For the best experience, open
https://m.punjabitribuneonline.com
on your mobile browser.
Advertisement

ਦੋਬਲੀਆਂ ਪਿੰਡ ਵਿੱਚ ਘਰਾਂ ਦੇ ਗੰਦੇ ਪਾਣੀ ਨੇ ਸੜਕ ਤੋੜੀ

02:38 PM Jun 30, 2023 IST
ਦੋਬਲੀਆਂ ਪਿੰਡ ਵਿੱਚ ਘਰਾਂ ਦੇ ਗੰਦੇ ਪਾਣੀ ਨੇ ਸੜਕ ਤੋੜੀ
Advertisement

ਪੱਤਰ ਪ੍ਰੇਰਕ

Advertisement

ਤਰਨ ਤਾਰਨ, 29 ਜੂਨ

ਇਲਾਕੇ ਦੇ ਪਿੰਡ ਦੇ ਦੋਬਲੀਆਂ ਦੇ ਵਾਸੀਆਂ ਵਲੋਂ ਆਪਣੇ ਘਰਾਂ ਦਾ ਗੰਦਾ ਪਾਣੀ ਸੜਕ ਦੇ ਐਨ ਵਿਚਕਾਰ ਪਾਏ ਜਾਣ ਦਾ ਮਾਮਲਾ ਪਿੰਡ ਵਾਸੀਆਂ ਵਿੱਚ ਬੀਤੇ ਸਮੇਂ ਤੋਂ ਖਿੱਚੋਤਾਣ ਦਾ ਕਾਰਨ ਬਣ ਰਿਹਾ ਹੈ| ਇਹ ਮਾਮਲਾ ਪਿੰਡ ਦੀ ਪੰਚਾਇਤ, ਪੰਜਾਬ ਮੰਡੀ ਬੋਰਡ, ਪੁਲੀਸ ਅਤੇ ਇਥੋਂ ਤੱਕ ਕਿ ਵਿਧਾਇਕ ਸਮੇਤ ਹੋਰਨਾਂ ਰਾਜਸੀ ਵਿਅਕਤੀਆਂ ਦੇ ਵੀ ਗਲੇ ਦੀ ਹੱਡੀ ਬਣਿਆ ਹੋਇਆ ਹੈ| ਸੜਕ ਦੇ ਐਨ ਵਿਚਕਾਰ ਪਾਣੀ ਦੇ ਸਾਲਾਂ ਤੋਂ ਲਗਾਤਾਰ ਪੈਣ ਕਰਕੇ ਸੜਕ ਦਾ ਇਕ ਭਾਗ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ| ਘਰਾਂ ਦੇ ਗੰਦੇ ਪਾਣੀ ਦੇ ਇਥੇ ਫੈਲਣ ਕਰਕੇ ਪਿੰਡ ਦੇ ਲੋਕਾਂ ਦਾ ਜਿਉਣਾ ਦੁਭਰ ਹੋਇਆ ਪਿਆ ਹੈ| ਰਾਤ ਵੇਲੇ ਤਾਂ ਰੋਜ਼ਾਨਾ ਹੀ ਭਿਆਨਕ ਹਾਦਸੇ ਹੋਣੇ ਆਮ ਜਿਹੀ ਗੱਲ ਬਣ ਚੁੱਕੀ ਹੈ| ਇਹ ਸੜਕ ਪੰਜਾਬ ਮੰਡੀ ਬੋਰਡ ਦੀ ਹੋਣ ਕਰਕੇ ਇਲਾਕੇ ਦੇ ਲੋਕਾਂ ਨੇ ਕੁਝ ਚਿਰ ਪਹਿਲਾਂ ਇਸ ਸਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਾਰਵਾਈ ਕੀਤੇ ਜਾਣ ਦੀ ਬੇਨਤੀ ਕੀਤੀ| ਮੰਡੀ ਬੋਰਡ ਦੇ ਉੱਪ ਮੰਡਲ ਅਧਿਕਾਰੀ (ਐਸਡੀਓ) ਮਨਜੀਤ ਸਿੰਘ ਨੇ ਆਪਣੇ ਦਫਤਰ ਦੇ ਪੱਤਰ ਨੰਬਰ 1035 ਮਿਤੀ 19 ਦਸੰਬਰ, 2022 ਅਨੁਸਾਰ ਥਾਣਾ ਝਬਾਲ ਦੇ ਐਸਐੱਚਓ ਨੂੰ ਪੱਤਰ ਲਿਖ ਕੇ ਸੜਕ ਤੋੜਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੇ ਜਾਣ ਲਈ ਕਿਹਾ| ਪੁਲੀਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ|

ਥਾਣਾ ਮੁਖੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਇਸ ਮਾਮਲੇ ਕਰਕੇ ਹਾਕਮ ਧਿਰ ਲਈ ਕਿਸੇ ਕਿਸਮ ਦੀ ਸਿਰਦਰਦੀ ਪੈਦਾ ਹੋਣ ਤੋਂ ਬਚਾਅ ਕਰਨ ਲਈ ਮੰਡੀ ਬੋਰਡ ਵਲੋਂ ਕਾਰਵਾਈ ਕੀਤੇ ਜਾਣ ਵਾਲਾ ਪੱਤਰ ਤਰਨ ਤਾਰਨ ਦੇ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ| ਪੁਲੀਸ ਅਧਿਕਾਰੀ ਕੇਵਲ ਸਿੰਘ ਨੇ ਕਿਹਾ ਕਿ ਵਿਧਾਇਕ ਨੇ ਮੌਕੇ ‘ਤੇ ਜਾ ਕੇ ਲੋਕਾਂ ਨੂੰ ਮਿਲ ਬੈਠ ਕੇ ਮਾਮਲਾ ਹੱਲ ਕਰਨ ਲਈ ਕਿਹਾ ਹੈ| ਗੱਲ ਦੇ ਰਾਜਸੀ ਗਲਿਆਰਿਆਂ ਤੱਕ ਚਲੇ ਜਾਣ ਕਰਕੇ ਪੀੜਤ ਧਿਰ ਦੇ ਲੋਕਾਂ ਨੇ ਕਿਹਾ ਕਿ ਪਰਨਾਲਾ ਉਥੇ ਦਾ ਉਥੇ ਹੀ ਹੈ| ਲੋਕ ਖੱਜਲ ਖੁਆਰ ਹੋ ਰਹੇ ਹਨ| ਪਿੰਡ ਦੇ ਲੋਕਾਂ ਦਾ ਤਣਾਅ ਸ਼ਾਂਤ ਨਹੀਂ ਹੋਇਆ| ਇਲਾਕੇ ਦੇ ਕਈ ਪਿੰਡਾਂ ਅੰਦਰ ਅਜਿਹੇ ਮਾਮਲੇ ਆਪਸੀ ਖਿੱਚੋਤਾਨ ਦਾ ਕਾਰਣ ਬਣ ਰਹੇ ਹਨ|

Advertisement
Tags :
Advertisement
Advertisement
×