ਭਾਰਤ ਤੇ ਅਮਰੀਕਾ ਵੱਲੋਂ ਹਿੰਦ-ਪ੍ਰਸ਼ਾਂਤ ਤੇ ਗਾਜ਼ਾ ਬਾਰੇ ਚਰਚਾ
ਵਾਸ਼ਿੰਗਟਨ, 17 ਸਤੰਬਰ
ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਨੇ ਅਮਰੀਕਾ-ਭਾਰਤ ‘ਟੂ ਪਲੱਸ ਟੂ’ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਹਿੰਦ-ਪ੍ਰਸ਼ਾਂਤ ਖੇਤਰ, ਯੂਕਰੇਨ ਅਤੇ ਗਾਜ਼ਾ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਨਵੀਂ ਦਿੱਲੀ ’ਚ ਹੋਈ ਇਸ ਮੀਟਿੰਗ ਵਿੱਚ ਅਮਰੀਕੀ ਵਫ਼ਦ ਦੀ ਸਹਿ-ਪ੍ਰਧਾਨਗੀ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਅਤੇ ਹਿੰਦ-ਪ੍ਰਸ਼ਾਂਤ ਸੁਰੱਖਿਆ ਮਾਮਲਿਆਂ ਲਈ ਪ੍ਰਮੁੱਖ ਉਪ ਸਹਾਇਕ ਜੇਡਿਦੀਆ ਪੀ. ਰੌਇਲ ਨੇ ਕੀਤੀ। ਭਾਰਤੀ ਵਫ਼ਦ ਦੀ ਸਹਿ-ਪ੍ਰਧਾਨਗੀ ਉੱਤਰ ਅਮਰੀਕਾ ਅਤੇ ਦੱਖਣੀ ਅਮਰੀਕਾ ਮਹਾਦੀਪਾਂ ਲਈ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਨਾਗਰਾਜ ਨਾਇਡੂ ਅਤੇ ਰੱਖਿਆ ਮੰਤਰਾਲੇ ਦੇ ਕੌਮਾਂਤਰੀ ਸਹਿਯੋਗ ਦੇ ਸੰਯੁਕਤ ਸਕੱਤਰ ਵਿਸ਼ਵੇਸ਼ ਨੇਗੀ ਨੇ ਕੀਤੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਗੱਲਬਾਤ ਦੌਰਾਨ ਰੱਖਿਆ ਸਹਿਯੋਗ, ਪੁਲਾੜ ਤੇ ਸ਼ਹਿਰੀ ਹਵਾਬਾਜ਼ੀ ਸਹਿਯੋਗ, ਸਵੱਛ ਊਰਜਾ ਸਹਿਯੋਗ ਅਤੇ ਸਨਅਤ ਤੇ ਸਾਜ਼ੋ-ਸਾਮਾਨ ਦੇ ਮਾਮਲਿਆਂ ’ਚ ਤਾਲਮੇਲ ਸਮੇਤ ਸਾਂਝੀਆਂ ਤਰਜੀਹਾਂ ’ਤੇ ਵਿਚਾਰ-ਚਰਚਾ ਕੀਤੀ ਗਿਆ। ਮੰਤਰਾਲੇ ਨੇ ਕਿਹਾ, ‘ਅਧਿਕਾਰੀਆਂ ਨੇ ਹਿੰਦ-ਪ੍ਰਸ਼ਾਂਤ ਅਤੇ ਕਈ ਆਲਮੀ ਮੁੱਦਿਆਂ ’ਤੇ ਚਰਚਾ ਕੀਤੀ। ’ -ਪੀਟੀਆਈ