‘ਫਲਸਤੀਨੀਆਂ ਦੇ ਕੌਮੀ ਮੁਕਤੀ ਘੋਲ’ ਬਾਰੇ ਚਰਚਾ
ਕੁਲਦੀਪ ਸਿੰਘ
ਚੰਡੀਗੜ੍ਹ, 7 ਅਕਤੂਬਰ
ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ‘ਫਲਸਤੀਨੀ ਲੋਕਾਂ ਦੇ ਇਜ਼ਰਾਇਲੀ ਕਬਜ਼ੇ ਖਿਲਾਫ਼ ਕੌਮੀ ਮੁਕਤੀ ਘੋਲ਼’ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਵਿੱਚ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਦੇ ਅੰਨ੍ਹੇ ਕਤਲੇਆਮ ਨੂੰ ਗਲਤ ਠਹਿਰਾਉਂਦਿਆਂ ਫ਼ਲਸਤੀਨੀ ਲੋਕਾਂ ਦੇ ਬੁਲੰਦ ਜਜ਼ਬੇ ਨੂੰ ਸਲਾਮ ਕੀਤਾ। ਵਿਦਿਆਰਥੀਆਂ ਨੇ ਇਸ ਜੰਗ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਜੰਗ 7 ਅਕਤੂਬਰ 2023 ਨੂੰ ਨਹੀਂ, ਸਗੋਂ 19ਵੀਂ ਸਦੀ ਵਿੱਚ ਯੂਰਪ ਵਿੱਚ ਬਣਾਈ ਜ਼ਿਓਂਵਾਦ ਦੀ ਵਿਚਾਰਧਾਰਾ ਨਾਲ਼ ਸ਼ੁਰੂ ਹੋਈ। ਇਸ ਜੰਗ ਵਿੱਚ ਮੁਸਲਮਾਨਾਂ ਪ੍ਰਤੀ ਅੰਨ੍ਹੀ ਨਫ਼ਰਤ ਫਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਲਸਤੀਨੀ ਲੋਕਾਂ ਦਾ ਸੰਘਰਸ਼ ਮਿਸਾਲ ਹੈ ਕਿ ਸਾਮਰਾਜਵਾਦੀ ਅਤੇ ਬਸਤੀਵਾਦੀ ਦੇਸ਼ ਕਿਸੇ ਕੌਮ ਨੂੰ ਖਤਮ ਕਰਕੇ ਉਸਤੇ ਪੂਰਨ ਕਬਜ਼ਾ ਕਰਨ ਦਾ ਸਿਰਫ ਸੁਪਨਾ ਹੀ ਵੇਖ ਸਕਦੇ ਹਨ, ਪ੍ਰੰਤੂ ਅਮਲੀ ਤੌਰ ਉੱਤੇ ਉਹਨਾਂ ਨੂੰ ਲੋਕਾਂ ਦੀ ਲੜਨ ਦੀ ਤਾਕਤ ਅੱਗੇ ਗੋਡੇ ਟੇਕਣੇ ਹੀ ਪੈਂਦੇ ਹਨ।