ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੱਤਾ ਦਾ ਪ੍ਰਵਚਨ

10:05 AM Nov 05, 2023 IST

ਕੇ.ਐਲ. ਗਰਗ

ਵਿਅੰਗ
ਸੱਤਾ ਲੇਖਕ ਜਨ ਨੂੰ ਮੁਖ਼ਾਤਬਿ ਹੁੰਦਿਆਂ ਪ੍ਰਵਚਨ ਕਰਦੀ ਹੈ:
ਹੇ ਲੇਖਕ ਜਨ,
ਸਾਡੀਆਂ ਅਗਲੀਆਂ ਗੱਲਾਂ ਖੁੱਲ੍ਹਣ ਤੋਂ ਪਹਿਲਾਂ ਇਕ ਮਸ਼ਹੂਰ ਗਾਣੇ ਦਾ ਮੁੱਖੜਾ ਸਰਵਣ ਕਰੋ:
‘‘ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ, ਸਾਡੇ ਨਾਲ, ਉਇ ਸਾਡੇ ਨਾਲ... ਜ਼ਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਂਗੇ, ਆ...ਹਾ...ਕੈਸ਼ ਕਰੋਂਗੇ...’’ ਲੇਖਕ ਜਨ, ਤੁਸੀਂ ਤਾਂ ਗੂੜ੍ਹ ਗਿਆਨੀ ਹੋ, ਧੁਰਾਂ-ਧੁਰਾਂ ਦੀਆਂ ਜਾਨਣ ਵਾਲੇ ਹੋ, ਅਕਲਮੰਦ ਨੂੰ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ... ਇਸ ਗਾਣੇ ਦੇ ਅੰਦਰੂਨੀ ਭਾਵ ਸਮਝ ਹੀ ਗਏ ਹੋਵੋਂਗੇ?
ਅਸੀਂ ਸੱਤਾਵਾਨ ਲੋਕ ਹਾਂ। ਸਾਡੇ ਕੋਲ ਸ਼ਕਤੀ ਹੈ, ਸੁਖ ਹੈ, ਸ਼ੋਹਰਤ ਹੈ। ਇਹ ਸਭ ਵਸਤਾਂ ਅਸੀਂ ਤੁਹਾਨੂੰ ਦੇ ਸਕਦੇ ਹਾਂ। ਹਰੇਕ ਇਨਸਾਨ ਸੁਖ ਭੋਗਣ ਹੀ ਇਸ ਜਗਤ ਵਿਚ ਆਇਆ ਹੈ। ਦੁੱਖ ਕੌਣ ਭੋਗਣਾ ਚਾਹੁੰਦਾ ਹੈ? ਕਾਇਆ ਸੁਖੀ ਹੋਵੇ ਤਾਂ ਜੀਵਨ ਸਫਲ ਹੁੰਦਾ ਹੈ। ਨਹੀਂ ਤਾਂ ਉਹੀਉ ਢੱਕ ਦੇ ਤਿੰਨ ਪੱਤੇ। ਅਸੀਂ ਤੁਹਾਨੂੰ ਰੰਕ ਤੋਂ ਕਿੰਗ ਬਣਾ ਸਕਦੇ ਹਾਂ। ਤੁਹਾਡੀ ਸ਼ੋਹਰਤ ਚਹੁੰ ਕੂੰਟਾਂ ਤੀਕ ਫੈਲਾ ਸਕਦੇ ਹਾਂ। ਤੁਹਾਨੂੰ ਵੱਡੀਆਂ-ਵੱਡੀਆਂ ਡਿਗਰੀਆਂ ਪ੍ਰਦਾਨ ਕਰ ਸਕਦੇ ਹਾਂ। ਤੁਹਾਡੇ ਕਈ ਮੈਟਰਿਕ ਫੇਲ੍ਹਾਂ ਨੂੰ ਅਸੀਂ ਪੀ-ਐਚ.