ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਚਰਚਾ
ਜੈਪੁਰ, 15 ਨਵੰਬਰ
ਰਾਜਸਥਾਨ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ, ਪਾਰਟੀ ਦੀ ਰਾਜਸਥਾਨ ਇਕਾਈ ਦੇ ਮੁਖੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਡਿਪਟੀ ਮੁੱਖ ਮੰਤਰੀ ਸਚਿਨ ਪਾਇਲਟ ਤੇ ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਪਾਰਟੀ ਦੇ ‘ਵਾਰ ਰੂਮ’ ਵਿੱਚ ਬੀਤੀ ਦੇਰ ਰਾਤ ਮੀਟਿੰਗ ਕੀਤੀ। ਇਸ ਸਬੰਧ ਵਿੱਚ ਗਹਿਲੋਤ ਨੇ ਅੱਜ ਸੋਸ਼ਲ ਪਲੈਟਫਾਰਮ ’ਤੇ ਇਕ ਫੋਟੋ ਵੀ ਸਾਂਝੀ ਕੀਤੀ ਜਿਸ ਦਾ ਸਿਰਲੇਖ ‘ਇਕ ਸਾਥ, ਜਿੱਤ ਰਹੇ ਹਾਂ ਫਿਰ ਤੋਂ’ ਦਿੱਤਾ ਗਿਆ। ਇਸ ਫੋਟੋ ਵਿੱਚ ਸਾਰੇ ਆਗੂ ਵਾਰ ਰੂਮ ਵਿੱਚ ਬੈਠੇ ਨਜ਼ਰ ਆ ਰਹੇ ਹਨ। ਮੀਟਿੰਗ ਵਿੱਚ ਕਾਂਗਰਸੀ ਆਗੂ ਮੋਹਨ ਪ੍ਰਕਾਸ਼ ਵੀ ਹਾਜ਼ਰ ਸਨ।
ਸ੍ਰੀ ਵੇਣੂਗੋਪਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੁਟੀਨ ਮੀਟਿੰਗ ਸੀ ਅਤੇ ਇਹ ਧਾਰਨਾ ਬਣਾਈ ਜਾ ਰਹੀ ਹੈ ਕਿ ਰਾਜਸਥਾਨ ਵਿੱਚ ਕਾਂਗਰਸ ਇਕਜੁੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਏਕਤਾ ਕਾਇਮ ਹੈ ਤੇ ਸਾਰੇ ਆਗੂ ਮਿਲ ਕੇ ਚੋਣਾਂ ਲੜਨਗੇ। ਸੂਬਾ ਵਾਸੀਆਂ ਦਾ ਰੁਖ਼ ਕਾਂਗਰਸ ਵੱਲ ਹੈ। ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਗਹਿਲੋਤ ਅਤੇ ਸਚਿਨ ਪਾਇਲਟ ਮਿਲ ਕੇ ਚੋਣ ਪ੍ਰਚਾਰ ਕਿਉਂ ਨਹੀਂ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਜ਼ਰਾ ਇੰਤਜ਼ਾਰ ਕਰੋ। ਉਨ੍ਹਾਂ ਵਿਸ਼ਵਾਸ ਨਾਲ ਕਿਹਾ ਕਿ ਸੂਬੇ ਵਿੱਚ ਕਾਂਗਰਸ ਮੁੜ ਸੱਤਾ ਸੰਭਾਲੇਗੀ। -ਪੀਟੀਆਈ