ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ ਸਬੰਧੀ ਚਰਚਾ

10:37 AM Nov 29, 2024 IST
ਭਾਸ਼ਾ ਵਿਭਾਗ ਵੱਲੋਂ ਕਰਵਾਏ ਸਮਾਗਮ ਦੌਰਾਨ ਮੰਚ ’ਤੇ ਬੈਠੇ ਬੁਲਾਰੇ ਅਤੇ ਹੋਰ।

ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 28 ਨਵੰਬਰ
ਭਾਸ਼ਾ ਵਿਭਾਗ ਵੱਲੋਂ ਮੁਹਾਲੀ ਦੇ ਜ਼ਿਲ੍ਹਾ ਦਫ਼ਤਰ ਵਿੱਚ ਅੱਜ ‘ਪੰਜਾਬੀ ਭਾਸ਼ਾ ਅਤੇ ਪੰਜਾਬੀ ਸਿਨੇਮਾ’ ਵਿਸ਼ੇ ਸਬੰਧੀ ਵਿਚਾਰ ਚਰਚਾ ਕਰਵਾਈ ਗਈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਯੋਗ ਰਾਜ (ਮੁਖੀ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਵੱਲੋਂ ਕੀਤੀ ਗਈ। ਸਮਾਗਮ ਦੇ ਪ੍ਰਮੁੱਖ ਬੁਲਾਰੇ ਉੱਘੇ ਨਾਟਕਕਾਰ ਅਤੇ ਫ਼ਿਲਮ ਲੇਖਕ ਪ੍ਰੋ. ਪਾਲੀ ਭੁਪਿੰਦਰ ਸਿੰਘ ਸਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਅਮਿਤੋਜ ਮਾਨ (ਫ਼ਿਲਮ ਅਭਿਨੇਤਾ, ਡਾਇਰੈਕਟਰ ਅਤੇ ਲੇਖਕ) ਸ਼ਾਮਲ ਹੋਏ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਸਿਨੇਮਾ, ਸਾਹਿਤ ਅਤੇ ਭਾਸ਼ਾ ਤਿੰਨੋਂ ਸਮਾਜ ਦੇ ਅਨਿੱਖੜਵੇਂ ਅੰਗ ਹਨ ਤੇ ਇਨ੍ਹਾਂ ਰਾਹੀਂ ਪੰਜਾਬੀ ਭਾਸ਼ਾ ਦੀ ਸ਼ੁੱਧ ਵਰਤੋਂ ਕਰਦੇ ਹੋਏ ਇਸ ਨੂੰ ਹੋਰ ਪ੍ਰਫੁਲਿਤ ਕਰਨਾ ਸਮੇਂ ਦੀ ਲੋੜ ਹੈ। ਪ੍ਰੋ. ਯੋਗ ਰਾਜ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਿਨੇਮਾ ਅੰਤਰ-ਸਬੰਧਤ ਹਨ। ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਮਾਜਿਕ ਪੱਧਰ ’ਤੇ ਜਿਹੜੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚੋਂ ਸਿਨੇਮੇ ਦੀ ਅਹਿਮ ਭੂਮਿਕਾ ਹੈ ਕਿਉਂਕਿ ਸਿਨਮੇ ਦੀ ਪਹੁੰਚ ਹਰ ਬਾਸ਼ਿੰਦੇ ਤੱਕ ਹੁੰਦੀ ਹੈ। ਮੁੱਖ ਬੁਲਾਰੇ ਪ੍ਰੋ. ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸੋਸ਼ਲ ਮੀਡੀਆ ਅਤੇ ਮਸ਼ੀਨੀ ਬੁੱਧੀਮਾਨਤਾ ਅਤੇ ਨੈੱਟਫਲਿਕਸ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਨੂੰ ਕਈ ਚੁਣੌਤੀਆਂ ਦਰਪੇਸ਼ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਚੁਣੌਤੀ ਪੰਜਾਬੀ ਬੰਦੇ ਦੀ ਆਪਣੇ ਸਿਨੇਮਾ, ਸਾਹਿਤ, ਕਲਾ ਅਤੇ ਭਾਸ਼ਾ ਪ੍ਰਤੀ ਅਣਗਹਿਲੀ ਹੈ। ਉਨ੍ਹਾਂ ਕਿਹਾ, ‘‘ਪੰਜਾਬੀ ਭਾਸ਼ਾ ਲਈ ਸਾਡੇ ਅੰਦਰ ਬੈਠੀ ਹੀਣ ਭਾਵਨਾ ਕਾਰਨ ਅਸੀਂ ਪੰਜਾਬੀ ਸਿਨੇਮਾ ਨੂੰ ਦੱਖਣੀ ਸਿਨੇਮਾ ਵਾਂਗ ਵਿਸ਼ਵ ਪੱਧਰ ਦੇ ਮੁਕਾਮ ’ਤੇ ਨਹੀਂ ਲੈ ਕੇ ਜਾ ਸਕਦੇ।’’
ਵਿਸ਼ੇਸ਼ ਮਹਿਮਾਨ ਅਮਿਤੋਜ ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਨੇਮਾ ਸਭ ਤੋਂ ਵੱਡਾ ਹਥਿਆਰ ਹੈ। ਜੇ ਇਸ ਦਾ ਸਦਉਪਯੋਗ ਕੀਤਾ ਜਾਵੇ ਤਾਂ ਯੁੱਗ ਬਦਲਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਨੌਜਵਾਨ ਵਰਗ ਦੀ ਹੈ ਕਿਉਂਕਿ ਫ਼ਿਲਮਾਂ ਦੇ ਸੰਵਾਦ ਅਤੇ ਗੀਤ ਨੌਜਵਾਨੀ ਦਾ ਤਕੀਆ-ਕਲਾਮ ਬਣਦੇ ਹਨ। ਇਸ ਲਈ ਉਨ੍ਹਾਂ ਨੂੰ ਚੰਗੇ ਸਿਨੇਮੇ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਰਵਿੰਦਰ ਸਿੰਘ ਧਾਲੀਵਾਲ, ਕਾਬਲ ਸਿੰਘ, ਜਪਨੀਤ ਕੌਰ, ਗਰਿਮਾ ਕੁਮਾਰੀ, ਨਰਿੰਦਰ ਸਿੰਘ, ਗੁਰਸੇਵਕ ਸਿੰਘ, ਤੇਜਿੰਦਰਪਾਲ ਕੌਰ, ਨਿਮਰਤਾਜੀਤ ਕੌਰ, ਦਲਵੀਰ ਸਿੰਘ, ਕਰਮਨਦੀਪ ਕੌਰ, ਪੱਲਵੀ ਭਾਰਦਵਾਜ, ਪ੍ਰਿਯੰਕਾ ਸੈਣੀ ਵੱਲੋਂ ਵੀ ਸ਼ਿਰਕਤ ਕੀਤੀ ਗਈ। ਮੰਚ ਸੰਚਾਲਨ ਸੁਖਪ੍ਰੀਤ ਕੌਰ ਵੱਲੋਂ ਕੀਤਾ ਗਿਆ।

Advertisement

Advertisement