ਡੀ. ਦੀਆਂ ਆਨਰੇਰੀ ਡਿਗਰੀਆਂ ਦਿੱਤੀਆਂ ਹਨ। ਤੁਹਾਨੂੰ ਵੱਡੇ-ਵੱਡੇ ਇਨਾਮਾਂ ਅਤੇ ਪਦਵੀਆਂ ਨਾਲ ਲੱਦ ਸਕਦੇ ਹਾਂ। ਇਸ ਦੁਨੀਆ ਵਿਚ ਸਾਰੇ ਬੰਦੇ ਮਤਲਬੀ ਹਨ। ਅਸੀਂ ਵੀ ਇਸ ਸਭ ਕਾਸੇ ਬਦਲੇ ਤੁਹਾਡੇ ਕੋਲੋਂ ਬਹੁਤ ਹੀ ਨਿਗੂਣੀ ਜਿਹੀ ਚੀਜ਼ ਹੀ ਮੰਗਦੇ ਹਾਂ।
ਸਾਡੀ ਸੱਤਾ ਨਾਲ ਛੇੜ-ਛਾੜ, ਕਿੰਤੂ-ਪ੍ਰੰਤੂ ਨਾ ਕਰੋ। ਇਨਕਲਾਬੀ ਸੁਰ ਤੋਂ ਪ੍ਰਹੇਜ਼ ਹੀ ਕਰੋ ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ ਇਨਕਲਾਬ ਤੇ ਸੱਤਾ ਦਾ ਇੱਟ ਕੁੱਤੇ ਵਾਲਾ ਵੈਰ ਹੁੰਦਾ ਹੈ। ਬਹੁਤਾ ਬੋਲਣ ਤੋਂ ਵੀ ਗੁਰੇਜ਼ ਕਰੋ। ਇਤਿਹਾਸ ਗਵਾਹ ਹੈ ਕਿ ਜਿਹੜੇ ਲੇਖਕ ਸਾਡੇ ਦਰਬਾਰੀ ਬਣ ਕੇ ਰਹੇ, ਉਨ੍ਹਾਂ ਨੇ ਅਤੇ ਉਨ੍ਹਾਂ ਦੀ ਔਲਾਦ ਨੇ ਖ਼ੂਬ ਐਸ਼ੋ-ਇਸ਼ਰਤ ਭੋਗੀ, ਉੱਚ ਦੁਮਾਲੜੇ ਬਣੇ ਅਤੇ ਚੈਨ ਆਰਾਮ ਨਾਲ ਦੁਨੀਆ ਦੇ ਇਸ ਭਵ-ਸਾਗਰ ਨੂੰ ਤਰ ਗਏ। ਮਲਿਕ ਮੁਹੰਮਦ ਜਾਇਸੀ, ਗ਼ਾਲਬਿ, ਜ਼ੌਕ, ਮੋਮਨ ਸਭਨਾਂ ਨੇ ਸੰਸਾਰ ਦੇ ਸਾਰੇ ਸੁੱਖਾਂ ਦਾ ਭੋਗ ਕੀਤਾ। ਖ਼ੁਦ ਵੀ ਚੈਨ ਨਾਲ ਰਹੇ ਤੇ ਸਾਨੂੰ ਸੱਤਾਵਾਨਾਂ ਨੂੰ ਵੀ ਬੇਚੈਨ ਨਹੀਂ ਹੋਣ ਦਿੱਤਾ। ਇਸ ਸਥਤਿੀ ਬਾਰੇ ਸਭ ਤੋਂ ਵੱਡਾ ਸੱਚ ਮਹਾਂਕਵੀ ਗ਼ਾਲਬਿ ਨੇ ਆਪਣੇ ਇਕ ਸ਼ਿਅਰ ਰਾਹੀਂ ਬਿਆਨ ਕੀਤਾ ਹੈ। ਇਹੋ ਜਿਹੇ ਸ਼ਿਅਰ ਸੁਣ ਕੇ ਅਸੀਂ ਗਦਗਦ ਹੋ ਜਾਂਦੇ ਹਾਂ!
