ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਲੋਪ ਹੋਈਆਂ ਵਿਆਹ ਦੀਆਂ ਰਸਮਾਂ

10:58 AM Oct 21, 2023 IST

ਮੁਖ਼ਤਾਰ ਗਿੱਲ
Advertisement

ਮੌਜੂਦਾ ਵਿਗਿਆਨਕ ਯੁੱਗ ਵਿੱਚ ਹੋ ਰਹੇ ਸਮਾਜਿਕ, ਆਰਥਿਕ ਤੇ ਸਿਆਸੀ ਬਦਲਾਅ ਨੇ ਜਿੱਥੇ ਸਾਡੇ ਸੱਭਿਆਚਾਰ ਨੂੰ ਢਾਹ ਲਾਈ ਹੈ, ਉੱਥੇ ਵਿਆਹ ਸਬੰਧੀ ਰਸਮਾਂ ਤੇ ਰੀਤੀ ਰਿਵਾਜਾਂ ਨੂੰ ਵੀ ਅਲੋਪ ਕਰ ਦਿੱਤਾ। ਇੱਥੇ ਅਸੀਂ ਕਈ ਅਜਿਹੀਆਂ ਰਸਮਾਂ ਦਾ ਜ਼ਿਕਰ ਕਰਾਂਗੇ ਜਨਿ੍ਹਾਂ ਨੂੰ ਕਿਸੇ ਸਮੇਂ ਵਿਆਹ ਵਿੱਚ ਅਹਿਮ ਮੰਨਿਆ ਜਾਂਦਾ ਸੀ, ਪਰ ਮੌਜੂਦਾ ਸਮੇਂ ਦੇ ਵਿਆਹਾਂ ਵਿੱਚੋਂ ਇਹ ਗਾਇਬ ਹਨ।
ਛੁਹਾਰਾ ਪੈਣਾ: ਉਨ੍ਹਾਂ ਸਮਿਆਂ ਵਿੱਚ ਵੇਖਾ ਵਿਖਾਈ ਜਾਂ ਰੋਕਾ ਤੇ ਪ੍ਰੀ ਵੈਡਿੰਗ ਫੋਟੋਗ੍ਰਾਫੀ ਦਾ ਰਿਵਾਜ ਨਹੀਂ ਸੀ। ਕਿਸੇ ਦੂਰ ਨੇੜੇ ਦੇ ਰਿਸ਼ਤੇਦਾਰ, ਕਿਸੇ ਸੱਜਣ ਮਿੱਤਰ ਜਾਂ ਕਿਸੇ ਦੀ ਵਿਚੋਲਗੀ ਦੀ ਬਦੌਲਤ ਰਿਸ਼ਤਾ ਸਿਰੇ ਚੜ੍ਹ ਜਾਂਦਾ ਸੀ। ਲੜਕੀ ਦੇ ਪਰਿਵਾਰ ਵੱਲੋਂ ਉਸ ਦਾ ਪਿਤਾ, ਮਾਮਾ ਤੇ ਲਾਗੀ ਆਦਿ ਮੁੰਡੇ ਦੇ ਮੂੰਹ ਨੂੰ ਛੁਹਾਰਾ ਲਾਉਂਦੇ ਸਨ। ਮੁੰਡੇ ਦੀ ਝੋਲੀ ਚਾਂਦੀ ਦਾ ਦੁੱਪੜ ਰੁਪਈਆ, ਮਿਸ਼ਰੀ ਤੇ ਇਲਾਇਚੀ ਆਦਿ ਪਾਏ ਜਾਂਦੇ ਸਨ। ਇਸ ਸ਼ਗਨ ਮੌਕੇ ਮੁੰਡੇ ਦੇ ਕੁਆਰੇ ਦੋਸਤਾਂ ਨੂੰ ਉਹ ਆਪਣੀ ਝੋਲੀ ਵਿੱਚੋਂ ਕੁੱਜਿਆਂ ਦੀ ਮਿਸ਼ਰੀ ਤੇ ਇਲਾਇਚੀ ਦਾ ਪ੍ਰਸ਼ਾਦ ਵੰਡਦਾ ਸੀ।


ਸਾਹੇ ਚਿੱਠੀ: ਅੱਜਕੱਲ੍ਹ ਡਿਜ਼ਾਈਨਰ ਵਿਆਹ ਦੇ ਕਾਰਡਾਂ ਦਾ ਜ਼ਮਾਨਾ ਹੈ, ਪਰ ਕਿਸੇ ਪੜ੍ਹੇ ਲਿਖੇ ਤੋਂ ਸਾਦੇ ਕਾਗਜ਼ ਉੱਪਰ ਵਿਆਹ ਸ਼ਾਦੀ ‘ਸਾਹਾ’ ਜਿਸ ਵਿੱਚ ਸ਼ੁਭ ਦਿਨ ਦਿਹਾੜਾ, ਮਹੀਨਾ ਆਦਿ ਦੀ ਸੂਚਨਾ ਲਿਖਵਾ ਕੇ ਸਾਹੇ ਚਿੱਠੀ ਦੇ ਕਾਗਜ਼ ’ਤੇ ਸੰਧੂਰ ਦਾ ਟਿੱਕਾ ਲਵਾ, ਉਸ ਦੁਆਲੇ ਲਾਲ ਮੌਲੀ ਦਾ ਧਾਗਾ ਬੰਨ੍ਹ ਲਾਗੀ ਹੱਥ ਮੁੰਡੇ ਵਾਲਿਆਂ ਦੇ ਘਰ ਭੇਜੀ ਜਾਂਦੀ ਸੀ। ਭਾਵ ‘ਅੱਸੂ ਦੀ ਪਹਿਲੀ ਨੂੰ ਪ੍ਰੀਤੋ ਦਾ ਸਾਹਾ ਸੁਧਿਆ।’ ਇਹੋ ਸਾਹੇ ਚਿੱਠੀ ਹੁੰਦੀ ਸੀ।
ਗੌਣ ਬਿਠਾਉਣਾ: ਸ਼ਰੀਕਾ, ਭਾਈਚਾਰਕ ਸਾਂਝ, ਆਂਢ-ਗੁਆਂਢ ਅਤੇ ਹੋਰ ਮਿਲਵਰਤਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਤੇ ਮੁਟਿਆਰਾਂ ਨੂੰ ਵਿਆਹ ਵਾਲੇ ਘਰ ਵੱਲੋਂ ਲਾਗਣਾਂ ‘ਗੌਣ’ ਦਾ ਸੱਦਾ ਦੇਣ ਜਾਂਦੀਆਂ ਸਨ। ਬੀਬੀਆਂ ਭੈਣਾਂ ਰਾਤ ਨੂੰ ਵਿਆਹ ਵਾਲੇ ਘਰ ਦੇ ਖੁੱਲ੍ਹੇ ਵਿਹੜਿਆਂ ਜਾਂ ਛੱਤਾਂ ਉਤੇ ਵਿਛੀਆਂ ਦਰੀਆਂ ’ਤੇ ਬੈਠ ਕੇ ਵਿਆਹ ਸ਼ਾਦੀ ਦੇ ਗੀਤ ਗਾਉਂਦੀਆਂ ਸਨ। ਘਰ ਵੱਲੋਂ ਉਨ੍ਹਾਂ ਨੂੰ ਗੁੜ ਤੇ ਪਤਾਸੇ ਵੰਡੇ ਜਾਂਦੇ ਸਨ। ਸ਼ਾਇਦ ਇਸੇ ਨੂੰ ਅਜੋਕੇ ਸਮਿਆਂ ਵਿੱਚ ‘ਲੇਡੀਜ਼ ਸੰਗੀਤ’ ਕਿਹਾ ਜਾਂਦਾ ਹੈ।
ਮਹਿੰਦੀ ਦੀ ਰਸਮ: ਮਹਿੰਦੀ ਵਾਲੇ ਸ਼ਿੰਗਾਰੇ ਹੱਥ ਵੇਖਣਾ ਅਤੇ ਮਹਿੰਦੀ ਦੀ ਖੁਸ਼ਬੂ ਮਹਿਸੂਸ ਕਰਨਾ ਵੀ ਇੱਕ ਰਸਮ ਹੈ। ਔਰਤਾਂ ਤੇ ਮੁਟਿਆਰਾਂ ਵੱਲੋਂ ਮਹਿੰਦੀ ਲਾਉਣਾ, ਆਪਣੇ ਹੱਥਾਂ ਦੀ ਸ਼ਾਨ ਵਧਾਉਣਾ ਹੈ। ਵਿਆਹੁਤਾ ਲੜਕੀ ਦੇ ਹੱਥਾਂ ਉਤੇ ਮਹਿੰਦੀ ਲਾਉਣ ਨੂੰ ਇੱਕ ਸ਼ਗਨ ਮੰਨਿਆ ਜਾਂਦਾ ਹੈ। ਮਹਿੰਦੀ ਲਾਉਣ ਦੀ ਰਸਮ ਕੋਈ ਸੁੱਘੜ ਸਿਆਣੀ ਔਰਤ ਨਿਭਾਉਂਦੀ ਹੈ ਜਿਸ ਨੂੰ ਮਹਿੰਦੀ ਲਾਉਣ ਦੀ ਕਲਾ ਦੀ ਮੁਹਾਰਤ ਹੋਵੇ। ਅੱਜਕੱਲ੍ਹ ਤਾਂ ਇਹ ਕੰਮ ਬਿਊਟੀ ਪਾਰਲਰਾਂ ਤੋਂ ਹੀ ਕਰਵਾ ਲਿਆ ਜਾਂਦਾ ਹੈ।
ਵਟਣਾ ਮਲਣਾ/ਤੇਲ ਚੜ੍ਹਾਉਣਾ: ਵਿਆਹ ਵਾਲੀ ਲੜਕੀ ਦੇ ਮੂੰਹ ਤੇ ਬਾਹਾਂ ਆਦਿ ’ਤੇ ਦਹੀਂ, ਹਲਦੀ ਅਤੇ ਵੇਸਣ ਆਦਿ ਦਾ ਲੇਪ ਕੀਤਾ ਜਾਂਦਾ ਜਿਸ ਨੂੰ ਵਟਣਾ ਮਲਣਾ ਕਿਹਾ ਜਾਂਦਾ ਹੈ। ਉੱਧਰ ਮੁੰਡੇ ਨੂੰ ਵੀ ਅਗਲੇ ਦਿਨ (ਬਰਾਤ ਵਾਲੇ ਦਿਨ) ਵਟਣਾ ਮਲ ਕੇ (ਦਹੀਂ ਤੇ ਤੇਲ ਮਲ ਕੇ) ਨੁਹਾਇਆ ਜਾਂਦਾ ਹੈ। ਇਸ ਰਸਮ ਨੂੰ ਵਟਣਾ ਮਲਣਾ ਜਾਂ ਤੇਲ ਚੜ੍ਹਾਉਣਾ ਵੀ ਕਿਹਾ ਜਾਂਦਾ ਹੈ।
ਨਾਨਕਾ ਮੇਲ: ਲੜਕੇ ਤੇ ਲੜਕੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਨਾਨਾ-ਨਾਨੀ, ਮਾਮੇ-ਮਾਮੀਆਂ, ਮਿਲਵਰਤਣ ਵਾਲੀਆਂ ਆਂਢਣਾਂ-ਗੁਆਂਢਣਾਂ ਕੁੜੀ-ਮੁੰਡੇ ਦੇ ਘਰ ‘ਨਾਨਕਾ ਮੇਲ’ ਬਣ ਕੇ ਆਉਂਦੇ ਸਨ। ਘਰ ਵਾਲੀਆਂ ਵੱਲੋਂ ‘ਨਾਨਕਾ ਮੇਲ’ ਦਾ ਸਿੱਠਣੀਆਂ, ਲੋਕ ਗੀਤਾਂ ਆਦਿ ਨਾਲ ਸਵਾਗਤ ਕੀਤਾ ਜਾਂਦਾ ਸੀ।
ਚੂੜਾ ਚੜ੍ਹਉਣਾ: ਵਟਣਾ ਮਲਣ ਤੇ ਨੁਹਾਉਣ ਤੋਂ ਬਾਅਦ ਸ਼ਗਨ ਦੇ ਗੀਤਾਂ ਨਾਲ ਵਿਆਹ ਵਾਲੀ ਲੜਕੀ ਦੇ ਮਾਮਿਆਂ ਵੱਲੋਂ ‘ਚੂੜਾ ਚੜ੍ਹਾਉਣ’ ਦੀ ਰਸਮ ਨਿਭਾਈ ਜਾਂਦੀ।
ਘੋੜੀ ਚੜ੍ਹਨਾ: ਵਿਆਹ ਵਾਲੇ ਲੜਕੇ ਨੂੰ ਦਹੀਂ ਤੇ ਤੇਲ ਨਾਲ ਨੁਹਾਉਣ ਉਪਰੰਤ ਸ਼ਗਨਾਂ ਨਾਲ ਸ਼ਿੰਗਾਰੀ ਘੋੜੀ ’ਤੇ ਚੜ੍ਹਾ ਕੇ ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਅਸਥਾਨ ’ਤੇ ਲੈਜਾਇਆ ਜਾਂਦਾ। ਲਾੜੇ ਦੇ ਪਿੱਛੇ ਘੋੜੀ ’ਤੇ ਕਿਸੇ ਭਤੀਜੇ ਜਾਂ ਆਂਢ-ਗੁਆਂਢ ਦੇ ਕਿਸੇ ਚਹੇਤੇ ਬੱਚੇ ਨੂੰ ‘ਸਰਬਾਲਾ’ ਬਣਾ ਕੇ ਬਿਠਾਇਆ ਜਾਂਦਾ। ਅਰਦਾਸ ਤੋਂ ਬਾਅਦ ਭੈਣਾਂ ਵੀਰ ਦੀ ਘੋੜੀ ਦੀ ਵਾਗ ਗੁੰਦਣ ਅਤੇ ਭਰਜਾਈਆਂ ਆਪਣੇ ਦਿਓਰ ਨੂੰ ‘ਸੁਰਮਾ ਪਾਉਣ’ ਦੀ ਰਸਮ ਪੂਰੀ ਕਰਦੀਆਂ।
