ਪੁਸਤਕ ‘ਪੌੜੀਆਂ ਉਤਰਦੀ ਛਾਂ’ ਬਾਰੇ ਵਿਚਾਰ-ਚਰਚਾ
ਪੱਤਰ ਪ੍ਰੇਰਕ
ਖਰੜ, 9 ਅਗਸਤ
ਸਾਹਿਤਕ ਮੰਚ ਖਰੜ ਵੱਲੋਂ ਇੱਥੇ ਸੀਨੀਅਰ ਸਿਟੀਜ਼ਨ ਕੌਂਸਲ ਵਿੱਚ ਉੱਘੇ ਕਵੀ ਜਗਦੀਪ ਸਿੱਧੂ ਦੀ ਚਰਚਿਤ ਕਾਵਿ-ਪੁਸਤਕ ‘ਪੌੜੀਆਂ ਉਤਰਦੀ ਛਾਂ’ ਬਾਰੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਉੱਘੇ ਵਿਦਵਾਨ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਕੀਤੀ ਜਿਸ ਵਿੱਚ ਡਾ. ਸੰਜੀਵ ਕੁਮਾਰ ਉਪ ਮੰਡਲ ਮੈਜਿਸਟਰੇਟ ਖਮਾਣੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਮੰਚ ਦੇ ਪ੍ਰਧਾਨ ਕਾਲਮ ਨਵੀਸ ਤਰਸੇਮ ਬਸਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਜਗਦੀਪ ਸਿੱਧੂ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਵਿਚਾਰ ਚਰਚਾ ਦਾ ਆਰੰਭ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ, ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਜਗਦੀਪ ਦੀ ਕਵਿਤਾ ਜ਼ਿੰਦਗੀ ਦੀ ਕਿਸੇ ਆਸ ਨਾਲ ਬੱਝੀ ਕਵਿਤਾ ਹੈ ਜੋ ਨਵੀਂ ਵਿਚਾਰਧਾਰਾ ਪੈਦਾ ਕਰਦੀ ਹੈ। ਪ੍ਰਿੰਸੀਪਲ ਸਤਨਾਮ ਸਿੰਘ ਸੋਕਰ ਨੇ ਕਿਹਾ ਕਿ ਇਹ ਕਵਿਤਾਵਾਂ ਤੁਹਾਨੂੰ ਟੁੰਬਦੀਆਂ ਹੋਈਆਂ ਕਿਸੇ ਹੋਰ ਹੀ ਸੰਸਾਰ ਵਿਚ ਲੈ ਜਾਂਦੀਆਂ ਹਨ, ਜਿੱਥੇ ਮੁਹੱਬਤ ਹੈ, ਆਸ ਹੈ ਧਰਵਾਸ ਹੈ ਬਚਪਨ ਤੇ ਬੁਢਾਪਾ ਹੈ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ਵਿੱਚ ਡੂੰਘੀ ਕਾਵਿਕਤਾ ਤੇ ਸੰਵੇਦਨਾ ਪਈ ਹੈ। ਅਖੀਰ ਵਿਚ ਡਾ. ਸੰਜੀਵ ਕੁਮਾਰ ਨੇ ਸਮਾਗਮ ਕਰਵਾਉਣ ਲਈ ਮੰਚ ਦੀ ਸ਼ਲਾਘਾ ਕੀਤੀ। ਮੰਚ ਨੇ ਮਹਿਮਾਨਾਂ ਨੂੰ ਪੁਸਤਕਾਂ ਭੇਟ ਕਰਕੇ ਸਨਮਾਨ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਹਰਦੀਪ ਸਿੰਘ ਬਾਜਵਾ ਅਤੇ ਅਲਗੋਜਾਵਾਦਕ ਕਰਮਜੀਤ ਸਿੰਘ ਬੱਗਾ ਵੀ ਮੌਜੂਦ ਸਨ। ਪ੍ਰੀਤਲੜੀ ਮੈਗਜ਼ੀਨ ਦਾ ਤਾਜ਼ਾ ਅੰਕ ਵੀ ਰਿਲੀਜ਼ ਕੀਤਾ ਗਿਆ।
ਕਵਿਤਾਵਾਂ ਦਾ ਚੱਲਿਆ ਦੌਰ
ਸਮਾਗਮ ਦੇ ਦੂਜੇ ਦੌਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਤਰਸੇਮ ਸਿੰਘ ਕਾਲ਼ੇਵਾਲ਼, ਮਨਜੀਤ ਸਿੰਘ ਮਝੈਲ, ਮਲਕੀਤ ਸਿੰਘ ਨਾਗਰਾ, ਰਾਜਿੰਦਰ ਸਿੰਘ ਗੱਡੂ, ਬਲਵਿੰਦਰ ਸਿੰਘ, ਧਿਆਨ ਸਿੰਘ ਕਾਹਲੋਂ, ਅਜਮੇਰ ਸਾਗਰ, ਗਾਇਕ ਬਾਬੂ ਸਿੰਘ ਚੰਡੀਗੜ੍ਹੀਆ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਜਸਵੀਰ ਸਿੰਘ ਮਹਿਰਾ ਅਤੇ ਗੁਰਪਾਲ ਸਿੰਘ ਹੋਰਾਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਨਾਂ ਤੋਂ ਇਲਾਵਾ ਉੱਘੇ ਗਜਲਗੋ ਹਰਨਾਮ ਸਿੰਘ ਡੱਲਾ, ਨਾਵਲਕਾਰ ਸੰਤਵੀਰ, ਕਹਾਣੀਕਾਰ ਸਰੂਪ ਸਿਆਲ਼ਵੀ, ਸਮੁੰਦਰਨਾਮਾ ਦੇ ਲੇਖਕ ਪਰਮਜੀਤ ਮਾਨ, ਡਾ. ਜਤਿੰਦਰ ਮਾਨ, ਇੰਦਰਜੀਤ ਪ੍ਰੇਮੀ, ਮੋਹਣ ਲਾਲ ਰਾਹੀ, ਸੁਰੇਸ਼ ਕੁਮਾਰ ਅਤੇ ਸੁਦਾਗਰ ਸਿੰਘ ਪਾਲ ਹੋਰਾਂ ਸ਼ਿਰਕਤ ਕੀਤੀ। ਮੰਚ ਸੰਚਾਲਨ ਮੰਚ ਦੇ ਜਨਰਲ ਸਕੱਤਰ ਸੁਰਜੀਤ ਸੁਮਨ ਵੱਲੋਂ ਬਾਖੂਬੀ ਨਿਭਾਇਆ ਗਿਆ।