For the best experience, open
https://m.punjabitribuneonline.com
on your mobile browser.
Advertisement

ਡੇਅਰੀ ਪਸ਼ੂਆਂ ਦੀ ਖੁਰਾਕ ਸਬੰਧੀ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ

11:22 AM Jul 21, 2024 IST
ਡੇਅਰੀ ਪਸ਼ੂਆਂ ਦੀ ਖੁਰਾਕ ਸਬੰਧੀ ਮਾਹਿਰਾਂ ਵੱਲੋਂ ਵਿਚਾਰ ਵਟਾਂਦਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੁਲਾਈ
ਕਿਫ਼ਾਇਤੀ ਲਾਗਤ ’ਤੇ ਉਪਲਬਧ ਪਸ਼ੂਆਂ ਦੀ ਸੰਤੁਲਿਤ ਖੁਰਾਕ ਡੇਅਰੀ ਫਾਰਮ ਨੂੰ ਮੁਨਾਫ਼ੇਵੰਦ ਰੱਖਣ ਲਈ ਮੁੱਖ ਧੁਰਾ ਹੈ। ਇਹ ਵਿਚਾਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਸਾਂਝੇ ਕੀਤੇ। ਉਹ ਪਸ਼ੂਆਂ ਦੀ ਵਧੀਆ ਅਤੇ ਸੰਤੁਲਿਤ ਖੁਰਾਕ ਬਣਾਉਣ ਲਈ ਪਸ਼ੂ ਪਾਲਕਾਂ ਨੂੰ ਜਾਗਰੂਕ ਕਰਨ ਹਿੱਤ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇਕ ਵਿਚਾਰ ਵਟਾਂਦਰੇ ਦੇ ਆਰੰਭ ਵਿਚ ਸੰਬੋਧਨ ਕਰ ਰਹੇ ਸਨ। ਵਿਚਾਰ ਵਟਾਂਦਰੇ ਵਿਚ ਪਸ਼ੂ ਖੁਰਾਕ ਮਾਹਿਰ ਅਤੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪਰਮਿੰਦਰ ਸਿੰਘ ਨੇ ਸੰਤੁਲਿਤ ਖੁਰਾਕ, ਇਸ ਦੀਆਂ ਕਿਸਮਾਂ ਅਤੇ ਗੁਣਵੱਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਖੁਰਾਕ ਵਿਚ ਵਰਤੀ ਜਾਂਦੀ ਕੱਚੀ ਸਮੱਗਰੀ ਦੀ ਕੁਆਲਿਟੀ ਬਾਰੇ ਵਿਸਥਾਰ ਵਿਚ ਦੱਸਿਆ। ਡਾ. ਜਸਪਾਲ ਸਿੰਘ ਹੁੰਦਲ ਨੇ ਖੁਰਾਕ ਵਿਚ ਪਾਏ ਜਾਣ ਵਾਲੇ ਵੱਖ-ਵੱਖ ਤੱਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਏ ਤੋਂ ਪਹਿਲਾਂ ਅਤੇ ਬਾਅਦ ਵਿਚ ਪਸ਼ੂਆਂ ਦੀ ਖੁਰਾਕ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਨੇ ਧਾਤਾਂ ਦਾ ਚੂਰਾ, ਬਾਈਪਾਸ ਫੈਟ ਅਤੇ ਪਸ਼ੂ ਚਾਟ ਬਾਰੇ ਦੱਸਦਿਆਂ ਯੂਨੀਵਰਸਿਟੀ ਵਿੱਚ ਫੀਡ ਦੀ ਜਾਂਚ ਸਹੂਲਤ ਬਾਰੇ ਵੀ ਚਾਨਣਾ ਪਾਇਆ। ਨਿਰਦੇਸ਼ਕ ਪਸ਼ੂ ਹਸਪਤਾਲ ਡਾ. ਸਵਰਨ ਸਿੰਘ ਰੰਧਾਵਾ ਨੇ ਘੱਟ ਖੁਰਾਕ ਜਾਂ ਵੱਧ ਖੁਰਾਕ ਦੇ ਪਸ਼ੂਆਂ ’ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਖੁਰਾਕ ਕਾਰਨ ਪਸ਼ੂਆਂ ਵਿਚ ਤੇਜ਼ਾਬੀਪਨ, ਲੰਗੜੇਪਨ ਅਤੇ ਲੇਵੇ ਦੀ ਸੋਜ ਆਦਿ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਡਾ. ਅਮਰਪ੍ਰੀਤ ਸਿੰਘ ਪੰਨੂ ਨੇ ਸੂਬੇ ਵਿਚ ਪਾਈਆਂ ਜਾਂਦੀਆਂ ਜ਼ਮੀਨੀ ਹਕੀਕਤਾਂ ਬਾਰੇ ਚਰਚਾ ਕੀਤੀ। ਵਿਕਾਸ ਕਾਲੜਾ ਨੇ ਦੱਸਿਆ ਕਿ ਪਸ਼ੂਆਂ ਲਈ ਵਪਾਰਕ ਫੀਡ ਵਰਤਣ ਦਾ ਰੁਝਾਨ ਵਧ ਰਿਹਾ ਹੈ, ਇਸ ਲਈ ਫੀਡ ਦੀ ਗੁਣਵੱਤਾ ਜਾਂਚ ਵਾਸਤੇ ਹੋਰ ਚੇਤੰਨ ਹੋਣ ਦੀ ਲੋੜ ਹੈ। ਇਸ ਵਿਚਾਰ ਵਟਾਂਦਰੇ ਵਿਚ ਪੰਜਾਬ, ਬਿਹਾਰ, ਹਿਮਾਚਲ, ਰਾਜਸਥਾਨ ਸੂਬਿਆਂ ਦੇ 250 ਤੋਂ ਵਧੇਰੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਮੌਕੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 62832-97919 ਅਤੇ 62832-58834 ਨੰਬਰਾਂ ’ਤੇ ਸੰਪਰਕ ਕਰਨ ਲਈ ਆਖਿਆ ਗਿਆ।

Advertisement
Advertisement
Author Image

sukhwinder singh

View all posts

Advertisement