ਜੰਝ ਦਾ ਢੁੱਕਣਾ: ਭਲੇ ਵੇਲਿਆਂ ਵਿੱਚ ਪਿੰਡਾਂ ’ਚ ਜੰਝਾਂ ਲੋਢੇ ਵੇਲੇ ਢੁੱਕਦੀਆਂ ਹੁੰਦੀਆਂ ਸਨ। ਜਾਂਝੀ ਕਿਸੇ ਸੂਏ, ਨਹਿਰ ਜਾਂ ਵਗਦੇ ਖੂਹ ਤੋਂ ਮੂੰਹ ਹੱਥ ਧੋ ਕੇ ਤਿਆਰ ਹੋ ਜਾਂਦੇ ਸਨ। ਪਿੰਡ ਵਾਲੇ ਪਹਿਲਾਂ ਹੀ ਜਾਂਝੀਆਂ ਦੀਆਂ ਘੋੜੀਆਂ ਸਾਂਭ ਸੰਭਾਲ ਲਈ ਹਵੇਲੀਆਂ/ ਘਰ ਲੈ ਜਾਂਦੇ ਸਨ।
ਮਿਲਣੀ: ਜੰਝ ਦੇ ਢੁੱਕਣ ਤੋਂ ਬਾਅਦ ਜਦੋਂ ਦੋਵੇਂ ਮੁੰਡੇ ਤੇ ਕੁੜੀ ਦੇ ਪਰਿਵਾਰ ਆਹਮਣੇ ਸਾਹਮਣੇ ਹੁੰਦੇ ਸਨ ਤਾਂ ਅਰਦਾਸ ਉਪਰੰਤ, ‘ਮੇਲ ਲਵੇ ਮਹਾਰਾਜ ਵੇਲਾ ਮਿਲਣੀ ਦਾ’ ਦੇ ਬੋਲਾਂ ਨਾਲ ‘ਮਿਲਣੀ’ ਦੀ ਰਸਮ ਹੁੰਦੀ ਸੀ। ਕੁੜਮਾਂ, ਮਾਮਿਆਂ, ਫੁੱਫੜ, ਭਣਵਈਆਂ ਆਦਿ ਦੀ ਮਿਲਣੀ ਕਰਵਾਈ ਜਾਂਦੀ। ਕੁੜੀ ਵਾਲੇ ਗਲਾਂ ਵਿੱਚ ਹਾਰਾਂ ਦੇ ਨਾਲ ਕੰਬਲ, ਮੁੰਦਰੀਆਂ, ਛੱਲੇ ਛਾਪਾਂ ਆਦਿ ਸ਼ਗਨ ਦੇ ਰੂਪ ਵਿੱਚ ਭੇਂਟ ਕਰਦੇ। ਸਿਰਵਾਰ ਨਾਵੇਂ ਹੁੰਦੇ ਸਨ। ਲਾਗੀਆਂ ਨੂੰ ਲਾਗ ਮਿਲਦਾ ਸੀ। ਮਿਲਣੀ ਤੋਂ ਬਾਅਦ ਬਰਾਤ ਰੈਣ ਬਸੇਰੇ ਵੱਲ ਤੁਰ ਪੈਂਦੀ ਸੀ। ਲਾਲ ਥੈਲੀ ਵਿੱਚ ਭਨਕੜ/ਭਾਨ ਪਾਈਂ ਲਾੜੇ ਦਾ ਪਿਓ ਆਨੇ, ਦੁਆਨੀਆਂ, ਚਵਾਨੀਆਂ ਤੇ ਇੱਕ ਅੱਧ ਦੁੱਪੜ ਚਾਂਦੀ ਰੁਪਏ ਆਦਿ ਦੀ ਸੋਟ ਕਰਦਾ ਸੀ ਜਿਸ ਨੂੰ ਬੱਚੇ ਤੇ ਝਲੂੰਗੀ ਵਾਲੇ ਸਾਂਸੀ ਲੁੱਟਦੇ ਸਨ।
ਆਮ ਤੌਰ ’ਤੇ ਬਰਾਤਾਂ ਦਾ ਉਤਾਰਾ ਗੁਰਦੁਆਰੇ ਦੇ ਜੰਝ ਘਰ ਹੁੰਦਾ ਸੀ ਜਿੱਥੇ ਪਿੰਡ ਦੇ ਜਵਾਨਾਂ ਵੱਲੋਂ ਇਕੱਠੇ ਕੀਤੇ ਮੰਜੇ ਬਿਸਤਰੇ ਲੱਗੇ ਹੁੰਦੇ ਸਨ ਜਨਿ੍ਹਾਂ ਉਤੇ ਬਰਾਤੀ ਬਿਰਾਜਮਾਨ ਹੋ ਜਾਂਦੇ ਸਨ। ਸਪੀਕਰ ਵਾਲਾ ਭਾਈ ਦੋ ਮੰਜੇ ਜੋੜ ਕੇ ਉਨ੍ਹਾਂ ਉਤੇ ਧੁਤੂ ਬੰਨ੍ਹ ਸਪੀਕਰ ਲਾ ਦਿੰਦਾ ਸੀ। ਪਹਿਲਾ ਰਿਕਾਰਡ ਅਕਸਰ ਧਾਰਮਿਕ, ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ’ ਵਰਗਾ ਹੁੰਦਾ ਸੀ। ਰਾਜਾ ਤੇ ਪੈਂਚ ਬੂੰਦੀ ਤੇ ਮੱਠੀਆਂ ਦੇ ਡੋਨੇ ਤੇ ਗਿਲਾਸਾਂ ਵਿੱਚ ਚਾਹ ਪਾ ਕੇ ਵਰਤਾਈ ਜਾਂਦੇ ਸਨ।
ਚਾਹ ਪੀ ਬਰਾਤੀ ਕੁਝ ਦੇਰ ਆਰਾਮ ਕਰਦੇ ਸਨ। ਏਨੇ ਨੂੰ ਘਰ ਦੀ ਕੱਢੀ ਲੌਂਗ ਲੈਚੀਆਂ ਵਾਲੀ ਦੇਸੀ ਦਾਰੂ ਤੇ ਲੂਣੀ ਬੂੰਦੀ ਲੈ ਕੇ ਸ਼ਰੀਕੇ ਬਿਰਾਦਰੀ ਦੇ ਚੋਭਰ ਆ ਜਾਂਦੇ ਸਨ। ਜਦੋਂ ਬਰਾਤੀ ਵਾਹਵਾ ਲਹਿਰ ਵਿੱਚ ਹੋ ਜਾਂਦੇ ਸਨ ਤਾਂ ਕੋਈ ਮੋਹਤਬਰ ਘਰ ਵੱਲੋਂ ਰੋਟੀ ਦਾ ਸੱਦਾ ਦੇ ਜਾਂਦਾ ਸੀ। ਰਾਤ ਦੀ ਰੋਟੀ ਵਿੱਚ ਚੌਲ ਸ਼ੱਕਰ ਘਿਓ, ਲੋਹ ਦੇ ਮੰਡੇ, ਦਾਲ ਆਦਿ ਹੁੰਦੇ ਸਨ। ਦੇਰ ਰਾਤ ਤੱਕ ਸਪੀਕਰ ਵੱਜਦਾ ਸੀ। ਜਾਂਝੀਆਂ ਵਿੱਚ ਬੋਲ ਬੁਲਾਰਾ ਵੀ ਹੁੰਦਾ ਸੀ।
ਅਗਲੇ ਦਿਨ ਸਵੇਰੇ ਗੁਰਦੁਆਰਾ ਸਾਹਿਬ ਦੀ ਹਲਟੀ ਦੀਆਂ ਟੂਟੀਆਂ ਭਰ ਦਿੱਤੀਆਂ ਜਾਂਦੀਆਂ ਸਨ ਅਤੇ ਕਿੱਲੀਆਂ ਉਤੇ ਨਵੇਂ ਪਰਨੇ ਟੰਗੇ ਜਾਂਦੇ ਸਨ। ਤੇਲ ਤੇ ਸਾਬਣ ਰੱਖਿਆ ਜਾਂਦਾ ਸੀ। ਜਾਂਝੀ ਬਾਹਰ ਅੰਦਰ ਜਾ, ਦਾਤਣ ਕੁਰਲਾ ਕਰ ਮੌਸਮ ਅਨੁਸਾਰ ਨਹਾ ਧੋ ਮੰਜੇ ਮਲ ਲੈਂਦੇ ਸਨ। ਛਾਹ ਵੇਲਾ ਚਾਹ ਤੇ ਡੋਨੇ ਜੰਝ ਦੇ ਢੁਕਾ ਵੇਲੇ ਵਾਲਾ ਹੀ ਹੁੰਦਾ। ਚਾਹ ਆਦਿ ਪੀ ਬਰਾਤੀ ਤਿਆਰ ਹੋਣ ਲੱਗਦੇ।
ਲਾਵਾਂ ਫੇਰੇ: ਇਸ ਦੌਰਾਨ ਘਰੋਂ ਲਾਵਾਂ ਫੇਰਿਆਂ ਦਾ ਸੱਦਾ ਮਿਲਦਾ। ਲਾੜਾ, ਪਿਤਾ ਤੇ ਨੇੜੇ ਦੇ ਹੋਰ ਰਿਸ਼ਤੇਦਾਰ ਲਾਵਾਂ ਲਈ ਪਹੁੰਚ ਜਾਂਦੇ। ਲਾਵਾਂ ਫੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੋਵੇਂ ਪਰਿਵਾਰ, ਨੇੜਲੇ ਰਿਸ਼ਤੇਦਾਰ ਤੇ ਸਕੇ ਸੋਧਰੇ ਗੁਰੂ ਚਰਨਾਂ ਵਿੱਚ ਬੈਠ ਜਾਂਦੇ। ਗੁਰਦੁਆਰਾ ਸਾਹਿਬ ਦੇ ਭਾਈ ਜੀ ਲਾਵਾਂ ਦਾ ਪਾਠ ਪੜ੍ਹਦੇ। ਨਵੀਂ ਵਿਆਹੁਤਾ ਆਪਣੇ ਮੰਗੇਤਰ ਦਾ ਪੱਲਾ ਫੜ ਲਾਵਾਂ ਲੈਂਦੀ। ਭਰਾ ਤੇ ਸਖੀਆਂ ਸਹੇਲੀਆਂ ਲਾਵਾਂ ਲੈਣ ’ਚ ਉਸ ਨੂੰ ਲਾੜੇ ਪਿੱਛੇ ਪਿੱਛੇ ਲਾਵਾਂ ਲੈਣ ਵਿੱਚ ਸਹਿਯੋਗ ਕਰਦੀਆਂ। ਕਿਸੇ ਸਹੇਲੀ ਵੱਲੋਂ ਸਿੱਖਿਆ ਪੜ੍ਹੀ ਜਾਂਦੀ। ਭਾਈ ਜੀ ਗ੍ਰਹਿਸਤੀ ਜੀਵਨ ਦੀ ਸਿੱਖਿਆ ਦਿੰਦੇ। ਵਿਆਹੁਤਾ ਮੁੰਡੇ ਨਾਲ ਲਾਵਾਂ ਫੇਰਿਆਂ ਲਈ ਘਰ ਦੇ ਮੈਂਬਰ ਕੁੜੀ ਵਾਲਿਆਂ ਦੇ ਘਰ ਲਈ ਚੱਲ ਪੈਂਦੇ। ਪਿੱਛੋਂ ਲਾੜੇ ਦੇ ਸੱਜਣ ਮਿੱਤਰ ਟੌਹਰਾਂ ਮਾਰ, ਗਲਾਂ ਵਿੱਚ ਕੈਂਠੇ ਪਾ, ਮੁੱਛਾਂ ਨੂੰ ਤਾਅ ਦੇ, ਸੱਜ ਧੱਜ ਕੇ ਪਿੰਡ ਦੀਆਂ ਗਲੀਆਂ ਕੱਛਣ ਗਏ ਗੁਰਦੁਆਰਾ ਸਾਹਿਬ ਪਰਤ ਆਉਂਦੇ। ਰਾਜਾ ਸ਼ੀਸ਼ਾ ਆਦਿ ਲੈ ਆਉਂਦਾ। ਜਵਾਨ ਜਾਂਝੀਆਂ ਨੂੰ ਸ਼ੀਸ਼ਾ ਵਿਖਾ, ਸ਼ਗਨ ਲੈ ਤੁਰ ਜਾਂਦਾ। ਇਸ ਦੌਰਾਨ ਭੰਡ (ਮਰਾਸੀ) ਆ ਜਾਂਦੇ। ਭੰਡ ਆਪਣੇ ਗਾਣਿਆਂ ਤੇ ਨਕਲਾਂ ਨਾਲ ਬਰਾਤੀਆਂ ਦਾ ਖੂਬ ਮਨੋਰੰਜਨ ਕਰਦੇ। ਬਰਾਤੀ ਉਨ੍ਹਾਂ ਦੇ ਗਾਣਿਆਂ ਅਤੇ ਨਕਲਾਂ ਤੋਂ ਖੁਸ਼ ਹੋ ਪੈਸੇ ਦਿੰਦੇ। ਮੁੰਡੇ ਦੇ ਬਾਪ ਕੋਲੋਂ ਵੱਖ ਵਧਾਈ ਲੈ ਜਾਂਦੇ। ਕੁੜੀ ਦੇ ਘਰ ਵੱਲੋਂ ਕੋਈ ਮੋਹਤਬਰ ਬੰਦਾ ਜੰਝ ਨੂੰ ਰੋਟੀ ਦਾ ਸੱਦਾ ਦੇਣ ਲਈ ਆ ਜਾਂਦਾ।
ਜੰਝ ਬੰਨ੍ਹਣੀ: ਬਰਾਤ ਰੋਟੀ ਲਈ ਚੱਲ ਪੈਂਦੀ ਸੀ। ਲੜਕੀ ਵਾਲਿਆਂ ਦੇ ਘਰ ਦੇ ਵਿਹੜੇ ਵਿੱਚ ਬਰਾਤੀਆਂ ਨੂੰ ਟਾਟਾਂ ਉਤੇ ਪੰਗਤਾਂ ਵਿੱਚ ਬਿਠਾਇਆ ਜਾਂਦਾ ਸੀ। ਬਰਾਤ ਨੂੰ ਬੱਕਰੇ ਦਾ ਮਾਸ ਪਰੋਸਿਆ ਜਾਂਦਾ ਸੀ ਅਤੇ ਪਿੱਛੇ ਪਿੱਛੇ ਇੱਕ ਜਵਾਨ ਦੇਸੀ ਦਾਰੂ ਵਰਤਾਈ ਜਾਂਦਾ ਸੀ। ਜਦੋਂ ਬਰਾਤੀ ਰੋਟੀ ਖਾਣ ਲੱਗਦੇ ਸਨ ਤਾਂ ਵਿਆਹ ਵਾਲੀ ਕੁੜੀ ਦੀਆਂ ਸਖੀਆਂ ਸਹੇਲੀਆਂ ਜੰਝ ਬੰਨ੍ਹ ਦਿੰਦੀਆਂ ਸਨ। ਇਸ ਰਸਮ ਨੂੰ ‘ਜੰਝ ਬੰਨ੍ਹਣੀ’ ਕਿਹਾ ਜਾਂਦਾ ਸੀ। ਬਰਾਤੀ ਰੋਟੀ ਖਾਣੀ ਬੰਦ ਕਰ ਦਿੰਦੇ ਸਨ। ਬਾਅਦ ਵਿੱਚ ‘ਸਿਆਣਿਆਂ’ ਦੇ ਵਰਜਣ ’ਤੇ ਕੁੜੀਆਂ ਇਹ ਕਹਿ, ‘ਅੱਗੇ ਨੰਗਲ ਪਿੱਛੇ ਝੰਜੋਟੀ, ਖੋਲ੍ਹੀ ਜੰਝ ਤੇ ਖਾਓ ਰੋਟੀ’ ਨਾਲ ਜੰਝ ਖੋਲ੍ਹ ਦਿੰਦੀਆਂ ਸਨ।
ਮੰਜੇ ਬਿਠਾਉਣਾ: ਵਿਆਹ ਵਾਲੇ ਲੜਕੇ ਨੂੰ ਕੁੜੀ ਵਾਲਿਆਂ ਦੇ ਘਰੋਂ ‘ਮੰਜੇ ਬਿਠਾਉਣ’ ਦੇ ਸ਼ਗਨ ਲਈ ਬੁਲਾਇਆ ਜਾਂਦਾ। ਲੜਕੇ ਨੂੰ ਸ਼ਗਨਾਂ ਨਾਲ ਮੰਜੇ ਉਤੇ ਬਿਠਾਇਆ ਜਾਂਦਾ। ਮੰਜੇ ਉਤੇ ਬੈਠਾ ਲੜਕਾ ਵਿਆਹ ਵਾਲੀ ਲੜਕੀ ਦੀਆਂ ਸਖੀਆਂ ਸਹੇਲੀਆਂ ਦੇ ਜ਼ੋਰ ਪਾਉਣ ’ਤੇ ‘ਜੀਜਾ’ ਛੰਦ ਸੁਣਾਉਂਦਾ। ਸੱਸ ਮਿੱਠੇ ਨਾਲ ਜਵਾਈ ਦਾ ਮੂੰਹ ਜੁਠਾਉਂਦੀ ਤੇ ਲੜਕੇ ਨੂੰ ਸ਼ਗਨ ਪੈਂਦੇ।
ਡੋਲੀ ਤੋਰਨਾ: ਆਖ਼ਰ ਉਹ ਸੁੱਖਾਂ ਲੱਧੀ, ਪਰ ਉਦਾਸ ਕਰਨ ਵਾਲੀ ਘੜੀ ‘ਡੋਲੀ ਤੋਰਨ’ ਜਾਂ ਬਾਬਲ ਦੇ ਘਰੋਂ ਧੀ ਨੂੰ ਵਿਦਾ ਦੀ ਰਸਮ ਸੁਭਾਵਿਕ ਹੀ ਆ ਜਾਂਦੀ। ਵਿਦਾਇਗੀ ਦਾ ਇਹ ਦ੍ਰਿਸ਼ ਹੋਰ ਵੀ ਕਰੁਣਾਮਈ ਹੋ ਜਾਂਦਾ ਜਦੋਂ ਧੀ ਆਪਣੀ ਮਾਂ, ਮਾਂ ਜਾਏ ਭਰਾਵਾਂ, ਭੈਣਾਂ ਤੇ ਸਖੀਆਂ ਸਹੇਲੀਆਂ ਦੇ ਗਲੇ ਲੱਗ ਡੁਸਕਦੀ। ਕਹਾਰੋ ਡੋਲੀ ਨਾ ਚਾਇਓ ਅਜੇ ਮੇਰਾ ਬਾਬਲ ਨਹੀਂ ਆਇਆ ਦੇ ਬੋਲਾਂ ਨਾਲ ਬਾਬਲ ਦਾ ਵੈਰਾਗੀ ਹੋਣਾ ਕੁਦਰਤੀ ਹੈ। ਉਸ ਦਾ ਵਾਰ ਵਾਰ ਭਰਿਆ ਮਨ ਅੱਖਾਂ ਰਾਹੀਂ ਉਛਲਦਾ, ਪਰ ਇਹ ਸੋਚ ‘ਧੀਆਂ ਧੰਨ ਪਰਾਇਆ’ ਧੀ ਦੀ ਡੋਲੀ ਨੂੰ ਵਿਦਾ ਕਰਦਾ।
