾਹਿਰ ਗੁਰਦੀਪ ਸਿੰਘ ਜਲੰਧਰ ਨੇ ਸਕੂਲਾਂ ਵਿੱਚ ਕੰਮ ਕਰਨ ਦੇ ਲੋੜੀਂਦੇ ਢੰਗ ਤਰੀਕਿਆਂ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ।