ਸੋਸ਼ਲ ਮੀਡੀਆ ਦੇ ਨੁਕਸਾਨ
ਵੱਡੀਆਂ ਤਕਨਾਲੋਜੀ ਕੰਪਨੀਆਂ (ਬਿੱਗ ਟੈੱਕ) ਨੂੰ ਜਵਾਬਦੇਹ ਬਣਾਉਣ ਦੀ ਇਕ ਸਾਂਝੀ ਕੋਸ਼ਿਸ਼ ਤਹਿਤ ਅਮਰੀਕਾ ਦੇ ਕਈ ਦਰਜਨ ਸੂਬਿਆਂ ਵੱਲੋਂ ਅੱਲ੍ਹੜ ਉਮਰ ਦੇ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਕਥਿਤ ਤੌਰ ’ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਖਿਲਾਫ਼ ਮੁਕੱਦਮੇ ਦਾਇਰ ਕੀਤੇ ਜਾ ਰਹੇ ਹਨ। ਮੈਟਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਉਹ ਮੁਨਾਫ਼ਾ ਕਮਾਉਣ ਲਈ ਆਪਣੇ ਫੀਚਰਜ਼ ਰਾਹੀਂ ਛੋਟੀ ਉਮਰ ਦੇ ਨੌਜਵਾਨਾਂ ਅਤੇ ਅੱਲ੍ਹੜਾਂ ਨੂੰ ਵਰਗਲਾ ਕੇ ਆਪਣੇ ਪਲੇਟਫਾਰਮਾਂ ਦੀ ਵਰਤੋਂ ਦੇ ਆਦੀ ਬਣਾ ਰਹੀ ਹੈ, ਜਿਸ ਕਾਰਨ ਉਨ੍ਹਾਂ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਮਜਬੂਰੀ ਬਣ ਸਕਦਾ ਹੈ। ਦੁਨੀਆ ਭਰ ਦੇ ਮਾਪੇ, ਸਿੱਖਿਆ ਮਾਹਿਰ, ਸੰਭਾਲ ਕਰਤਾ ਅਤੇ ਨੀਤੀਘਾੜੇ ਕਈ ਸਾਲਾਂ ਤੋਂ ਸ਼ੋਸ਼ਲ ਮੀਡੀਆ ਦੇ ਮਾਨਸਿਕ ਤੇ ਸਰੀਰਕ ਸਿਹਤ ਉੱਤੇ ਪੈਣ ਵਾਲੇ ਮਾੜੇ ਅਸਰਾਂ ਬਾਰੇ ਖ਼ਬਰਦਾਰ ਕਰਦੇ ਆ ਰਹੇ ਹਨ। ਕਈ ਖੋਜਾਂ ਵਿਚ ਵੀ ਨਿਰਾਸ਼ਾ, ਚਿੰਤਾ, ਉਨੀਂਦਰੇ ਅਤੇ ਖਾਣ-ਪੀਣ ਆਦਿ ਨਾਲ ਸਬੰਧਤ ਵਿਗਾੜਾਂ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਕਤ ਗੁਜ਼ਾਰੇ ਜਾਣ ਨਾਲ ਜੋੜਿਆ ਗਿਆ ਹੈ।
ਮੈਟਾ ਕੰਪਨੀ ਦਾ ਕਹਿਣਾ ਹੈ ਕਿ ਇਸ ਨੇ ਅੱਲੜ੍ਹਾਂ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਾਉਣ ਲਈ ਆਪਣੇ ਪਲੇਟਫਾਰਮ ’ਤੇ ਕਈ ਢੰਗ-ਤਰੀਕੇ ਉਪਲਬਧ ਕਰਵਾਏ ਹਨ। ਅਮਰੀਕਾ ਦੇ ਸੂਬਿਆਂ ਦੁਆਰਾ ਦਾਇਰ ਕੀਤੇ ਗਏ ਮੁਕੱਦਮਿਆਂ ਵਿਚ ਮੈਟਾ ਕੰਪਨੀ ਦੇ ਅਜਿਹੇ ਪ੍ਰੋਗਰਾਮਾਂ ਦਾ ਹਵਾਲਾ ਦਿੱਤਾ ਗਿਆ ਹੈ ਜਨਿ੍ਹਾਂ ਵਿਚ ਨੌਜਵਾਨਾਂ ਨੂੰ ਆਨਲਾਈਨ ਬਣਾਈ ਰੱਖਣ ਲਈ ਆਦੀ ਬਣਾਉਣ ਵਾਲੇ ਤੱਤ ਉੱਭਰਦੇ ਹਨ। ਇਹ ਤੱਤ ਨੌਜਵਾਨਾਂ ਦੇ ਮਨਾਂ ਵਿਚੋਂ ਸਵੈ-ਪੜਚੋਲ ਅਤੇ ਭਲਾਈ ਦੀ ਭਾਵਨਾ ਦਾ ਖ਼ਾਤਮਾ ਕਰਦੇ ਹਨ। ਮੈਟਾ, ਟਿੱਕਟੌਕ ਅਤੇ ਯੂਟਿਊਬ ਨੂੰ ਮਾਨਸਿਕ ਸਿਹਤ ਉੱਤੇ ਅਸਰ ਅਤੇ ਲੋਕਾਂ ਨੂੰ ਆਪਣੇ ਪਲੇਟਫਾਰਮ ਦੀ ਸੁਰੱਖਿਆ ਸਬੰਧੀ ਗੁੰਮਰਾਹ ਕਰਨ ਦੇ ਦੋਸ਼ ਹੇਠ ਅਮਰੀਕਾ ਵਿਚ ਪਹਿਲਾਂ ਹੀ ਸੈਂਕੜੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਕੀਤੀ ਗਈ ਕਾਰਵਾਈ ਇਸ ਸਬੰਧ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ, ਜਿਸ ਨੂੰ ਤੰਬਾਕੂ ਵਿਰੋਧੀ ਲਹਿਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬੱਚਿਆਂ ਅਤੇ ਆਨਲਾਈਨ ਸੁਰੱਖਿਆ ਦੇ ਮੁੱਦੇ ਨੂੰ ਤਰਜੀਹ ਦਿੱਤੇ ਜਾਣ ਦੇ ਆਲਮੀ ਪੱਧਰ ਦੇ ਪ੍ਰਭਾਵ ਹੋ ਸਕਦੇ ਹਨ। ਇਸ ਦੇ ਨਾਲ ਹੀ ਨਵੇਂ ਆਨਲਾਈਨ ਸੁਰੱਖਿਆ ਪ੍ਰਬੰਧਾਂ ਜਿਵੇਂ ਐਪਸ ਲਈ ਉਮਰ ਆਧਾਰਿਤ ਸਿਹਤ ਅਤੇ ਸੁਰੱਖਿਆ ਮਿਆਰਾਂ ਦੀ ਮੰਗ ਵੀ ਨਵੇਂ ਸਿਰਿਉਂ ਉੱਠ ਰਹੀ ਹੈ।
ਮਾਹਿਰ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸੋਸ਼ਲ ਮੀਡੀਆ ਉੱਤੇ ਪਾਬੰਦੀ ਲਾਉਣਾ ਆਨਲਾਈਨ ਸੁਰੱਖਿਆ ਦੇ ਮੁੱਦੇ ਦਾ ਹੱਲ ਨਹੀਂ ਹੋ ਸਕਦਾ। ਇਸ ਦੀ ਥਾਂ ਡਿਜੀਟਲ ਜਾਣਕਾਰੀ ਅਤੇ ਨਿੱਜਤਾ ਨੂੰ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ। ਉਹ ਮੰਨਦੇ ਹਨ ਕਿ ਬੱਚੇ ਪਾਬੰਦੀਆਂ ਤੇ ਬੰਦਿਸ਼ਾਂ ਲਗਾਉਣ ਵਰਗੇ ਤਰੀਕਿਆਂ ਦਾ ਵਿਰੋਧ ਕਰਨਗੇ ਜਿਸ ਕਾਰਨ ਮਾਪਿਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਸਬੰਧੀ ਸੰਵੇਦਨਸ਼ੀਲ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਬੱਚਿਆਂ ਨਾਲ ਸੌਣ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਸਮਾਂ ਬਿਤਾਉਣ ਸਬੰਧੀ ਗੱਲਬਾਤ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ ’ਤੇ ਕਈ ਨਵੀਂ ਤਰ੍ਹਾਂ ਦੇ ਡਰ ਤੇ ਸਹਿਮ ਵੀ ਉਪਜ ਰਹੇ ਹਨ ਜਿਵੇਂ ਇਹ, ਕਿ ਜੇ ਉਹ ਕਿਸੇ ਸੋਸ਼ਲ ਮੀਡੀਆ ਨੂੰ ਫਾਲੋ ਨਹੀਂ ਕਰਦੇ ਤਾਂ ਉਹ ਕਿਸੇ ਕੀਮਤੀ ਵਸਤ ਤੋਂ ਮਹਿਰੂਮ ਰਹਿ ਜਾਣਗੇ; ਇਸ ਨੂੰ ‘ਛੁੱਟਣ ਦਾ ਡਰ’ (FOMO- fear of missing out) ਕਿਹਾ ਜਾਂਦਾ ਹੈ। ਮਾਪਿਆਂ ਨੂੰ ਬੱਚਿਆਂ ਨਾਲ ਇਨ੍ਹਾਂ ਵਿਸ਼ਿਆਂ ’ਤੇ ਵੀ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਕਿਸ ਤਰ੍ਹਾਂ ਦੀ ਸਮੱਗਰੀ ਮਿਲ ਰਹੀ ਹੈ, ਉਹ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹਨ ਅਤੇ ਕਿਹੜੀ ਚੀਜ਼ ਉਨ੍ਹਾਂ ਨੂੰ ਤਾਕਤ ਜਾਂ ਕਮਜ਼ੋਰੀ ਦਾ ਅਹਿਸਾਸ ਕਰਾਉਂਦੀ ਹੈ। ਸੋਸ਼ਲ ਮੀਡੀਆ ਦੇ ਫ਼ਾਇਦੇ ਵੀ ਹਨ ਤੇ ਨੁਕਸਾਨ ਵੀ; ਹੁਣ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਅਸੀਂ ਇਸ ਤੋਂ ਮੂੰਹ ਨਹੀਂ ਮੋੜ ਸਕਦੇ ਪਰ ਇਸ ਤੋਂ ਹੁੰਦੇ ਨੁਕਸਾਨਾਂ ਤੋਂ ਬਚਣਾ ਅਹਿਮ ਹੈ; ਸੋਸ਼ਲ ਮੀਡੀਆ ਨੂੰ ਅਜਿਹਾ ਮੰਚ ਨਹੀਂ ਬਣਨ ਦਿੱਤਾ ਜਾ ਸਕਦਾ ਜੋ ਸਾਡਾ ਵਕਤ ਚੋਰੀ ਕਰੇ ਜਾਂ ਸਾਨੂੰ ਸਾਡੀ ਸਮਾਜਿਕ ਜ਼ਿੰਦਗੀ ਤੋਂ ਬੇਮੁੱਖ ਕਰੇ।