‘‘ਬਨਾ ਹੈ ਸ਼ਾਹ ਕਾ ਮੁਸਾਹਿਬ, ਫਿਰੇ ਹੈ ਇਤਰਾਤਾ,
ਬਗਰਨਾ ਇਸ ਸ਼ੈਹਰ ਮੇਂ ਗ਼ਾਲਬਿ ਕੀ ਆਬਰੂ ਕਿਆ ਥੀ।’’
ਪੁਰਾਣਾ ਜ਼ਮਾਨਾ ਸਾਡੇ ਅਤੇ ਲੇਖਕਾਂ ਦਾ ਸੁਨਹਿਰੀ ਕਾਲ ਸੀ। ਲੇਖਕ ਜਨ ਸਾਡੇ ਦਰਬਾਰਾਂ ’ਚ ਰਹਿੰਦੇ ਸਨ। ਸਾਡੇ ਇਕ-ਇਕ ਕਾਰਨਾਮੇ ਦੀ ਉਸਤਤਿ ਲਿਖਦੇ ਰਹਿੰਦੇ ਸਨ ਤੇ ਵਜ਼ੀਫ਼ੇ ਅਤੇ ਜਾਇਦਾਦਾਂ ਦਾ ਭੋਗ ਕਰਦੇ ਰਹਿੰਦੇ ਸਨ। ਮਹਾਂਕਵੀ ਜਾਇਸੀ ਨੇ ਤਾਂ ਸਾਡੀ ਰਾਣੀ ’ਤੇ ਹੀ ਮਹਾਂਕਾਵਿ ‘ਪਦਮਾਵਤ’ ਲਿਖ ਮਾਰਿਆ। ਉਹ ਵੀ ਅਮਰ ਹੋ ਗਿਆ ਤੇ ਸਾਡੀ ਰਾਣੀ ਵੀ ਰਹਿੰਦੀ ਦੁਨੀਆ ਤੀਕ ਅਮਰ ਹੋ ਗਈ। ਕਵੀ ਜਨ ਤਾਂ ਸਾਡੀਆਂ ਆਪਸੀ ਲੜਾਈਆਂ ਵਿਚ ਵੀ ਜੋਸ਼ੀਲੀਆਂ ਕਵਤਿਾਵਾਂ ਲਿਖ-ਲਿਖ ਸਾਡਾ ਅਤੇ ਸਾਡੀ ਫ਼ੌਜ ਦਾ ਮਨੋਬਲ ਵਧਾਉਂਦੇ ਰਹਿੰਦੇ ਸਨ। ਕਿੰਨਾ ਸ਼ਾਨਦਾਰ ਸਮਾਂ ਸੀ ਉਹ, ਸਾਡੇ ਅਤੇ ਕਵੀਆਂ ਲਈ।
ਅਸੀਂ ਤੁਹਾਡੇ ਕੋਲੋਂ ਕਿਸੇ ਵੱਡੀ ਚੀਜ਼ ਦੀ ਮੰਗ ਨਹੀਂ ਕਰਦੇ। ਦੁਨੀਆ ਦਾ ਹਰ ਬਸ਼ਰ ਸਿਰਫ਼ ਤੇ ਸਿਰਫ਼ ਪ੍ਰਸ਼ੰਸਾ ਚਾਹੁੰਦਾ ਹੈ। ਪ੍ਰਸ਼ੰਸਾ ਕਿਸ ਨੂੰ ਪਿਆਰੀ ਨਹੀਂ? ਤੁਸੀਂ ਵੀ ਤਾਂ ਪ੍ਰਸ਼ੰਸਾ ਲਈ ਹੀ ਲਿਖਦੇ ਹੋ? ਪ੍ਰਸ਼ੰਸਾ ਤੇ ਪੈਸਾ। ਪ੍ਰਸ਼ੰਸਾ ਤਾਂ ਹਰੇਕ ਲੇਖਕ ਲਈ ਗੁਲੂਕੋਜ਼ ਦਾ ਕੰਮ ਕਰਦੀ ਹੈ। ਪ੍ਰਸ਼ੰਸਾ ਤਾਂ ਵਿਚਾਰਾ ਰੱਬ ਵੀ ਭਾਲਦੈ। ਇਹ ਮੰਦਰ ਮਸੀਤਾਂ ਤੇ ਹੋਰ ਧਾਰਮਿਕ ਅਦਾਰੇ ਰੱਬ ਦੀ ਪ੍ਰਸ਼ੰਸਾ ਲਈ ਹੀ ਤਾਂ ਬਣੇ ਹਨ। ਰੱਬ ਵੀ ਐਡੀ ਖ਼ਲਕਤ ਸਾਜ ਕੇ ਭਗਤ ਜਨਾਂ ਤੋਂ ਆਰਤੀ, ਪ੍ਰਾਰਥਨਾ, ਬੇਨਤੀਆਂ ਦੀ ਝਾਕ ਰੱਖਦਾ ਹੈ। ਅਸੀਂ ਤਾਂ ਦੁਨੀਆਦਾਰ ਲੋਕ ਹਾਂ। ਤੁਹਾਡੇ ਕੋਲੋਂ ਕੇਵਲ ਤੇ ਕੇਵਲ ਪ੍ਰਸ਼ੰਸਾ ਦੀ ਹੀ ਤਵੱਕੋ ਰੱਖਦੇ ਹਾਂ। ਪ੍ਰਸ਼ੰਸਾ ਬਗ਼ੈਰ ਕਿਹੜਾ ਲੇਖਕ ਲੰਮੀ ਜ਼ਿੰਦਗੀ ਭੋਗ ਸਕਦਾ ਹੈ। ਪ੍ਰਸ਼ੰਸਾ ਬਗ਼ੈਰ ਤਾਂ ਲੇਖਕ ਜਿਉਂਦਾ ਹੀ ਨਹੀਂ ਰਹਿ ਸਕਦਾ। ਪ੍ਰਸ਼ੰਸਾ ਨਾ ਮਿਲੇ ਤਾਂ ਤੁਹਾਡੇ ’ਚ ਤਾਜ਼ਗੀ ਦੀ ਥਾਂ ਮੁਰਦੇਹਾਣੀ ਛਾਈ ਰਹਿੰਦੀ ਹੈ। ਅੱਖਾਂ ਬਿਮਾਰ ਕੁੱਕੜ ਵਾਂਗ ਮਿਚ-ਮਿਚ ਕਰਨ ਲੱਗਦੀਆਂ ਹਨ। ਤੁਸੀਂ ਲੇਖਕ ਜਨ ਅਹਿ ਜ਼ਮੀਰ ਦਾ ਕੀ ਪੱਚੜਾ ਲੈ ਕੇ ਬਹਿ ਜਾਂਦੇ ਹੋ? ਅਖੇ: ਸੱਤਾ ਦੀ ਪ੍ਰਸ਼ੰਸਾ ਕਰਨ ਨੂੰ ਤੁਹਾਡੀ ਜ਼ਮੀਰ ਨਹੀਂ ਮੰਨਦੀ। ਵੈਸੇ ਜੀ ਸਾਨੂੰ ਇਹ ਦੱਸੋ ਤਾਂ ਸਹੀ ਕਿ ਇਹ ਸੜੀ ਜ਼ਮੀਰ ਹੁੰਦੀ ਕੀ ਸ਼ੈਅ ਹੈ? ਇਕ ਵਾਰ ਨੀ ਮੰਨੂੰ, ਦੋ ਵਾਰ ਨੀ ਮੰਨੂੰ, ਹੱਦ ਤਿੰਨ ਵਾਰ ਨੀ ਮੰਨੂੰ, ਤੁਸੀਂ ਲੱਗੇ ਰਹੇ ਤਾਂ ਫਿਰ ਇਸ ਨੇ ਘਾਸੇ ਪੈ ਜਾਣਾ ਤੇ ਫਿਰ ਤਾਂ ਚੱਲ ਸੋ ਚੱਲ। ਫਿਰ ਨੀ ਕਦੇ ਇਹ ਜਾਗਦੀ। ਸਦਾ ਦੀ ਨੀਂਦੇ ਸੌ ਜਾਂਦੀ ਹੈ ਤੇ ਤੁਸੀਂ ਆਪਣੀਆਂ ਮਨ ਆਈਆਂ ਕਰਨ ਲੱਗ ਸਕਦੇ ਹੋ।
