ਵਿਕਲਾਂਗ ਔਰਤ ਨੇ ਜਾਨਲੇਵਾ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ
ਪੱਤਰ ਪ੍ਰੇਰਕ
ਭਵਾਨੀਗੜ੍ਹ, 4 ਫਰਵਰੀ
ਇੱਥੇ ਇਕ ਅੰਗਹੀਣ ਵਿਧਵਾ ਔਰਤ ਅਮਨਦੀਪ ਕੌਰ ਨੇ ਉਸ ’ਤੇ ਜਾਨਲੇਵਾ ਹਮਲਾ ਕਰਕੇ ਉਸ ਦੀ ਜਾਇਦਾਦ ਉਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਹਿਲੇ ਪਤੀ ਗੁਰਜੰਟ ਸਿੰਘ ਨਾਲ ਤਲਾਕ ਹੋਣ ਤੋਂ ਬਾਅਦ ਸੋਮੀ ਸਿੰਘ ਵਾਸੀ ਲਹਿਰਾਗਾਗਾ ਨਾਲ ਵਿਆਹ ਹੋ ਗਿਆ ਸੀ। ਉਸ ਦੇ ਪਤੀ ਸੋਮੀ ਸਿੰਘ ਦੀ ਕੁੱਝ ਮਹੀਨੇ ਪਹਿਲਾਂ ਅਚਾਨਕ ਮੌਤ ਹੋ ਜਾਣ ਤੋਂ ਬਾਅਦ ਹੁਣ ਉਹ ਇੱਥੇ ਆਪਣੇ ਘਰ ਵਿਚ ਇਕੱਲੀ ਹੀ ਰਹਿੰਦੀ ਹੈ ਪਰ ਉਸ ਦੇ ਪਹਿਲੇ ਵਿਆਹ ਦੇ ਪੁੱਤਰ ਮੋਹਨਜੀਤ ਅਤੇ ਸੋਹਨਜੀਤ ਸਿੰਘ ਵੱਲੋਂ ਅਵੀ ਸਿੰਘ ਵਾਸੀ ਭਵਾਨੀਗੜ੍ਹ ਆਦਿ ਨਾਲ ਮਿਲਕੇ 23 ਜਨਵਰੀ ਨੂੰ ਘਰ ਵਿੱਚ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਕਾਰ ਚੋਰੀ ਕਰਕੇ ਲੈ ਗਏ। ਇਸ ਸਬੰਧੀ ਉਸ ਨੇ ਥਾਣਾ ਭਵਾਨੀਗੜ੍ਹ ਵਿੱਚ ਸ਼ਿਕਾਇਤ ਦਿੱਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਖਦਸ਼ਾ ਪ੍ਰਗਟਾਇਆ ਕਿ ਜੇਕਰ ਉਕਤ ਵਿਅਕਤੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਉਸ ਉਪਰ ਦੁਬਾਰਾ ਹਮਲਾ ਕਰ ਸਕਦੇ ਹਨ ਅਤੇ ਉਸ ਦਾ ਜਾਨੀ ਨੁਕਸਾਨ ਵੀ ਕਰ ਸਕਦੇ ਹਨ। ਇਸੇ ਦੌਰਾਨ ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਇਸ ਸਬੰਧੀ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।