ਪਾਣੀ ਵਾਰਨਾ: ਜਦੋਂ ਨੂੰਹ ਦੀ ਡੋਲੀ ਤੇ ਪੁੱਤਰ ਸਹੁਰੇ ਘਰੋਂ ਘਰ ਦੀ ਦਹਿਲੀਜ਼ ’ਤੇ ਪਹੁੰਚਦੀ ਸੀ ਤਾਂ ਮਾਂ/ਸੱਸ ਵਿਆਹ ਵਾਲੀ ਜੋੜੀ ਦੇ ਸਿਰ ਤੋਂ ‘ਪਾਣੀ ਵਾਰਨ’ ਦੀ ਰਸਮ ਪੂਰੀ ਕਰਦੀ ਜਿਸ ਨੂੰ ਉਨ੍ਹਾਂ ਸਮਿਆਂ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਸੀ। ਮਾਂ/ਸੱਸ ਗੜ੍ਹਵੀ ਵਿਚਲਾ ਮਿੱਠਾ ਪਾਣੀ ਸੱਤ ਵਾਰ ਵਿਆਹ ਵਾਲੀ ਜੋੜੀ ਦੇ ਸਿਰ ਉੱਪਰੋਂ ਦੀ ਵਾਰ ਕੇ ਪੀਂਦੀ ਸੀ। ਲੋਕ ਧਾਰਨਾ ਕਿ ਜੇ ਮਾਂ/ਸੱਸ ਹਰ ਵਾਰ, ਜੋੜੀ ਤੋਂ ਵਾਰ ਕੇ ਪਾਣੀ ਪੀ ਲਵੇ ਤਾਂ ਨੂੰਹ ਸੱਸ ਨਾਲ ਪਿਆਰ ਪੈ ਜਾਂਦਾ ਹੈ।
ਗਾਨੇ ਖੇਡਣ ਦੀ ਰਸਮ: ਵਿਆਹ ਤੋਂ ਅਗਲੇ ਦਿਨ ‘ਗਾਨੇ ਖੇਡਣ’ ਦੀ ਰਸਮ ਹੁੰਦੀ। ਇੱਕ ਘੜੇ ਨੁਮਾ ਭਾਂਡੇ ਵਿੱਚ ਦੁੱਧ ਪਾਣੀ ਦਾ ਘੋਲ ਯਾਨੀ ‘ਕੱਚੀ ਲੱਸੀ’ ਵਿੱਚ ਸਿੱਕੇ ਸੁੱਟੇ ਜਾਂਦੇ। ਨਵੀਂ ਵਿਆਹੀ ਜੋੜੀ ਆਪੋ ਆਪਣਾ ਹੱਥ ਭਾਂਡੇ ਵਿੱਚ ਪਾ ਕਿਸੇ ਵਿਸ਼ੇਸ਼ ਸਿੱਕੇ ਨੂੰ ਲੱਭਦੇ। ਇਸ ਤਰ੍ਹਾਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਵੇਖ ਲੈਂਦੇ ਸਨ।
ਉਨ੍ਹਾਂ ਸਮਿਆਂ ਵਿੱਚ ਡੋਲੀ ਨਾਲ ਨੈਣ (ਲਾਗਣ) ਤੇ ਛੋਟਾ ਵੀਰ ਆਉਂਦੇ ਸਨ। ਫਿਰ ਲਾਗਣ ਤੇ ਵੀਰ ਨਾਲ ਸਹੁਰੇ ਘਰ ਦੀ ਨੂੰਹ ਆਪਣੇ ਪੇਕੇ ਘਰ ਨੂੰ ਤੁਰ ਜਾਂਦੀ ਸੀ। ਫਿਰ ਸਾਲ ਛੇਆਂ ਮਹੀਨਿਆਂ ਪਿੱਛੋਂ ਜਦੋਂ ਸਹੁਰੇ ਘਰੋਂ ਉਸ ਦਾ ਘਰਵਾਲਾ ‘ਮੁਕਲਾਵਾ’ ਲੈਣ ਆਉਂਦਾ ਸੀ ਤਾਂ ਮਾਪੇ ਆਪਣੀ ਧੀ ਨੂੰ ਉਸ ਦੇ ਨਾਲ ਸ਼ਗਨਾਂ ਨਾਲ ਤੋਰ ਦਿੰਦੇ ਸਨ।
ਸੰਪਰਕ: 98140 82217

Advertisement
Advertisement
Advertisement