ਵਾਤਾਵਰਨ ਤੇ ਖੇਤੀ ਸੰਕਟ ਬਾਰੇ ਵਿਚਾਰ-ਚਰਚਾ
ਬਰਨਾਲਾ: ਵਾਤਾਵਰਨ ਨਿਘਾਰ ਤੇ ਖੇਤੀਬਾੜੀ ਸੰਕਟ ਦੇ ਮਨੁੱਖੀ ਸਮਾਜ ’ਤੇ ਪੈਣ ਵਾਲੇ ਘਾਤਕ ਪ੍ਰਭਾਵਾਂ ਅਤੇ ਇਸ ਦੇ ਹੱਲ ਬਾਰੇ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਵੱਲੋਂ ਵਿੱਢੀ ਕਿਸਾਨ ਜਾਗਰੂਕਤਾ ਮੁਹਿੰਮ ਤਹਿਤ ਇੱਥੇ ਸਥਾਨ ਬਾਬਾ ਟਹਿਲ ਦਾਸ ਵਿਖੇ ਕਿਸਾਨ ਇਕੱਤਰਤਾ ਕਾਰਵਾਈ ਗਈ। ਇਸ ਮੌਕੇ ਲੋਕ ਲਹਿਰ ਆਗੂ ਸੁਖਦੇਵ ਸਿੰਘ ਭੁਪਾਲ ਨੇ ਕਿਹਾ ਕਿ ਵਾਤਾਵਰਨ ਸੰਕਟ ਨੂੰ ਕੁਦਰਤ-ਮਨੁੱਖ ਪੱਖੀ ਨੀਤੀਆਂ ਲਾਗੂ ਕਰਕੇ ਹੀ ਮੋੜਾ ਦਿੱਤਾ ਜਾ ਸਕਦਾ ਹੈ। ਫਰੰਟ ਦੇ ਸੂਬਾਈ ਆਗੂ ਮੇਲਾ ਸਿੰਘ ਕੱਟੂ ਨੇ ਕਿਹਾ ਕਿ ਖੇਤੀਬਾੜੀ ਮਨੁੱਖੀ ਸਮਾਜ ਦੀ ਜੀਵਨ ਰੇਖਾ ਹੈ। ਇਸ ਨੂੰ ਬਚਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਕੁਦਰਤੀ ਸਹਿਕਾਰੀ ਖੇਤੀ ਨੀਤੀ ਬਣਾ ਕੇ ਇਸ ਬਾਬਤ 50 ਫੀਸਦੀ ਬਜਟ ਰਾਖਵਾਂ ਕਰਨ। ਨੇੜਲੇ ਪਿੰਡ ਕੱਟੂ ਵਿੱਚ ਵੀ ਇਸੇ ਮਕਸਦ ਨਾਲ ਬੁਲਾਰਿਆਂ ਦੀ ਕਾਸ਼ਤਕਾਰਾਂ ਨਾਲ ਮੀਟਿੰਗ ਹੋਈ। ਇਸ ਮੌਕੇ ਪੰਚ ਜੀਤ ਸਿੰਘ ਮਾਨ, ਸੰਦੀਪ ਸਿੰਘ ਸ਼ੇਰਪੁਰ, ਹਰਗੋਬਿੰਦ ਸਿੰਘ ਸ਼ੇਰਪੁਰ ਤੇ ਸ਼ਮਿੰਦਰ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