ਸਿਆਣੇ ਹੋ, ਪੜ੍ਹੇ ਲਿਖੇ ਹੋ, ਤੁਸੀਂ ਪ੍ਰਸਿੱਧ ਵਿਗਿਆਨੀ ਗੈਲੀਲੀਓ ਬਾਰੇ ਤਾਂ ਸੁਣਿਆ ਹੀ ਹੋਣੈ? ਬੁਢਾਪੇ ’ਚ ਸੱਤਾ ਨਾਲ ਪੰਗਾ ਲੈ ਲਿਆ। ਸੱਤਾ ਦੇ ਜਬਰ ਤੋਂ ਡਰਦਿਆਂ, ਸੱਤਾ ਦਾ ਆਧਾ ਵੀ ਮੰਨ ਗਿਆ। ਤੁਸੀਂ ਉਸ ਦਾ ਮੰਚ ’ਤੇ ਲੰਮੇ ਪੈ ਕੇ ਆਮ ਲੋਕਾਂ ਸਾਹਮਣੇ ਉੱਚੀ ਦੇਣੇ ਬੋਲਿਆ ਇਤਿਹਾਸਕ ਡਾਇਲਾਗ ਸੁਣਿਆ ਹੀ ਹੋਵੇਗਾ: ‘‘ਧਰਤੀ ਖਲ੍ਹੋਤੀ ਹੈ ਤੇ ਸੂਰਜ ਘੁੰਮ ਰਿਹਾ ਹੈ।’’ ਕਿੱਡੀ ਗੱਲ ਆਖ ਦਿੱਤੀ ਸੀ ਸੱਚੇ-ਸੁੱਚੇ ਵਿਗਿਆਨੀ ਨੇ। ਭਾਵੇਂ ਕਿ ਜ਼ਮੀਰ ਉਸ ਦੀ ਹਾਲੇ ਵੀ ਲਾਹਣਤਾਂ ਪਾ ਰਹੀ ਹੋਣੀ ਐਂ।
ਜ਼ਮੀਰ ਹਮੇਸ਼ਾ ਪੰਗੇ ਖੜ੍ਹੇ ਕਰਦੀ ਹੈ। ਇਹ ਨਾ ਖ਼ੁਦ ਚੈਨ ਨਾਲ ਟਿਕਦੀ ਹੈ ਤੇ ਨਾ ਹੀ ਹੋਰਾਂ ਨੂੰ ਚੈਨ ਨਾਲ ਰਸਣ-ਵਸਣ ਦਿੰਦੀ ਹੈ। ਲੇਖਕ ਜਨਾਂ ਨੂੰ ਤਾਂ ਇਹ ਬਹੁਤਾ ਹੀ ਤੰਗ ਤੇ ਪਰੇਸ਼ਾਨ ਕਰਦੀ ਹੈ। ਹਮੇਸ਼ਾ ਕੁਝ-ਨਾ-ਕੁਝ ਬਕਬਕ ਕਰਦੀ ਹੀ ਰਹਿੰਦੀ ਹੈ, ‘‘ਯੇ ਨਾ ਕਰੋ, ਐਸਾ ਨਾ ਕਰੋ, ਵੈਸਾ ਨਾ ਕਰੋ।’’ ਭਲਾ ਜਿਉਂਦਾ ਬੰਦਾ ਕੀ-ਕੀ ਛੱਡ ਸਕਦਾ ਹੈ? ਕਬੀਲਦਾਰ ਕਿਸਮ ਦੇ ਬੰਦਿਆਂ ਨੂੰ ਹਰ ਸ਼ੈਅ ਦੀ ਜ਼ਰੂਰਤ ਰਹਿੰਦੀ ਹੈ। ਗ਼ਰੀਬੀ ਸਭ ਤੋਂ ਵੱਡਾ ਪਾਪ ਹੁੰਦਾ ਹੈ। ਭੁੱਖ ਤੇਹ ਨਾਲ ਵਿਲਕਦੀ ਟੱਬਰੀ ਨੂੰ ਕੋਈ ਕਦੋਂ ਤੀਕ ਜਰ ਸਕਦਾ ਹੈ? ਔਲਾਦ ਨੀ ਹਿਫ਼ਾਜ਼ਤ ਮਨੁੱਖ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤੁਸੀਂ ਮੁਸਕਰਾਉਗੇ ਤਾਂ ਤੁਹਾਡਾ ਟੱਬਰ ਵੀ ਮੁਸਕਰਾਏਗਾ। ਇਸੇ ਲਈ ਬਹੁਤੇ ਸਿਆਣੇ ਲੇਖਕ ਜਨ ਜ਼ਮੀਰ ਦੇ ਇਸ ਪੱਚੜੇ ਤੋਂ ਹਮੇਸ਼ਾ ਪਰ੍ਹੇ ਹੀ ਰਹਿੰਦੇ ਹਨ, ਪਾਸਾ ਵੱਟ ਕੇ ਹੀ ਰੱਖਦੇ ਹਨ।
ਇਸੇ ਲਈ, ਪਿਆਰੇ ਲੇਖਕ ਜਨ ਜੀ, ਆਖਦੇ ਹਾਂ ਕਿ ਭਾਈ ਇਹ ਜ਼ਮੀਰ ਸ਼ਮੀਰ ਦੀਆਂ ਬਾਤਾਂ ਛੱਡ ਕੇ ਸਿੱਧੀ ਡੰਡੀ ਫੜੋ ਜੋ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਦੀ ਹੈ। ਸਾਡੀ ਪ੍ਰਸ਼ੰਸਾ ਕਰੋ ਤੇ ਆਪਣੀ ਸ਼ਾਨ-ਸੌਕਤ ਵਧਾਓ। ਸੁੱਖ ਸਮਰਿੱਧੀ ਪ੍ਰਾਪਤ ਕਰੋ। ਸਾਡਾ ਵਿਰੋਧ ਕਰਕੇ ਤੁਹਾਨੂੰ ਕੀ ਮਿਲ ਜਾਊ? ਭੁੱਖਮਰੀ, ਜ਼ਲਾਲਤ, ਗਲਾਜ਼ਤ, ਗੁਰਬਤ, ਬੇਕਾਰੀ ਤੇ ਬੇਕਰਾਰੀ... ਇਸੇ ਲਈ ਤੁਹਾਨੂੰ ਆਗਾਹ ਕਰਦੇ ਹਾਂ ਕਿ ‘‘ਸਾਡੇ ਨਾਲ ਰਹੋਗੇ ਤਾਂ ਐਸ਼ ਕਰੋਗੇ, ਜ਼ਿੰਦਗੀ ਦੇ ਸਾਰੇ ਮਜ਼ੇ ਕੈਸ਼ ਕਰੋਗੇ’’
ਆਪ ਵੀ ਸੁੱਖ ਭੋਗੋ ਤੇ ਸਾਨੂੰ ਵੀ ਸੱਤਾ ਦਾ ਸੁੱਖ ਭੋਗਣ ਦਿਉ। ਇਸੇ ਵਿਚ ਦੇਸ਼, ਕੌਮ ਅਤੇ ਸਰਬੱਤ ਦਾ ਭਲਾ ਹੈ।
