ਪਟਵਾਰਖਾਨੇ ਤੇ ਸੇਵਾ ਕੇਂਦਰ ਵੱਲ ਜਾਂਦੀ ਸੜਕ ’ਤੇ ਗੰਦਾ ਪਾਣੀ ਭਰਿਆ
ਪੱਤਰ ਪ੍ਰੇਰਕ
ਸ਼ਾਹਕੋਟ, 21 ਸਤੰਬਰ
ਕਸਬੇ ਦੇ ਪਟਵਾਰਖਾਨੇ ਅਤੇ ਸੇਵਾ ਕੇਂਦਰ ਨੂੰ ਜਾਂਦੀ ਸੜਕ ਸੀਵਰੇਜ ਦੇ ਗੰਦੇ ਪਾਣੀ ਨਾਲ ਭਰ ਜਾਣ ਕਾਰਨ ਇਨ੍ਹਾਂ ਦਫ਼ਤਰਾਂ ਵਿੱਚ ਰੋਜ਼ਾਨਾ ਕੰਮ ਕਰਵਾਉਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸ਼ਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਥਾਨ ’ਤੇ ਸੀਵਰੇਜ ਦੀ ਲੀਕੇਜ ਕਾਰਨ ਸੜਕ ਗੰਦੇ ਪਾਣੀ ਨਾਲ ਭਰ ਜਾਂਦੀ ਹੈ। ਇਨ੍ਹਾਂ ਦਫ਼ਤਰਾਂ ਵਿਚ ਪੈਦਲ ਕੰਮ ਕਰਵਾਉਣ ਲਈ ਜਾਣ ਵਾਲਿਆਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਦੋ ਪਹੀਆ ਵਾਹਨ ਚਾਲਕ ਜਦੋਂ ਗੰਦੇ ਪਾਣੀ ਵਿੱਚੋਂ ਲੰਘ ਕੇ ਇਨ੍ਹਾਂ ਦਫ਼ਤਰਾਂ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਂਝ ਕੇਂਦਰ ਦੇ ਇੰਚਾਰਜ ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਕਈ ਵਾਰ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੀ ਬੇਨਤੀ ਕੀਤੀ ਜੋ ਅਜੇ ਤੱਕ ਵੀ ਪਰਵਾਨ ਨਹੀਂ ਹੋਈ। ਨਗਰ ਪੰਚਾਇਤ ਸ਼ਾਹਕੋਟ ਦੇ ਕਾਰਜ ਸਾਧਕ ਅਫ਼ਸਰ ਬ੍ਰਿਜ ਮੋਹਨ ਤ੍ਰਿਪਾਠੀ ਨੇ ਇਸ ਕੰਮ ਨੂੰ ਸੀਵਰੇਜ ਬੋਰਡ ਦਾ ਕੰਮ ਆਖਿਆ। ਸੀਵਰੇਜ ਬੋਰਡ ਦੇ ਐੱਸਡੀਓ ਦੀਪਕ ਕੁਮਾਰ ਨੇ ਕਿਹਾ ਕਿ ਵਾਟਰ ਟਰੀਟਮੈਂਟ ਪਲਾਟ ਵਿੱਚ ਆਈ ਖਰਾਬੀ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਇਸ ਸਬੰਧੀ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ ਹੈ, ਉਹ ਜਲਦੀ ਇਸ ਦਾ ਹੱਲ ਕਰਵਾ ਦੇਣਗੇ।