ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਚੁਣੌਤੀਆਂ ਬਾਰੇ ਚਰਚਾ
ਕੁਲਦੀਪ ਸਿੰਘ
ਨਵੀਂ ਦਿੱਲੀ, 11 ਅਕਤੂਬਰ
ਪੰਜਾਬੀ ਸਾਹਿਤ ਸਭਾ ਨੇ ਆਪਣੇ ਮਰਹੂਮ ਚੇਅਰਮੈਨ ਤੇ ਪੰਜਾਬੀ ਭਵਨ ਦੇ ਸੰਸਥਾਪਕ ਭਾਪਾ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ ਯਾਦਗਾਰੀ ਭਾਸ਼ਣ ਕਰਵਾਇਆ। ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਤੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕੀਤੀ। ਇਸ ਮੌਕੇ ਸਭਾ ਦੇ ਚੇਅਰਪਰਸਨ ਡਾ. ਰੇਣੁਕਾ ਸਿੰਘ, ਪ੍ਰਧਾਨ ਗੁਲਜ਼ਾਰ ਸਿੰਘ ਤੇ ਪ੍ਰੋ. ਰਵੇਲ ਸਿੰਘ ਸ਼ਾਮਲ ਹੋਏ। ਯਾਦਗਾਰੀ ਭਾਸ਼ਣ ਸਾਹਿਤ ਤੇ ਸਭਿਆਚਾਰ ਦੇ ਚਿੰਤਕ ਪ੍ਰੋ. ਰਵੇਲ ਸਿੰਘ ਨੇ ਦਿੱਤਾ ਜਿਸ ਦਾ ਵਿਸ਼ਾ ‘ਸੰਚਾਰ, ਸੂਚਨਾ ਕ੍ਰਾਂਤੀ ਦੇ ਯੁੱਗ ਵਿਚ ਪੰਜਾਬੀ ਸਾਹਿਤ-ਸਭਿਆਚਾਰ ਨੂੰ ਚੁਣੌਤੀਆਂ’ ਸੀ। ਉਨ੍ਹਾਂ ਆਪਣੇ ਭਾਸ਼ਣ ਵਿਚ 21ਵੀਂ ਸਦੀ ਦੇ ਸਾਲਾਂ ਦੌਰਾਨ ਸੰਚਾਰ ਅਤੇ ਆਵਾਜਾਈ ਵਿਚ ਇਤਿਹਾਸਕ ਤਬਦੀਲੀਆਂ, ਇੰਟਰਨੈਟ ਤੇ ਡਿਜੀਟਲ ਟੈਕਨਾਲੋਜੀ ਨਾਲ ਸਾਮਰਾਜ ਦਾ ਦਾਬਾ ਤੇ ਕੁਦਰਤੀ ਸਰੋਤਾਂ ਦੇ ਸ਼ੋਸ਼ਣ ਆਦਿ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਾਹਿਤ-ਸਭਿਆਚਾਰ ਵਿਚ ਹੁਣ ਮਸ਼ੀਨੀ ਤਬਦੀਲੀ ਨੇ ਥਾਂ ਮੱਲ ਲਈ ਹੈ ਅਤੇ ਮਨੁੱਖੀ ਭਾਵਨਾਵਾਂ ਪਿਛਾਂਹ ਰਹਿ ਗਈਆਂ ਹਨ।
ਉਨ੍ਹਾਂ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਭਾਪਾ ਪ੍ਰੀਤਮ ਹੁਰਾਂ ਨਾਲ ਆਪਣੀਆਂ ਨਿੱਘੀਆਂ ਯਾਦਾਂ ਸਾਂਝਾ ਕੀਤੀਆਂ। ਅਮਰਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਟੈਕਨਾਲੋਜੀ ਨੇ ਸਮਾਜ ਤੇ ਮਨੁੱਖ ਦੀ ਚੇਤਨਾ ਨੂੰ ਪ੍ਰਭਾਵਤ ਕੀਤਾ ਹੈ ਆਰੰਭ ਵਿਚ ਪ੍ਰੋ. ਰੇਣੁਕਾ ਸਿੰਘ ਨੇ ਜੀ ਆਇਆਂ ਕਹਿੰਦਿਆਂ ਭਾਪਾ ਪ੍ਰੀਤਮ ਸਿੰਘ ਵਲੋਂ ਮਿਆਰੀ ਸਾਹਿਤ ਪ੍ਰਕਾਸ਼ਨ ਅਤੇ ਪੰਜਾਬੀ ਭਵਨ ਦੀ ਉਸਾਰੀ ਤੋਂ ਲੈ ਕੇ ਉਨ੍ਹਾਂ ਦੇ ਵਿਲੱਖਣ ਮਾਨਵੀ ਪੱਖਾਂ ਦਾ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਭਾਪਾ ਪ੍ਰੀਤਮ ਸਿੰਘ ਵਲੋਂ ਚਲਾਈ ਲਾਇਬ੍ਰੇਰੀ ਸਕੀਮ, ‘ਸਮਕਾਲੀ ਸਾਹਿਤ’, ਪੰਜਾਬੀ ਭਵਨ ਪੰਜਾਬੀ ਸਾਹਿਤਕਾਰਾਂ ਲਈ ਮਿਲ-ਬੈਠਣ ਦੀ ਤੋਹਫੇ ਵਜੋਂ ਮਹੱਤਵਪੂਰਨ ਇਮਾਰਤ ਸਬੰਧੀ ਜਾਣਕਾਰੀ ਦਿੱਤੀ। ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਧੰਨਵਾਦ ਕੀਤਾ।