ਸਖ਼ਤ ਜਾਂਚ ਕਾਰਨ ਕੈਨੇਡਾ-ਭਾਰਤ ਵਿਚਾਲੇ ਸਿੱਧੀਆਂ ਉਡਾਣਾਂ ਪ੍ਰਭਾਵਿਤ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 21 ਨਵੰਬਰ
ਕੈਨੇਡਾ ਸਰਕਾਰ ਦੇ ਖ਼ੁਫ਼ੀਆ ਵਿਭਾਗ ਨੂੰ ਹਿੰਸਕ ਗਰੋਹਾਂ ਦੇ ਕਥਿਤ ਮਨਸੂਬਿਆਂ ਦੀ ਸੂਹ ਲੱਗਣ ਮਗਰੋਂ ਭਾਰਤ ਜਾਣ ਵਾਲੀਆਂ ਸਿੱਧੀਆਂ ਉਡਾਣਾਂ ਦੇ ਮੁਸਾਫਰਾਂ ਦੀ ਸਖ਼ਤ ਜਾਂਚ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਵਧਣ ਦੇ ਨਾਲ-ਨਾਲ ਉਡਾਣਾਂ ਵੀ ਪ੍ਰਭਾਵਿਤ ਹੋਣ ਲੱਗੀਆਂ ਹਨ। ਹਾਲਾਂਕਿ ਭਾਰਤ ਤੋਂ ਕੈਨੇਡਾ ਆਉਣ ਵਾਲੀਆਂ ਉਡਾਣਾਂ ਠੀਕ ਚੱਲ ਰਹੀਆਂ ਹਨ।
ਵਿਸ਼ੇਸ਼ ਜਾਂਚ ਕਾਰਨ ਜਹਾਜ਼ ਮਿੱਥੇ ਸਮੇਂ ’ਤੇ ਉਡਾਣ ਭਰਨ ਤੋਂ ਪੱਛੜ ਰਹੇ ਹਨ। ਟੋਰਾਂਟੋ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਵੀਰਵਾਰ ਨੂੰ ਦਿੱਲੀ ਪੁੱਜੇ ਮੁਸਾਫਰ ਜੋੜੇ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਕਾਰਨ ਉਨ੍ਹਾਂ ਨੂੰ ਜਹਾਜ਼ ਤੱਕ ਪੁੱਜਣ ਲਈ ਲੰਮੀ ਕਤਾਰ ਵਿੱਚ ਡੇਢ ਘੰਟਾ ਖੜਨਾ ਪਿਆ। ਬੋਰਡਿੰਗ ਪਾਸ ਲੈ ਚੁੱਕੇ ਸਾਰੇ ਯਾਤਰੀ ਸਮੇਂ ਸਿਰ ਸਵਾਰ ਨਾ ਹੋਣ ਕਰਕੇ ਜਹਾਜ਼ ਟੋਰਾਂਟੋ ਤੋਂ ਇੱਕ ਘੰਟਾ ਦੇਰੀ ਨਾਲ ਉੱਡਿਆ ਤੇ ਰਸਤੇ ਵਿੱਚ ਪਾਇਲਟ ਵੱਲੋਂ ਉਨ੍ਹਾਂ ਨੂੰ ਆਲੇ-ਦੁਆਲੇ ਬੈਠੇ ਯਾਤਰੀਆਂ ਦੀਆਂ ਗਤੀਵਿਧੀਆਂ ਬਾਰੇ ਚੌਕਸ ਰਹਿਣ ਕਿਹਾ ਗਿਆ। ਕੁਝ ਹੋਰਾਂ ਤੋਂ ਵੀ ਅਜਿਹੀ ਜਾਣਕਾਰੀ ਮਿਲੀ। ਇਸੇ ਤਰ੍ਹਾਂ ਵੈਨਕੂਵਰ ਤੋਂ ਦਿੱਲੀ ਜਾਣ ਵਾਲਾ ਜਹਾਜ਼ ਸਵੇਰੇ 10 ਵਜੇ ਦੀ ਥਾਂ ਬਾਅਦ ਦੁਪਹਿਰ ਡੇਢ ਵਜੇ ਉਡਾਣ ਭਰ ਸਕਿਆ। ਏਅਰ ਇੰਡੀਆ ਦੇ ਸਥਾਨਕ ਦਫ਼ਤਰ ਦੇ ਕਰਮਚਾਰੀ ਨੇ ਉਡਾਣ ਲਈ ਦੇਰੀ ਸੁਰੱਖਿਆ ਕਾਰਨਾਂ ਕਰਕੇ ਹੋਣ ਦੀ ਗੱਲ ਕਹਿ ਕੇ ਫੋਨ ਬੰਦ ਕਰ ਦਿੱਤਾ।
ਟਰਾਂਸਪੋਰਟ ਮੰਤਰੀ ਦੀਆਂ ਹਦਾਇਤਾਂ ਮਗਰੋਂ ਚੌਕਸੀ ਵਧਾਈ
ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਅਨੰਦ ਵੱਲੋਂ ਸੁਰੱਖਿਆ ਅਮਲੇ ਨੂੰ ਦਿੱਤੀਆਂ ਸਖਤ ਹਦਾਇਤਾਂ ਇਸ ਗੱਲ ਦਾ ਸੰਕੇਤ ਹਨ ਕਿ ਸੂਹੀਆ ਤੰਤਰ ਨੂੰ ਕਿਸੇ ਹਿੰਸਕ ਗਰੁੱਪ ਦੇ ਮਨਸੂਬੇ ਦੀ ਭਿਣਕ ਪਈ ਹੋ ਸਕਦੀ ਹੈ ਤਾਂ ਜੋ ਸਰਕਾਰ ਸਮਾਂ ਰਹਿੰਦਿਆਂ ਮਨਸੂਬੇ ਅਸਫ਼ਲ ਕਰਨ ਲਈ ਤਿਆਰ ਹੋ ਸਕੇ। ਪਿਛਲੇ ਮਹੀਨਿਆਂ ਵਿੱਚ ਐੱਸਐੱਫਜੇ ਦੇ ਆਗੂ ਵੱਲੋਂ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਧਮਕੀਆਂ ਮੌਕੇ ਵੀ ਸਰਕਾਰ ਵੱਲੋਂ ਐਨੀ ਸਖ਼ਤ ਜਾਂਚ ਨਹੀਂ ਕਰਵਾਈ ਜਾਂਦੀ ਸੀ, ਜੋ ਇਸ ਗੱਲ ਦੀ ਗਵਾਹੀ ਬਣਦੀ ਹੈ ਕਿ ਇਸ ਵਿਸ਼ੇਸ਼ ਜਾਂਚ ਪਿੱਛੇ ਖਾਸ ਕਾਰਨ ਹੋਵੇਗਾ।