For the best experience, open
https://m.punjabitribuneonline.com
on your mobile browser.
Advertisement

ਧੋਖਾਧੜੀ ਦੇ ਦੋਸ਼ ਹੇਠ ਨੇਚਰ ਹਾਈਟਸ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ

09:10 AM Apr 14, 2024 IST
ਧੋਖਾਧੜੀ ਦੇ ਦੋਸ਼ ਹੇਠ ਨੇਚਰ ਹਾਈਟਸ ਕੰਪਨੀ ਦਾ ਡਾਇਰੈਕਟਰ ਗ੍ਰਿਫ਼ਤਾਰ
ਫ਼ਰੀਦਕੋਟ ਅਦਾਲਤ ਵਿੱਚ ਪੇਸ਼ੀ ਦੌਰਾਨ ਨੀਰਜ ਅਰੋੜਾ।
Advertisement

ਜਸਵੰਤ ਜੱਸ
ਫਰੀਦਕੋਟ, 13 ਅਪਰੈਲ
ਪੰਜਾਬ ਦੇ ਲੋਕਾਂ ਨੂੰ ਸ਼ਹਿਰਾਂ ਵਿੱਚ ਪਲਾਟ ਅਤੇ ਪੈਸਿਆਂ ’ਤੇ ਮਹਿੰਗਾ ਵਿਆਜ ਦੇਣ ਦਾ ਝਾਂਸਾ ਦੇ ਕੇ 800 ਕਰੋੜ ਰੁਪਏ ਹੜੱਪਣ ਦੇ ਵਿਵਾਦਾਂ ਵਿੱਚ ਘਿਰੀ ਨੇਚਰ ਹਾਈਟਸ ਕੰਪਨੀ ਦਾ ਇੱਕ ਡਾਇਰੈਕਟਰ ਪੁਲੀਸ ਨੇ ਉੱਤਰਾਖੰਡ ਤੋਂ ਕਾਬੂ ਕਰ ਲਿਆ ਹੈ ਜਿਸ ਦੀ ਪਛਾਣ ਨੀਰਜ ਅਰੋੜਾ ਵਜੋਂ ਹੋਈ ਹੈ। ਉਹ ਉੱਤਰਾਖੰਡ ਵਿੱਚ ਰਹਿ ਰਿਹਾ ਸੀ। ਨੀਰਜ ਅਰੋੜਾ ਅਤੇ ਉਸ ਦੇ 80 ਹੋਰ ਸਾਥੀਆਂ ਨੇ ਰਲ਼ ਕੇ ਨੇਚਰ ਹਾਈਟਸ ਕੰਪਨੀ ਬਣਾਈ ਸੀ ਅਤੇ ਇਨ੍ਹਾਂ ਨੇ 400 ਤੋਂ ਵੱਧ ਪਰਿਵਾਰਾਂ ਨੂੰ ਝਾਂਸਾ ਦੇ ਕੇ ਕਰੀਬ 800 ਕਰੋੜ ਰੁਪਏ ਹੜੱਪ ਕੇ ਕੰਪਨੀ ਦੇ ਹਿੱਸੇਦਾਰ ਰੂਪੋਸ਼ ਹੋ ਗਏ। ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਨੇਚਰ ਹਾਈਟਸ ਦੇ ਅਹੁਦੇਦਾਰਾਂ ਤੇ ਹਿੱਸੇਦਾਰਾਂ ਖਿਲਾਫ਼ ਠੱਗੀ ਮਾਰਨ, ਧੋਖਾ ਦੇਣ, ਅਮਾਨਤ ਹੜੱਪਣ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ਾਂ ਹੇਠ ਪੰਜਾਬ ਭਰ ਵਿੱਚ 107 ਪਰਚੇ ਦਰਜ ਹੋਏ ਸਨ ਅਤੇ ਪੁਲੀਸ ਨੇ 80 ਅਹੁਦੇਦਾਰਾਂ ਨੂੰ ਇਨ੍ਹਾਂ ਕੇਸਾਂ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਸੀ। ਪੁਲੀਸ ਨੇ ਇਨ੍ਹਾਂ ਮਾਮਲਿਆਂ ਦੀ ਪੜਤਾਲ ਦੌਰਾਨ ਨੇਚਰ ਹਾਈਟਸ ਦੇ ਹੁਣ ਤੱਕ ਕਰੀਬ 65 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਕੰਪਨੀ ਦਾ ਡਾਇਰੈਕਟਰ ਨੀਰਜ ਅਰੋੜਾ ਫਰਾਰ ਸੀ। ਨੀਰਜ ਅਰੋੜਾ ਨੂੰ ਅੱਜ ਇੱਥੇ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੂੰ ਮੁਲਜ਼ਮ ਦੀ ਕੁਝ ਜਾਇਦਾਦ ਦੇ ਸਬੂਤ ਵੀ ਮਿਲੇ ਹਨ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਕੰਪਨੀ ਦੀ ਜਾਇਦਾਦ ਕੁਰਕ ਕਰਨ ਲਈ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਜੇਕਰ ਪੰਜਾਬ ਸਰਕਾਰ ਕੰਪਨੀ ਦੀ ਜਾਇਦਾਦ ਕੁਰਕ ਕਰਨ ਵਿੱਚ ਸਫ਼ਲ ਹੋ ਜਾਂਦੀ ਹੈ ਤਾਂ ਪੀੜਤਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਮਿਲਣ ਦੀ ਆਸ ਹੈ।

Advertisement

Advertisement
Author Image

sukhwinder singh

View all posts

Advertisement
Advertisement
×