ਵਿਦੇਸ਼ ਜਾਣ ਦੇ ਨਫ਼ੇ ਅਤੇ ਨੁਕਸਾਨ ਬਾਰੇ ਚਰਚਾ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 16 ਮਾਰਚ
ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਵਿੱਚ ਗ੍ਰਾਮ ਪੰਚਾਇਤ ਤੇ ਵਿਦੇਸ਼ ਵਸਦੇ ਪਿੰਡ ਵਾਸੀਆਂ ਵੱਲੋਂ ‘ਵਿਦੇਸ਼ਾਂ ਵੱਲ ਪੰਜਾਬੀਆਂ ਦੀ ਦੌੜ, ਨਫ਼ਾ ਜਾਂ ਨੁਕਸਾਨ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।
ਇਸ ਦੌਰਾਨ ਸੰਬੋਧਨ ਕਰਦਿਆਂ ਪੱਤਰਕਾਰ ਪਰਮਵੀਰ ਸਿੰਘ ਬਾਠ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਵੱਲੋਂ ਆਪਣੇ ਚੰਗੇਰੇ ਭਵਿੱਖ ਲਈ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਹੁਣ ਸੋਚਣ ਵਿਚਾਰਨ ਦਾ ਮੁੱਦਾ ਹੈ। ਇਸ ਸੁਫ਼ਨਮਈ ਸੰਸਾਰ ਦੀ ਅਸਲੀਅਤ ਦਾ ਉੱਥੇ ਜਾ ਕੇ ਹੀ ਪਤਾ ਲਗਦੀ ਹੈ, ਉਸ ਬਾਰੇ ਸਾਨੂੰ ਅਗਾਊਂ ਜਾਣਕਾਰੀ ਹੋਣੀ ਜ਼ਰੂਰੀ ਹੈ।
ਗੀਤਕਾਰ ਗਿੱਲ ਰੌਂਤਾ ਨੇ ਵਿਦੇਸ਼ ਜਾਣ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਆਪਾਂ ਨੂੰ ‘ਜਾਈਏ, ਕਮਾਈਏ ਤੇ ਵਾਪਸ ਆਈਏ’ ਦੀ ਨੀਤੀ ਅਪਣਾਉਣ ਦੀ ਲੋੜ ਹੈ। ਸਾਨੂੰ ਕਮਾਏ ਡਾਲਰਾਂ ਦੇ ਰੁਪਏ ਬਣਾ ਕੇ ਆਪਣੀ ਜ਼ਮੀਨ ਨਾਲ ਜੁੜੇ ਰਹਿਣਾ ਚਾਹੀਦਾ ਹੈ। ਸਰਪੰਚ ਮੋਹਰ ਸਿੰਘ ਤੇ ਖੇਡ ਪ੍ਰਮੋਟਰ ਗੁਰਲਾਲ ਸਿੰਘ ਗਿੱਲ ਨੇ ਕਿਹਾ ਕਿ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਬੇਗਾਨੀ ਧਰਤੀ ’ਤੇ ਭੇਜਣ ਦੀ ਕਾਹਲ ਅਕਸਰ ਘਾਤਕ ਸਿੱਧ ਹੁੰਦੀ ਹੈ।
ਮੰਚ ਸੰਚਾਲਨ ਸ਼ਾਇਰ ਕੁਲਦੀਪ ਮਾਣੂੰਕੇ ਨੇ ਬਾਖੂਬੀ ਨਿਭਾਇਆ। ਸਮਾਗ਼ਮ ਵਿੱਚ ਸਰਪੰਚ ਭੋਲਾ ਸਿੰਘ, ਰਾਮ ਸਿੰਘ, ਰਾਜ ਬਹਾਦਰ ਸਿੰਘ, ਮਾਸਟਰ ਪਰਮਿੰਦਰ ਸਿੰਘ, ਹਰਫੂਲ ਸਿੰਘ, ਇਕੱਤਰ ਸਿੰਘ, ਗੁਰਦੀਪ ਸਿੰਘ, ਮਾਸਟਰ ਅਮਰਜੀਤ ਸਿੰਘ, ਰਣਜੀਤ ਸਿੰਘ ਫੌਜੀ, ਸੁਖਦੀਪ ਸਿੰਘ ਭੀਮ ਤੇ ਹੋਰ ਮੌਜੂਦ ਸਨ।