ਤੁਸੀਂ ਸਿਆਣੇ ਓ, ਦੂਰ ਅੰਦੇਸ਼ ਓ, ਹਨੇਰੇ ’ਚੋ ਵੀ ਚਾਨਣ ਭਾਲ ਸਕਦੇ ਓ। ਸਾਡੇ ਨਾਲ ਪੰਗਾ ਲੈਣ ਵਾਲੇ ਲੇਖਕਾਂ ਦਾ ਨਾ ਪਹਿਲਾਂ ਕੁਝ ਸੰਵਰਿਆ ਸੀ ਤੇ ਨਾ ਹੀ ਅੱਗੇ ਨੂੰ ਕੁਝ ਸੰਵਰਣਾ ਹੈ। ਤੁਹਾਡੇ ਲਈ ਇਸ਼ਾਰਾ ਹੀ ਕਾਫ਼ੀ ਹੈ। ਅਸੀਂ ਇਸ਼ਾਰਾ ਕਰ ਦਿੱਤਾ ਹੈ, ਅੱਗੇ ਤੇਰੀਆਂ ਤੂੰ ਜਾਣੇਂ ਕਰਤਾਰ, ਤੇਰੀਆਂ ਤੂੰ ਜਾਣੇਂ...।
ਲੇਖਕ ਜਨ, ਹੁਣ ਇਕ ਆਖ਼ਰੀ ਗੱਲ...
ਤੁਸੀਂ ਪ੍ਰਭੂ ਦਾ ਵੀ ਤਾਂ ਗੁਣਗਾਣ ਕਰਦੇ ਹੀ ਓ। ਅਸੀਂ ਵੀ ਤਾਂ ਉਸੇ ਦੇ ਘੱਲੇ ਤੇ ਥਾਪੇ ਹੋਏ ਪ੍ਰਤੀਨਿਧੀ ਹੀ ਤਾਂ ਹਾਂ। ਕੋਈ ਜਣਾ-ਖਣਾ, ਐਰਾ-ਗੈਰਾ, ਨੱਥੂ ਖੈਰਾ ਭਲਾ ਬਣ ਸਕਦੈ ਸੱਤਾਧਾਰੀ। ਇਕ ਸੌ ਚਾਲ੍ਹੀ ਕਰੋੜ ਦੀ ਖ਼ਲਕਤ ’ਚੋਂ ਹਰ ਕੋਈ ਤਾਂ ਸੱਤਾਧਾਰੀ ਨਹੀਂ ਨਾ ਬਣਿਆ। ਕੁਝ ਸਾਡੇ ਵਰਗੇ ਗਿਣੇ-ਚੁਣੇ ਲੋਕ ਹੀ ਤਾਂ ਬਣੇ ਹਨ ਸੱਤਾਧਾਰੀ। ਫਿਰ ਸਾਡੀ ਉਸਤਤਿ (ਪ੍ਰਭੂ ਦੇ ਥਾਪੇ ਹੋਇਆਂ ਦੀ) ਕਰਨ ’ਚ ਤੁਹਾਨੂੰ ਕੀ ਇਤਰਾਜ਼ ਹੋ ਸਕਦਾ ਹੈ? ਸਾਡੇ ਗੁਣ ਗਾਓ ਤੇ ਮੌਜਾਂ ਮਾਣੋ। ਆਪਣਾ ਜੀਵਨ ਸਫਲਾ ਬਣਾਓ... ਪ੍ਰਭੂ ਤੁਹਾਨੂੰ ਸੁਮੱਤ ਬਖ਼ਸ਼ਣ।
ਸੰਪਰਕ: 94635-37050

Advertisement

Advertisement
Advertisement