For the best experience, open
https://m.punjabitribuneonline.com
on your mobile browser.
Advertisement

ਝੋਨੇ ਦੀ ਸਿੱਧੀ ਬਿਜਾਈ ਨੇ ਪੰਜਾਬ ’ਚ ਨਹੀਂ ਲਾੲੀਆਂ ਜੜ੍ਹਾਂ

07:20 AM Jul 07, 2023 IST
ਝੋਨੇ ਦੀ ਸਿੱਧੀ ਬਿਜਾਈ ਨੇ ਪੰਜਾਬ ’ਚ ਨਹੀਂ ਲਾੲੀਆਂ ਜੜ੍ਹਾਂ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 6 ਜੁਲਾਈ
ਪੰਜਾਬ ਵਿੱਚ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ ਨਾ ਕਿਸਾਨ ਅੱਗੇ ਆਏ ਅਤੇ ਨਾ ਹੀ ਖੇਤੀ ਮਹਿਕਮੇ ਨੇ ਕੋਈ ਪਹਿਲਕਦਮੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਹਰ ਜ਼ਿਲ੍ਹੇ ਨੂੰ ਸਿੱਧੀ ਬਿਜਾਈ ਵਾਸਤੇ ਟੀਚੇ ਦਿੱਤੇ ਸਨ, ਪਰ ਸਾਹਮਣੇ ਆਏ ਨਤੀਜਿਆਂ ਅਨੁਸਾਰ ਬਹੁਤੇ ਜ਼ਿਲ੍ਹੇ ਤਾਂ ਇਨ੍ਹਾਂ ਟੀਚਿਆਂ ਦੇ ਨੇੜੇ ਵੀ ਨਹੀਂ ਪੁੱਜ ਸਕੇ ਹਨ। ਸਮੁੱਚੇ ਪੰਜਾਬ ਵਿੱਚ ਸਿੱਧੀ ਬਿਜਾਈ ਹੇਠ ਕਰੀਬ ਪੰਜ ਲੱਖ ਏਕੜ ਰਕਬਾ ਲਿਆਉਣ ਦਾ ਟੀਚਾ ਤੈਅ ਕੀਤਾ ਗਿਆ ਸੀ। ਮਿਥੇ ਟੀਚਿਆਂ ਦੇ ਉਲਟ ਸਿਰਫ 1.49 ਲੱਖ ਏਕੜ ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਹੋਈ ਹੈ, ਜੋ ਸਿਰਫ 29.83 ਫੀਸਦ ਹੀ ਬਣਦਾ ਹੈ। ਸੂਬਾ ਸਰਕਾਰ ਵੱਲੋਂ ਸਿੱਧੀ ਬਿਜਾਈ ਬਦਲੇ ਪ੍ਰਤੀ ਏਕੜ 1500 ਰੁਪਏ ਵਿੱਤੀ ਮਦਦ ਦੇਣ ਦਾ ਐਲਾਨ ਵੀ ਰੰਗ ਨਹੀਂ ਲਿਆ ਸਕਿਆ। ਦੂਜੇ ਪਾਸੇ ਹਰਿਆਣਾ ਵਿੱਚ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਮਿਥੇ ਟੀਚਿਆਂ ਦੇ ਉਲਟ ਰਿਕਾਰਡ ਤੋੜ ਦਿੱਤੇ ਹਨ। ਹਰਿਆਣਾ ਵਿੱਚ ਇਸ ਵਾਰ 2.25 ਲੱਖ ਏਕੜ ਰਕਬੇ ਵਿੱਚ ਸਿੱਧੀ ਬਿਜਾਈ ਦਾ ਟੀਚਾ ਤੈਅ ਕੀਤਾ ਗਿਆ ਸੀ, ਜਦਕਿ ਹਰਿਆਣਾ ਦੇ ਕਿਸਾਨਾਂ ਨੇ 3.11 ਲੱਖ ਏਕੜ ਰਕਬੇ ਵਿੱਚ ਸਿੱਧੀ ਬਿਜਾਈ ਕੀਤੀ ਹੈ। ਹਰਿਆਣਾ ਸਰਕਾਰ ਵੱਲੋਂ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 4000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਂਦੀ ਹੈ। ਪੰਜਾਬ ਦੇ ਕਿਸਾਨਾਂ ਦੇ ਮਨਾਂ ਵਿੱਚ ਉਭਰੇ ਤੌਖਲੇ ਵੀ ਖੇਤੀ ਮਹਿਕਮਾ ਦੂਰ ਨਹੀਂ ਸਕਿਆ ਹੈ। ਖੇਤੀ ਮਹਿਕਮਾ ਤਰਕ ਦਿੰਦਾ ਹੈ ਕਿ ਬੇਮੌਸਮੇਂ ਮੀਂਹ ਕਰਕੇ ਸਿੱਧੀ ਬਿਜਾਈ ਦਾ ਟੀਚਾ ਪ੍ਰਭਾਵਿਤ ਹੋਇਆ ਹੈ, ਜਦਕਿ ਕਿਸਾਨ ਆਖਦੇ ਹਨ ਕਿ ਇਹ ਮੁਸ਼ਕਲਾਂ ਬੇਲੋੜੇ ਨਦੀਨਾਂ ਕਰ ਕੇ ਪੈਦਾ ਹੁੰਦੀਆਂ ਹਨ, ਜਿਸ ਕਰਕੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ ਅਤੇ ਝਾੜ ਵੀ ਪ੍ਰਭਾਵਿਤ ਹੁੰਦਾ ਹੈ। ਪੰਜਾਬ ਵਿੱਚ ਇਸ ਵਾਰ ਦੂਸਰਾ ਸਾਲ ਹੈ ਜਦੋਂ ਸਰਕਾਰ ਸਿੱਧੀ ਬਿਜਾਈ ਵਿੱਚ ਮੱਲ ਨਹੀਂ ਮਾਰ ਸਕੀ ਹੈ। ਪੰਜਾਬ ਦੇ 11 ਜ਼ਿਲ੍ਹਿਆਂ ਨੇ ਮਿਥੇ ਟੀਚੇ ਦੇ ਮੁਕਾਬਲੇ ਸਿਰਫ 10 ਫੀਸਦ ਸਿੱਧੀ ਬਿਜਾਈ ਹੀ ਕੀਤੀ ਹੈ।
ਸਿੱਧੀ ਬਿਜਾਈ ਵਿੱਚ ਸਭ ਤੋਂ ਵੱਧ ਫ਼ਤਹਿਗੜ੍ਹ ਸਾਹਿਬ, ਹੁਸ਼ਿਆਰਪੁਰ, ਕਪੂਰਥਲਾ ਅਤੇ ਰੋਪੜ ਜ਼ਿਲ੍ਹਾ ਪੱਛੜੇ ਹਨ, ਜਿਥੇ ਸਿੱਧੀ ਬਿਜਾਈ ਦਾ ਸਿਰਫ਼ ਪੰਜ ਫੀਸਦ ਟੀਚਾ ਹੀ ਪੂਰਾ ਹੋ ਸਕਿਆ ਹੈ। ਪੰਜ ਤੋਂ ਦਸ ਫੀਸਦ ਟੀਚਾ ਪੂਰਾ ਕਰਨ ਵਾਲੇ ਜ਼ਿਲ੍ਹਿਆਂ ਵਿੱਚ ਬਰਨਾਲਾ, ਗੁਰਦਾਸਪੁਰ, ਜਲੰਧਰ, ਮੋਗਾ, ਪਠਾਨਕੋਟ, ਨਵਾਂ ਸ਼ਹਿਰ ਤੇ ਤਰਨ ਤਾਰਨ ਸ਼ਾਮਲ ਹਨ। ਇਸ ਮਾਮਲੇ ਵਿੱਚ ਸਾਰੇ ਸੂਬੇ ’ਚੋਂ ਸਭ ਤੋਂ ਪਿੱਛੇ ਹੁਸ਼ਿਆਰਪੁਰ ਜ਼ਿਲ੍ਹਾ ਹੈ, ਜਿਸ ਨੂੰ 18300 ਏਕੜ ਸਿੱਧੀ ਬਿਜਾਈ ਦਾ ਟੀਚਾ ਦਿੱਤਾ ਗਿਆ ਸੀ, ਪਰ ੲਿਥੇ ਸਿਰਫ 587 ਏਕੜ ਰਕਬੇ ’ਤੇ ਹੀ ਸਿੱਧੀ ਬਿਜਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਨੇ ਵੀ ਮਿਥੇ ਟੀਚੇ 33290 ਏਕੜ ਦੇ ਮੁਕਾਬਲੇ ਸਿਰਫ਼ 4523 ਏਕੜ ਰਕਬੇ ਵਿੱਚ ਹੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਪਿਛਲੇ ਸਾਲ ਪੰਜਾਬ ਵਿੱਚ 1.69 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ ਪਰ ਇਸ ਸਾਲ ਇਹ ਅੰਕੜਾ ਕਾਫ਼ੀ ਘੱਟ ਰਿਹਾ ਹੈ। ‘ਆਪ’ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਵਰ੍ਹੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 30,553 ਕਿਸਾਨਾਂ ਨੂੰ 25.25 ਕਰੋੜ ਰੁਪਏ ਦੀ ਮਾਲੀ ਮਦਦ ਦਿੱਤੀ ਸੀ ਤੇ ਇਸ ਵਾਰ ਇਹ ਮਦਦ ਹਾਲੇ ਦਿੱਤੀ ਜਾਣੀ ਬਾਕੀ ਹੈ।

Advertisement

ਮੁਕਤਸਰ ਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਨੇ ਰਿਕਾਰਡ ਤੋੜੇ
ਪੰਜਾਬ ਦੇ ਦੋ ਜ਼ਿਲ੍ਹੇ ਅਜਿਹੇ ਹਨ, ਜਿਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਨੇ ਦਿੱਤੇ ਟੀਚਿਆਂ ਤੋਂ ਕਿਤੇ ਜ਼ਿਆਦਾ ਰਕਬੇ ਵਿਚ ਸਿੱਧੀ ਬਿਜਾਈ ਕੀਤੀ ਹੈ। ਜ਼ਿਲ੍ਹਾ ਫਾਜ਼ਿਲਕਾ ਨੂੰ 32710 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਦਾ ਟੀਚਾ ਦਿੱਤਾ ਗਿਆ ਸੀ, ਜਦਕਿ ਇਥੇ 42,630 ਏਕੜ ਵਿੱਚ ਸਿੱਧੀ ਬਿਜਾਈ ਹੋਈ ਹੈ। ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਨੇ 38930 ਏਕੜ ਦੇ ਟੀਚੇ ਦੇ ਮੁਕਾਬਲੇ 45857 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਕੀਤੀ ਹੈ।

Advertisement

Advertisement
Tags :
Author Image

sukhwinder singh

View all posts

Advertisement