ਮਹਾਤਮਾ ਗਾਂਧੀ ਦੇ ਬੁੱਤ ਨੇੜੇ ਫੈਲੀ ਗੰਦਗੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਸਤੰਬਰ
ਮਹਾਤਮਾ ਗਾਂਧੀ ਦਾ ਜਨਮ ਦਿਨ ਹਰ ਸਾਲ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਵੱਛਤਾ ਅਭਿਆਨ ਵੀ ਚਲਾਇਆ ਜਾਂਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇੱਥੋਂ ਦੇ ਮਾਤਾ ਰਾਣੀ ਚੌਕ ਨੇੜੇ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲਗਾਤਾਰ ਵੱਧ ਰਹੇ ਹਨ। ਮਹਾਮਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਹਿਤ ਬਣਾਏ ਗਏ ਇਸ ਬੁੱਤ ਦੇ ਨੇੜੇ ਹੀ ਮੰਦਰ ਬਣਿਆ ਹੋਇਆ ਹੈ ਜਿਸ ਦੇ ਬਾਹਰ ਵੱਡੀ ਗਿਣਤੀ ਬੇਘਰੇ ਲੋਕ ਦਿਨ-ਰਾਤ ਬੈਠੇ ਹੁੰਦੇ ਹਨ। ਅੱਜ ਕੱਲ੍ਹ ਸ਼ਰਾਧਾਂ ਦੇ ਦਿਨ ਚੱਲਦੇ ਹੋਣ ਕਰਕੇ ਵੱਡੀ ਗਿਣਤੀ ਲੋਕ ਸ਼ਰਧਾ ਵਸ ਇਨ੍ਹਾਂ ਬੇਘਰੇ ਲੋਕਾਂ ਨੂੰ ਖਾਣਾ ਦੇ ਕੇ ਜਾਂਦੇ ਹਨ। ਇਨ੍ਹਾਂ ਖਿੱਲਰੇ ਹੋਏ ਪੱਤਰਾਂ, ਡਿਸਪੋਜ਼ੇਬਲ ਭਾਂਡਿਆਂ ਤੇ ਸੜ ਰਹੇ ਖਾਣੇ ਕਰਕੇ ਬੁੱਤ ਕੋਲ ਢੇਰ ਲੱਗਣਾ ਸ਼ੁਰੂ ਹੋ ਗਿਆ ਹੈ। ਭਾਵੇਂ ਪ੍ਰਸਾਸ਼ਨ ਵੱਲੋਂ ਇੱਥੋਂ ਸਫਾਈ ਕਰਵਾਈ ਜਾਂਦੀ ਹੈ ਪਰ ਲੋਕਾਂ ਵੱਲੋਂ ਦੁਬਾਰਾ ਇੱਥੇ ਗੰਦਗੀ ਫੈਲਾ ਦਿੱਤੀ ਜਾਂਦੀ ਹੈ। ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਘੱਟੋ ਘੱਟ ਗਾਂਧੀ ਜਯੰਤੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਸ ਥਾਂ ’ਤੇ ਸਵੱਛਤਾ ਅਭਿਆਨ ਚਲਾਇਆ ਜਾਵੇ ਤਾਂ ਜੋ ਗੰਦਗੀ ਨਾਲ ਬਿਮਾਰੀਆਂ ਫੈਲਣ ਤੋਂ ਬਚਾਅ ਹੋ ਸਕੇ।