ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਤਨਖ਼ਾਹ ਤੋਂ ਵਾਂਝੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਨਵੰਬਰ
ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਨੂੰ ਪੰਜ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ, ਨਾ ਹੀ ਉਨ੍ਹਾਂ ਨੂੰ ਪਟਿਆਲਾ ’ਚ ਕੋਈ ਕੋਠੀ (ਰਿਹਾਇਸ਼) ਅਲਾਟ ਹੋਈ ਹੈ। ਇੱਥੇ ਰਿਹਾਇਸ਼ ਨਾ ਮਿਲਣ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਲੁਧਿਆਣਾ ਤੋਂ ਪਟਿਆਲਾ ਆਉਣਾ ਪੈਂਦਾ ਹੈ। 25 ਜੂਨ 2024 ਨੂੰ ਜਸਵੰਤ ਸਿੰਘ ਜ਼ਫ਼ਰ ਨੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਵਜੋਂ ਕਾਰਜ ਭਾਰ ਸੰਭਾਲਿਆ ਸੀ। ਕਾਇਦੇ ਅਨੁਸਾਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਤੁਰੰਤ ਰਹਿਣ ਲਈ ਢੁਕਵੀਂ ਰਿਹਾਇਸ਼ ਮਿਲਣੀ ਹੁੰਦੀ ਹੈ ਪਰ ਅੱਜ ਪੂਰੇ 5 ਮਹੀਨੇ ਬੀਤਣ ਮਗਰੋਂ ਵੀ ਉਨ੍ਹਾਂ ਲਈ ਰਿਹਾਇਸ਼ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਉਨ੍ਹਾਂ ਨੂੰ ਪੰਜ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ।
ਡਾਇਰੈਕਟਰ ਜਸਵੰਤ ਜ਼ਫ਼ਰ ਨੇ ਕਿਹਾ ਕਿ ਪੰਜ ਮਹੀਨੇ ਹੋ ਗਏ ਹਨ ਪਰ ਤਨਖ਼ਾਹ ਨਹੀਂ ਮਿਲੀ। ਪਟਿਆਲਾ ’ਚ ਸਰਕਾਰੀ ਰਿਹਾਇਸ਼ ਨਾ ਮਿਲਣ ਕਾਰਨ ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਦੀ ਅਫ਼ਸਰਸ਼ਾਹੀ ’ਤੇ ਦੋਸ਼ ਲਾਇਆ ਕਿ ਕਈ ਵਾਰ ਅਫ਼ਸਰਸ਼ਾਹੀ ਦੀ ਢਿੱਲਮੱਠ ਜ਼ਿਆਦਾ ਹੋ ਜਾਂਦੀ ਹੈ ਜਿਸ ਕਰਕੇ ਉਨ੍ਹਾਂ ਵਰਗੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਉਸ ਤੋਂ ਬਾਅਦ ਉਚੇਰੀ ਸਿੱਖਿਆ ਦੇ ਮੁੱਖ ਸਕੱਤਰ ਨੂੰ ਵੀ ਫੋਨ ਕੀਤਾ ਤੇ ਉਨ੍ਹਾਂ ਨੇ ਵੀ ਫ਼ੋਨ ਨਾ ਚੁੱਕਿਆ। ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਨਿੱਜੀ ਸਕੱਤਰ ਕੁਲਵਿੰਦਰ ਸਿੰਘ ਨੇ ਡਾਇਰੈਕਟਰ ਨੂੰ ਤਨਖ਼ਾਹ ਨਾ ਮਿਲਣ ਦੀ ਗੱਲ ’ਤੇ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਭਲਕ ਤੱਕ ਉਹ ਕੈਬਨਿਟ ਮੰਤਰੀ ਨਾਲ ਗੱਲ ਕਰਕੇ ਸਪਸ਼ਟ ਕਰ ਦੇਣਗੇ।
ਤਨਖਾਹ ਵਿਭਾਗ ਨੇ ਜਾਰੀ ਕਰਨੀ ਹੈ: ਡਿਪਟੀ ਸੱਕਤਰ (ਵਿੱਤ)
ਪੰਜਾਬ ਸਰਕਾਰ ਦੇ ਡਿਪਟੀ ਸਕੱਤਰ (ਵਿੱਤ) ਜਸਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਬਜਟ ਜਾਰੀ ਕੀਤਾ ਗਿਆ ਹੈ, ਤਨਖਾਹ ਵਿਭਾਗ ਨੇ ਜਾਰੀ ਕਰਨੀ ਹੈ। ਇਸੇ ਦੌਰਾਨ ਪਟਿਆਲਾ ਦੇ ਖਜ਼ਾਨਾ ਅਫ਼ਸਰ ਸਨੇਹਾ ਸੱਚਦੇਵ ਨੇ ਕਿਹਾ ਕਿ ਉਨ੍ਹਾਂ ਕੋਲ ਜਦੋਂ ਵੀ ਕਿਸੇ ਦੀ ਤਨਖਾਹ ਪਾਸ ਹੋ ਕੇ ਆਉਂਦੀ ਹੈ ਤਾਂ ਉਹ ਤੁਰੰਤ ਜਾਰੀ ਕਰ ਦਿੰਦੇ ਹਨ।