ਬੁੱਢੇ ਦਰਿਆ ਨੂੰ ਦੂਸ਼ਿਤ ਕਰ ਰਹੇ ਨੇ ਗੰਦੇ ਨਾਲੇ
ਸਤਵਿੰਦਰ ਬਸਰਾ
ਲੁਧਿਆਣਾ, 29 ਸਤੰਬਰ
ਲੁਧਿਆਣਾ ਦੀ ਧੁੰਨੀ ਵਿੱਚੋਂ ਨਿਕਲਦੇ ਬੁੱਢੇ ਦਰਿਆ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਸ਼ਹਿਰ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਖੁੱਲ੍ਹੇ ਨਾਲਿਆਂ ਰਾਹੀਂ ਫੈਲਦਾ ਹੈ। ਇਹ ਖੁਲਾਸਾ ਪਬਲਿਕ ਐਕਸ਼ਨ ਕਮੇਟੀ ਦੇ ਨੁਮਾਇੰਦਿਆਂ ਨੇ ਬੁੱਢਾ ਦਰਿਆ ਪੈਦਲ ਯਾਤਰਾ-6 ਦੇ 8ਵੇਂ ਭਾਗ ਵਿੱਚ ਵੱਖ ਵੱਖ ਥਾਵਾਂ ਦੇ ਦੌਰੇ ਤੋਂ ਬਾਅਦ ਕੀਤਾ।
ਅੱਜ ਦੀ ਬੁੱਢਾ ਦਰਿਆ ਪੈਦਲ ਯਾਤਰਾ ਦੀ ਅਗਵਾਈ ਉੱਘੇ ਵਾਤਾਵਰਨ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕੀਤੀ। ਸ੍ਰੀ ਬੈਨੀਪਾਲ ਨੇ ਗੁਰਦੁਆਰਾ ਗਊਘਾਟ ਨੇੜੇ ਬਣੇ ਪੰਪਿੰਗ ਸਟੇਸ਼ਨ ਦੀ ਖੜੋਤ ਵਾਲੀ ਸਥਿਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਬੁੱਢੇ ਦਰਿਆ ਨੂੰ ਸੁਰਜੀਤ ਕਰਨ ਦੇ ਕਾਰਜ ਨੂੰ ਵੱਡਾ ਧੱਕਾ ਲੱਗ ਰਿਹਾ ਹੈ। ਅਜਿਹਾ ਹੋਣ ਨਾਲ ਅਣ-ਸੋਧਿਆ ਪਾਣੀ ਬੁੱਢੇ ਦਰਿਆ ਦੇ ਪਾਣੀ ਨੂੰ ਹੋਰ ਪ੍ਰਦੂਸ਼ਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਨਗਰ, ਸਮਰਾਲਾ ਚੌਕ, ਸੁੰਦਰ ਨਗਰ ਅਤੇ ਗਊਘਾਟ ਸ਼ਮਸ਼ਾਨਘਾਟ ਤੋਂ ਆਉਣ ਵਾਲੇ ਪੁਰਾਣੇ ਗੰਦੇ ਨਾਲੇ ਰਾਹੀਂ ਉਦਯੋਗਿਕ ਅਤੇ ਡੇਅਰੀਆਂ ਦੇ ਪ੍ਰਦੂਸ਼ਿਤ ਪਾਣੀ ਦੇ ਲਗਾਤਾਰ ਨਿਕਾਸੀ ਕਾਰਨ ਹੋਣ ਵਾਲੀ ਤਬਾਹੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਉਦਯੋਗਿਕ ਰਹਿੰਦ-ਖੂੰਹਦ ਕਾਰਨ ਬੁੱਢੇ ਦਰਿਆ ਨੂੰ 60 ਫੀਸਦ ਤੋਂ ਵੱਧ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਹਨ। ਅਜਿਹੇ ਨਾਲਿਆਂ ਦੀ ਸਫਾਈ ਦੇ ਨਾਲ ਨਾਲ ਇਨ੍ਹਾਂ ਰਾਹੀਂ ਬੁੱਢੇ ਦਰਿਆ ਵਿੱਚ ਡਿਗਣ ਵਾਲੇ ਪਾਣੀ ਨੂੰ ਸੋਧਿਆਣਾ ਜਾਣਾ ਸਮੇਂ ਦੀ ਲੋੜ ਹੈ। ਸ੍ਰੀ ਬੈਨੀਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੁੱਢੇ ਦਰਿਆ ਅਤੇ ਸਤਲੁਜ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਪਬਲਿਕ ਐਕਸ਼ਨ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਹਿੱਸਾ ਬਣਨ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਯੋਗੇਸ਼ ਖੰਨਾ, ਡਾ. ਵੀਪੀ ਮਿਸ਼ਰਾ, ਦਾਨ ਸਿੰਘ ਓਸਾਹਨ, ਅਮੀਨ ਲਖਨਪਾਲ, ਕਰਨਲ ਜੇਐਸ ਗਿੱਲ, ਮਨਜਿੰਦਰ ਸਿੰਘ ਗਰੇਵਾਲ ਅਤੇ ਕਰਨਲ ਸੀਐਮ ਲਖਨਪਾਲ ਹਾਜ਼ਰ ਸਨ। ਇਨ੍ਹਾਂ ਨੁਮਾਇੰਦਿਆਂ ਨੇ ਵੀ ਪ੍ਰਦੂਸ਼ਿਤ ਬੁੱਢੇ ਦਰਿਆ ਨੂੰ ਮਾਲਵਾ ਖੇਤਰ ਅਤੇ ਰਾਜਸਥਾਨ ਦੇ ਕੁੱਝ ਹਿੱਸੇ ਦੇ ਲੋਕਾਂ ਲਈ ਘਾਤਕ ਦੱਸਿਆ ਹੈ। ਉਨ੍ਹਾਂ ਨੇ ਜ਼ੀਰੋ ਲਿਕਵਿਡ ਡਿਸਚਾਰਜ ਮਾਪਦੰਡ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ।