ਡਿੱਪਸ ਗਰੁੱਪ ਦੇ ਮਾਲਕ ਨੂੰ ਸਕੂਲ ਦੇ ਸੌਦੇ ਦੇ ਵਿਵਾਦ ਕਾਰਨ ਜਾਨੋਂ ਮਾਰਨ ਦੀ ਧਮਕੀ ਮਿਲੀ
ਹਤਿੰਦਰ ਮਹਿਤਾ
ਜਲੰਧਰ, 25 ਜੁਲਾਈ
ਡਿੱਪਸ ਗਰੁੱਪ ਦੇ ਮਾਲਕ ਤਰਵਿੰਦਰ ਸਿੰਘ ਰਾਜੂ ਨੂੰ ਸਕੂਲ ਦੇ ਸੌਦੇ ਦੇ ਵਿਵਾਦ ਦੇ ਸਬੰਧ ਵਿੱਚ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਨਵੀ ਬਾਰਾਦਰੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਵਿਰਕ ਐਨਕਲੇਵ ਦੇ ਰਹਿਣ ਵਾਲੇ ਈਸ਼ਾਨ ਮੱਕੜ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਹ ਘਟਨਾ 26 ਅਪਰੈਲ ਨੂੰ ਡੀਸੀ ਦਫ਼ਤਰ ਦੇ ਗੇਟ ਨੰਬਰ 4 ਦੇ ਬਾਹਰ ਵਾਪਰੀ ਸੀ। ਤਰਵਿੰਦਰ ਸਿੰਘ ਰਾਜੂ ਨੇ ਸਕੂਲ ਡੀਲ ਵਿਵਾਦ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਸਬੰਧੀ ਉਸ ਸਮੇਂ ਦੇ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਰਾਜੂ ਅਨੁਸਾਰ ਮੱਕੜ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ 1 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਹੋਣ ’ਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਏਡੀਸੀਪੀ ਰੈਂਕ ਦੇ ਅਧਿਕਾਰੀ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਦੌਰਾਨ ਇਹ ਗੱਲ ਸਹੀ ਪਾਈ ਗਈ। ਅਧਿਕਾਰੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਸ਼ਿਕਾਇਤਕਰਤਾ ਅਤੇ ਮੁਲਜ਼ਮ ਧਿਰ ਨੇ ਜਲਾਲਾਬਾਦ ਵਿੱਚ ਸਕੂਲ ਦੀ ਵਿਕਰੀ ਲਈ ਸਮਝੌਤਾ ਕੀਤਾ ਸੀ। ਇਸ ਦੌਰਾਨ ਸ਼ਿਕਾਇਤਕਰਤਾ ਦੇ ਪਿਤਾ ਦਾ ਦੇਹਾਂਤ ਹੋ ਗਿਆ। ਮਗਰੋਂ ਪਾਵਰ ਆਫ਼ ਅਟਾਰਨੀ ਦੀ ਵਰਤੋਂ ਕਰਕੇ ਸਕੂਲ ਦੀ ਰਜਿਸਟਰੀ ਪੂਰੀ ਕੀਤੀ ਗਈ। ਏਡੀਸੀਪੀ ਨੇ ਨੋਟ ਕੀਤਾ ਕਿ ਸ਼ਿਕਾਇਤਕਰਤਾ ਨੇ ਸੌਦੇ ਲਈ ਅਦਾਇਗੀ ਕੀਤੀ ਸੀ ਪਰ ਦੋਸ਼ੀ ਧਿਰਾਂ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਕਿ ਸਕੂਲ ਨੂੰ ਵੇਚਣ ਦੀ ਬਜਾਏ ਲੀਜ਼ ’ਤੇ ਦਿੱਤਾ ਗਿਆ ਸੀ। ਹਾਲਾਂਕਿ, ਜਾਂਚ ਵਿੱਚ ਲੀਜ਼ ਸਮਝੌਤੇ ਦਾ ਕੋਈ ਸਬੂਤ ਨਹੀਂ ਮਿਲਿਆ।