For the best experience, open
https://m.punjabitribuneonline.com
on your mobile browser.
Advertisement

ਅਨੁਸ਼ਾਸਨ ਭੰਗ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ: ਯਾਦਵ

06:48 AM Jan 24, 2024 IST
ਅਨੁਸ਼ਾਸਨ ਭੰਗ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ  ਯਾਦਵ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਤੇ ਹੋਰ ਸੀਨੀਅਰ ਆਗੂ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 23 ਜਨਵਰੀ
ਪੰਜਾਬ ਮਾਮਲਿਆਂ ਬਾਰੇ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਅੱਜ ਨਵਜੋਤ ਸਿੱਧੂ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਪੰਜਾਬ ਵਿਚ ਪਾਰਟੀ ਵਿਰੋਧੀ ਸਰਗਰਮੀਆਂ ਤੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਅਨੁਸ਼ਾਸਨਬੱਧ ਪਾਰਟੀ ਹੈ ਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਾਂਗਰਸ ਵਿਚ ਮਨਮਰਜ਼ੀਆਂ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨਾਲ ਜੁੜਿਆ ਮਸਲਾ ਹਾਈਕਮਾਂਡ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਅਗਲਾ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਉਮੀਦਵਾਰਾਂ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਕਾਂਗਰਸ ਦੀ ਖੋਜ ਕਮੇਟੀ ਵੱਲੋਂ ਉਮੀਦਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਯਾਦਵ ਪਟਿਆਲਾ ਲੋਕ ਸਭਾ ਹਲਕੇ ਨੂੰ ਲੈ ਕੇ ਪੰਜਾਬ ਕਾਂਗਰਸ ਵੱਲੋਂ ਲੀਡਰਾਂ ਤੇ ਵਰਕਰਾਂ ਨਾਲ ਰੱਖੀ ‘ਖੁੱਲ੍ਹੀ ਚਰਚਾ’ ਵਿਚ ਸ਼ਾਮਲ ਹੋਣ ਲਈ ਆਏ ਸਨ।
ਯਾਦਵ ਨੇ ਕਿਹਾ ਕਿ ‘ਖੁੱਲ੍ਹੀ ਚਰਚਾ’ ਦਾ ਪ੍ਰੋਗਰਾਮ ਪੂਰੇ ਪੰਜਾਬ ਵਿਚ ਵਿੱਢਿਆ ਗਿਆ ਹੈ ਜਿਨ੍ਹਾਂ ਰਾਹੀਂ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਦੀ ਰਾਇ ਤੇ ਸੁਝਾਅ ਲਏ ਜਾ ਰਹੇ ਹਨ। ਉਮੀਦਵਾਰਾਂ ਦੀ ਚੋਣ ਵਰਕਰਾਂ ਤੋਂ ਮਿਲੀ ਫੀਡਬੈਕ ਦੇ ਅਧਾਰ ’ਤੇ ਕੀਤੀ ਜਾਏਗੀ। ਵਰਕਰਾਂ ਤੇ ਹੇਠਲੇ ਆਗੂਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਏਗਾ। ਇਹ ਸਾਰੀ ਰਿਪੋਰਟ ਹਾਈਕਮਾਂਡ ਨੂੰ ਸੌਂਪੀ ਜਾਏਗੀ, ਜਿਸ ਤੋਂ ਬਾਅਦ ਪਾਰਟੀ ਅਗਲਾ ਫ਼ੈਸਲਾ ਲਏਗੀ। ਯਾਦਵ ਨੇ ਕਿਹਾ ਕਿ ਉਹ ਅਗਲੇ ਤਿੰਨ ਦਿਨਾਂ ਵਿਚ ਛੇ ਲੋਕ ਸਭਾ ਹਲਕਿਆਂ ਵਿਚ ‘ਖੁੱਲ੍ਹੀ ਚਰਚਾ’ ਪ੍ਰੋਗਰਾਮ ਕਰਨਗੇ।
ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਪਟਿਆਲਾ ਤੋਂ ਐੱਮਪੀ ਪ੍ਰਨੀਤ ਕੌਰ ਨੂੰ ਕਾਂਗਰਸ ਵਿਰੋਧੀ ਸਰਗਰਮੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਹੁਣ ਪਟਿਆਲਾ ਸੰਸਦੀ ਹਲਕੇ ਤੋਂ ਕਾਂਗਰਸ ਦੀ ਟਿਕਟ ਨਹੀਂ ਮਿਲੇਗੀ। ਉਨ੍ਹਾਂ ਨਵਜੋਤ ਸਿੱਧੂ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਜਿਸ ਨੇ ਪਾਰਟੀ ਵਿੱਚ ਆਪਣੀ ਮਨਮਰਜ਼ੀ ਨਾਲ ਕੰਮ ਕਰਨਾ ਹੈ, ਉਹ ਪਾਰਟੀ ਛੱਡ ਕੇ ਅਜਿਹਾ ਕਰ ਸਕਦਾ ਹੈ। ਉਂਜ ਅੱਜ ਦੀ ਮੀਟਿੰਗ ’ਚੋਂ ਨਵਜੋਤ ਸਿੱਧੂ ਗੈਰਹਾਜ਼ਰ ਰਹੇ। ਬੈਠਕ ਵਿੱਚ ਪੰਜਾਬ ਮ‌ਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਵਿਧਾਇਕਾਂ ਵਿਚ ਰਾਜਿੰਦਰ ਸਿੰਘ, ਹਰਦਿਆਲ ਸਿੰਘ ਕੰਬੋਜ, ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ, ਮਦਨ ਲਾਲ ਜਲਾਲਪੁਰ, ਨਰੇਸ਼ ਦੁੱਗਲ, ਹਰਵਿੰਦਰ ਸਿੰਘ ਖਨੌੜਾ ਹਾਜ਼ਰ ਸਨ।

Advertisement

‘ਵੱਖਰੀਆਂ ਰੈਲੀਆਂ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ’

ਸੰਗਰੂਰ (ਗੁਰਦੀਪ ਸਿੰਘ ਲਾਲੀ): ਇਥੇ ਜੇਜੀ ਪੈਲੇਸ ਵਿੱਚ ਸੰਗਰੂਰ ਸੰਸਦੀ ਹਲਕੇ ਲਈ ਕੀਤੀ ‘ਖੁੱਲ੍ਹੀ ਚਰਚਾ’ ਵਿਚ ਦੇਵੇਂਦਰ ਯਾਦਵ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਦਲਵੀਰ ਸਿੰਘ ਗੋਲਡੀ ਆਦਿ ਮੌਜੂਦ ਸਨ। ਸ੍ਰੀ ਯਾਦਵ ਨੇ ਕਿਹਾ ਕਿ ਪਾਰਟੀ ਹਦਾਇਤਾਂ ਦੀ ਉਲੰਘਣਾ ਕਰਕੇ ਵੱਖਰੇ ਤੌਰ ’ਤੇ ਰੈਲੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਸਦੀ ਹਲਕਿਆਂ ’ਚ ਮੀਟਿੰਗਾਂ ਕਰਕੇ ਪਾਰਟੀ ਆਗੂਆਂ ਅਤੇ ਵਰਕਰਾਂ ਸਮੇਤ ਸਮੁੱਚੇ ਪਾਰਟੀ ਕੇਡਰ ਤੋਂ ਸੁਝਾਅ ਲਏ ਜਾ ਰਹੇ ਹਨ ਕਿ ਉਹ ਕੀ ਚਾਹੁੰਦੇ ਹਨ। ਸਾਰੇ ਸੰਸਦੀ ਹਲਕਿਆਂ ਦੀਆਂ ਮੀਟਿੰਗਾਂ ਤੋਂ ਬਾਅਦ ਸੂਬਾਈ ਲੀਡਰਸ਼ਿਪ ਨਾਲ ਵਿਚਾਰ ਚਰਚਾ ਮਗਰੋਂ ਮੁਕੰਮਲ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਸੌਂਪੀ ਜਾਵੇਗੀ। ਸ੍ਰੀ ਯਾਦਵ ਨੇ ਨਵਜੋਤ ਸਿੱਧੂ ਦੀ ਮੋਗਾ ਰੈਲੀ ਦੇ ਪ੍ਰਬੰਧਕਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਬਾਰੇ ਪੁੱਛੇ ਸਵਾਲ ਤੋਂ ਪੱਲ੍ਹਾ ਝਾੜਦਿਆਂ ਕਿਹਾ ਕਿ ਇਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਹੀ ਦੱਸ ਸਕਦੇ ਹਨ।

Advertisement

Advertisement
Author Image

joginder kumar

View all posts

Advertisement