ਪੰਜਾਬੀ ਯੂਨੀਵਰਸਿਟੀ ਵਿੱਚ ਨੋਬਲ ਪੁਰਸਕਾਰਾਂ ਬਾਰੇ ਚਰਚਾ
ਖੇਤਰੀ ਪ੍ਰ੍ਰਤੀਨਿਧ
ਪਟਿਆਲਾ, 22 ਫਰਵਰੀ
ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਨੋਬਲ ਪੁਰਸਕਾਰਾਂ ’ਤੇ ਵਿਚਾਰ ਚਰਚਾ ਮੌਕੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਵਿਦਿਆਰਥੀਆਂ ਨੂੰ ਆਪਣੇ ਵਿਸ਼ਿਆਂ ਦੇ ਨਾਲ ਨਾਲ ਦੂਸਰੇ ਵਿਸ਼ਿਆਂ ਨਾਲ ਵੀ ਜੁੜਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਵਲ ਆਪਣੀ ਪੜ੍ਹਾਈ ਵਾਲੇ ਵਿਸ਼ਿਆਂ ਨਾਲ ਜੁੜੇ ਰਹਿਣ ਕਾਰਨ ਵਿਦਿਆਰਥੀਆਂ ਦਾ ਗਿਆਨ ਸੀਮਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਵਿਸ਼ਿਆਂ ਦੇ ਨਾਲ ਨਾਲ ਦੂਸਰੇ ਵਿਸ਼ਿਆਂ ਦਾ ਵੀ ਗਿਆਨ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਚਾਰ ਚਰਚਾ ਦਾ ਉਦੇਸ਼ ਵਿਦਿਆਰਥੀਆਂ ਨੂੰ ਦੁਨੀਆ ਭਰ ਵਿੱਚ ਹੋ ਰਹੀਆਂ ਮਹੱਤਵਪੂਰਨ ਖੋਜਾਂ ਅਤੇ ਗਿਆਨ ਵਿਗਿਆਨ ਦੇ ਨਾਲ ਜੋੜਨਾ ਹੈ, ਤਾਂ ਜੋ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ ਕਿਉਂਕਿ ਇਸ ਦੇ ਨਾਲ ਉਹ ਆਪਣੇ ਆਪਣੇ ਖੇਤਰਾਂ ਵਿੱਚ ਵਧੀਆ ਨਤੀਜੇ ਕੱਢ ਸਕਦੇ ਹਨ। ਇਸ ਦੌਰਾਨ ਫਾਰਮਾਸਿਊਟੀਕਲ ਅਤੇ ਡਰੱਗ ਸਾਇੰਸ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ, ਡਾ. ਆਰ ਕੇ ਗੋਇਲ,, ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਲੈਂਗੁਏਜ ਫੈਕਲਟੀ ਦੇ ਮੁਖੀ ਤੇ ਡੀਨ ਪ੍ਰੋ. ਸਵਰਾਜ ਰਾਜ, ਡਾ. ਕਰਮਜੀਤ ਸਿੰਘ, ਪ੍ਰੋਫੈਸਰ ਹਰਪ੍ਰੀਤ ਕੌਰ ਨੇ ਅਤੇ ਪ੍ਰੋਫੈਸਰ ਅਨੁਪਮਾ ਨੇ ਵਿਚਾਰ ਪੇਸ਼ ਕੀਤੇ।