ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਤਾੜਨਾ
ਦਲਬੀਰ ਸੱਖੋਵਾਲੀਆ
ਬਟਾਲਾ, 1 ਨਵੰਬਰ
ਐੱਸਡੀਐੱਮ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਵਡਾਲਾ ਗ੍ਰੰਥੀਆਂ ਵਿੱਚ ਅਣਗਹਿਲੀ ਵਰਤਣ ਵਾਲੇ ਪਨਗ੍ਰੇਨ ਦੇ ਇੰਸਪੈਕਟਰ ਰਜਿੰਦਰਪਾਲ ਸਿੰਘ, ਬਟਾਲਾ ਮਾਰਕਫੈੱਡ ਦੇ ਇੰਸਪੈਕਟਰ ਸਿਕੰਦਰ ਸਿੰਘ, ਵੇਅਰ ਹਾਊਸ ਬਟਾਲਾ ਹਰਜੀਤ ਸਿੰਘ ਅਤੇ ਪਨਸਪ ਇੰਸਪੈਕਟਰ ਨਵਜੋਤ ਸਿੰਘ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਐੱਸਡੀਐੱਮ ਬਟਾਲਾ ਨੇ ਦੱਸਿਆ ਕਿ ਉਪਰੋਕਤ ਇੰਸਪੈਕਟਰਾਂ ਨੂੰ ਪਹਿਲਾਂ ਵੀ ਕਿਹਾ ਗਿਆ ਸੀ ਕਿ ਜਿਸ ਕਿਸਾਨ ਪਾਸੋਂ ਝੋਨੇ ਦੀ ਖਰੀਦ ਕੀਤੀ ਗਈ ਹੈ, ਉਸ ਦਾ ਮੋਬਾਈਲ ਨੰਬਰ ਵੀ ਰਜਿਸਟਰ ਵਿੱਚ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਵਡਾਲਾ ਗ੍ਰੰਥੀਆਂ ਦੀ ਮੰਡੀਆਂ ਦੀ ਚੈਕਿੰਗ ਦੌਰਾਨ ਪਾਇਆ ਗਿਆ ਕਿ ਜੋ ਝੋਨੇ ਦੀ ਖਰੀਦ ਸਬੰਧੀ ਰਜਿਸਟਰ ਵਿੱਚ ਝੋਨਾ ਵੇਚਣ ਵਾਲੇ ਕਿਸਾਨਾਂ ਦੇ ਮੋਬਾਈਲ ਨੰਬਰ ਦਰਜ ਨਹੀਂ ਕੀਤੇ ਗਏ ਹਨ ਅਤੇ ਰਜਿਸਟਰ ਵਿੱਚ ਰੋਜ਼ਾਨਾ ਫ਼ਸਲ ਖਰੀਦਣ ਸਬੰਧੀ ਜੋੜ ਵੀ ਨਹੀਂ ਲਗਾਇਆ ਗਿਆ ਹੈ ਅਤੇ ਨਾ ਹੀ ਮਿਤੀ 29 ਅਕਤੂਬਰ ਦੀ ਕੋਈ ਐਂਟਰੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਝੋਨੇ ਦੀ ਲਿਫਟਿੰਗ ਸਬੰਧੀ ਗੇਟ ਪਾਸ ਮੰਡੀ ਸੁਪਰਵਾਈਜ਼ਰ ਨੂੰ ਨਹੀਂ ਦਿੱਤੇ ਗਏ ਹਨ, ਜਿਸ ਕਰਕੇ ਇੰਸਪੈਕਟਰਾਂ ਨੇ ਡਿਊਟੀ ਪ੍ਰਤੀ ਅਣਗਹਿਲੀ ਦਾ ਸਬੂਤ ਦਿੱਤਾ ਹੈ। ਐੱਸਡੀਐੱਮ ਨੇ ਇੰਸਪੈਕਟਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਅਜਿਹੀ ਗਲਤੀ ਨੂੰ ਨਾ ਦੁਹਰਾਇਆ ਜਾਵੇ। ਦੱਸਣਯੋਗ ਹੈ ਕਿ ਡੀਸੀ ਨੇ ਦੋ ਦਿਨ ਪਹਿਲਾਂ ਐੱਸਐੱਸਪੀ ਬਟਾਲਾ ਨੂੰ ਪੱਤਰ ਲਿਖਦਿਆ ਆਖਿਆ ਸੀ ਕਿ ਐੱਸਐੱਚਓ ਰੰਗੜ ਨੰਗਲ, ਘਣੀਆ ਕੇ ਬਾਂਗਰ ਵੱਲੋਂ ਪਰਾਲੀ ਸਾੜਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਲਈ ਕੁਤਾਹੀ ਵਰਤੀ ਹੈ, ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।